ਲੁਧਿਆਣਾ ਦੀ ਭਾਵਨਾ ਸ਼ਰਮਾ ਬਣੀ ਮਿਸ ਪੀ. ਟੀ. ਸੀ. ਪੰਜਾਬੀ

02/12/2018 7:17:04 AM

ਚੰਡੀਗੜ੍ਹ (ਬੀ. ਐੱਨ. 298/2) - ਪੰਜਾਬੀ ਮੁਟਿਆਰਾਂ ਦੇ ਸੁਹੱਪਣ ਦੀ ਸਮੁੱਚੀ ਦੁਨੀਆ ਕਾਇਲ ਹੈ। ਸੁਹੱਪਣ ਨੂੰ ਹੋਰ ਨਿਖਾਰਨ ਤੇ ਉਭਾਰਨ ਲਈ ਪੀ. ਟੀ. ਸੀ. ਪੰਜਾਬੀ ਨੇ ਟੈਲੇਂਟ ਹੰਟ ਸ਼ੋਅ 'ਮਿਸ ਪੀ. ਟੀ. ਸੀ. ਪੰਜਾਬੀ' ਦਾ ਅਹਿਮ ਉਪਰਾਲਾ ਕੀਤਾ ਹੈ। ਪੰਜਾਬੀ ਮਨੋਰੰਜਨ ਦਾ ਸਭ ਤੋਂ ਮੋਹਰੀ ਚੈਨਲ ਪੀ. ਟੀ. ਸੀ. ਪੰਜਾਬੀ ਦਾ ਇਹ ਸਾਲਾਨਾ ਸ਼ੋਅ ਇਕ ਗਲੋਬਲ ਪਲੇਟਫਾਰਮ ਹੈ, ਜੋ ਪੰਜਾਬੀ ਮੁਟਿਆਰਾਂ ਦੀ ਅਸਲੀ ਪ੍ਰਤਿਭਾ ਤੇ ਸੁੰਦਰਤਾ ਨੂੰ ਨਿਖਾਰਦਾ ਹੈ ਅਤੇ ਉਨ੍ਹਾਂ ਨੂੰ ਸ਼ਾਨੋ-ਸ਼ੌਕਤ ਤੇ ਵੱਖਰੀ ਪਛਾਣ ਦਿਵਾਉਂਦਾ ਹੈ।ਮਿਸ ਪੀ. ਟੀ. ਸੀ. ਪੰਜਾਬੀ 2017 ਦੇ ਤਾਜ ਲਈ 10 ਚੋਣਵੀਆਂ ਮੁਟਿਆਰਾਂ ਨੇ ਇਕ-ਦੂਜੇ ਤੋਂ ਅੱਗੇ ਵਧ ਕੇ 10 ਫਰਵਰੀ ਨੂੰ ਜੀ. ਆਰ. ਡੀ. ਅਕਾਦਮੀ, ਪ੍ਰਤਾਪ ਸਿੰਘ ਵਾਲਾ ਹੰਬੜਾਂ ਰੋਡ ਲੁਧਿਆਣਾ ਵਿਖੇ ਆਪਣੇ ਹੁਨਰ ਦਾ ਮੁਜ਼ਾਹਰਾ ਕੀਤਾ। ਇਸ ਸ਼ੋਅ ਨੂੰ ਸਤਿੰਦਰ ਸੱਤੀ ਨੇ ਹੋਸਟ ਕੀਤਾ। ਸੁਖਸ਼ਿੰਦਰ ਛਿੰਦਾ, ਸੁਖਬੀਰ, ਕਮਾਲ ਖਾਨ, ਕੌਰ ਬੀ, ਰਾਜਵੀਰ ਜਵੰਦਾ, ਮੀਤ ਕੌਰ, ਨੇਹਾ ਸ਼ਰਮਾ ਤੇ ਹੋਰ ਕਈ ਮਸ਼ਹੂਰ ਕਲਾਕਾਰਾਂ ਨੇ ਇਸ ਸ਼ੋਅ ਨੂੰ ਆਪਣੀ ਸ਼ਾਨਦਾਰ ਪੇਸ਼ਕਾਰੀ ਨਾਲ ਚਾਰ ਚੰਨ ਲਾਏ।  ਸ਼ੋਅ ਦੀ ਜੇਤੂ ਮੁਟਿਆਰ ਦੀ ਚੋਣ ਲਈ ਜਿਊਰੀ 'ਚ ਸਵਿਤਾ ਭੱਟੀ, ਕਮਲਜੀਤ ਨੀਰੂ, ਗੁਰਪ੍ਰੀਤ ਘੁੱਗੀ, ਕੁਲਜਿੰਦਰ ਸਿੱਧੂ ਤੇ ਸਤਿੰਦਰ ਸਰਤਾਜ ਸ਼ਾਮਲ ਸਨ। ਸਖਤ ਮੁਕਾਬਲਿਆਂ 'ਚੋਂ 10 ਮੁਕਾਬਲੇਬਾਜ਼ ਮੁਟਿਆਰਾਂ ਨਿਕਲੀਆਂ। ਇਸ ਮੌਕੇ ਲੁਧਿਆਣੇ ਦੀ ਭਾਵਨਾ ਸ਼ਰਮਾ ਨੇ 'ਮਿਸ ਪੀ. ਟੀ. ਸੀ. ਪੰਜਾਬੀ 2017' ਦਾ ਤਾਜ ਤੇ ਇਕ ਲੱਖ ਰੁਪਏ ਦਾ ਨਕਦ ਇਨਾਮ ਜਿੱਤਿਆ। ਇਸ ਸ਼ੋਅ ਦੀ ਫਸਟ ਰਨਰਅਪ ਗੁਰਦਾਸਪੁਰ ਦੀ ਰੋਮਲਪ੍ਰੀਤ ਕੌਰ ਅਤੇ ਸੈਕਿੰਡ ਰਨਰਅਪ ਫਿਲੌਰ ਦੀ ਈਸ਼ਾ ਸ਼ਰਮਾ ਨੂੰ 50-50 ਹਜ਼ਾਰ ਰੁਪਏ ਦੇ ਨਕਦ ਇਨਾਮ ਨਾਲ ਸਨਮਾਨਿਤ ਕੀਤਾ ਗਿਆ। ਇਸ ਮੌਕੇ ਰਾਜੀ ਐੱਮ. ਸ਼ਿੰਦੇ ਸੀ. ਈ. ਓ. ਤੇ ਨਿਰੇਦਸ਼ਕ ਪੀ. ਟੀ. ਸੀ. ਪੰਜਾਬੀ ਨੈੱਟਵਰਕ ਨੇ ਕਿਹਾ ਕਿ ਇਹ ਪੀ. ਟੀ. ਸੀ. ਪੰਜਾਬੀ ਦੀ ਇਕ ਪਹਿਲ ਹੈ, ਜੋ ਕੁੜੀਆਂ ਨੂੰ ਬਚਾਉਣ, ਕੰਨਿਆ ਭਰੂਣ ਹੱਤਿਆ ਤੇ ਬਾਲ ਹੱਤਿਆ ਰੋਕਣ ਲਈ ਸਮਰਪਿਤ ਹੈ। ਇਸ ਮੌਕੇ ਰਬਿੰਦਰ ਨਾਰਾਇਣ ਐੱਮ. ਡੀ. ਤੇ ਪ੍ਰਧਾਨ ਪੀ. ਟੀ. ਸੀ. ਨੈੱਟਵਰਕ ਨੇ ਕਿਹਾ ਕਿ ਮੈਂ ਬਹੁਤ ਖੁਸ਼ ਹਾਂ ਕਿ ਸਾਡੀ ਕੋਸ਼ਿਸ਼ ਨੂੰ ਭਰਵਾਂ ਹੁੰਗਾਰਾ ਮਿਲਿਆ।  


Related News