ਪਿੰਡ ਢਿਲਵਾਂ ਖੁਰਦ ਅਤੇ ਘੁਗਿਆਣਾ ਦੇ ਕਿਸਾਨਾਂ ਨੇ ਮਿਲਕੇ ਲਾਈ ਪਰਾਲੀ ਨੂੰ ਅੱਗ

Tuesday, Oct 03, 2017 - 09:27 AM (IST)

ਪਿੰਡ ਢਿਲਵਾਂ ਖੁਰਦ ਅਤੇ ਘੁਗਿਆਣਾ ਦੇ ਕਿਸਾਨਾਂ ਨੇ ਮਿਲਕੇ ਲਾਈ ਪਰਾਲੀ ਨੂੰ ਅੱਗ

ਸਾਦਿਕ (ਪਰਮਜੀਤ)-ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਆਗੂ ਜਸਪਿੰਦਰ ਸਿੰਘ ਰੁਪੱਈਆਂਵਾਲਾ ਜ਼ਿਲਾ ਪ੍ਰਧਾਨ ਫਰੀਦਕੋਟ ਦੀ ਅਗਵਾਈ ਹੇਠ ਪਿੰਡਾਂ ਦੇ ਕਿਸਾਨਾਂ ਵੱਲੋਂ ਆਪਣੇ ਐਲਾਨ ਮੁਤਾਬਕ ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮਿਲੀ ਜਾਣਕਾਰੀ ਅਨੁਸਾਰ ਪਿੰਡ ਢਿਲਵਾਂ ਖੁਰਦ ਦੇ ਕਿਸਾਨ ਲਖਵਿੰਦਰ ਸਿੰਘ ਢਿੱਲੋਂ ਨੇ 1 ਲੱਖ 70 ਹਜ਼ਾਰ ਦਾ ਚੋਪਰ ਖਰੀਦ ਕੇ ਝੋਨੇ ਦੀ ਕਟਾਈ ਤੋਂ ਬਾਅਦ ਇਸ ਸੰਦ ਨੂੰ ਪਰਾਲੀ ਸਮੇਟਣ ਲਈ ਵਰਤਿਆ ਤੇ ਚੋਪਰ ਦੀ ਵਰਤੋਂ ਤੋਂ ਬਾਅਦ ਜ਼ਮੀਨ ਨੂੰ ਵਾਹੁਣ ਲਈ ਰੋਟਾਵੇਟਰ, ਤਵੀਆਂ ਅਤੇ ਕਲਟੀਵੇਟਰ ਦੀ ਵਰਤੋਂ ਕਰਕੇ ਵੇਖ ਲਈ ਹੈ ਪਰ ਕੋਈ ਵੀ ਸੰਦ ਇਸ ਪਰਾਲੀ ਵਾਲੀ ਜ਼ਮੀਨ 'ਤੇ ਨਹੀਂ ਚੱਲਦਾ। ਚੋਪਰ ਫੇਰਨ ਤੇ ਉਸ ਦਾ ਕਾਫੀ ਡੀਜ਼ਲ ਵੀ ਖਰਚ ਆ ਗਿਆ ਅਤੇ ਇਹ ਸੰਦ ਪੂਰੀ ਤਰਾਂ ਨਾਕਾਮਯਾਬ ਰਿਹਾ ਹੈ। ਹੁਣ ਪਰਾਲੀ ਨੂੰ ਖਤਮ ਕਰਨਾ ਅਤੇ ਜ਼ਮੀਨ ਵਾਹੁਣਾ ਉਸ ਲਈ ਸਮੱਸਿਆ ਬਣ ਗਿਆ ਹੈ। ਉਸ ਨੇ ਮੌਕੇ ਤੇ ਪੱਤਰਕਾਰਾਂ ਨੂੰ ਜ਼ਮੀਨ ਵਿਚ ਤਵੀਆਂ, ਰੋਟਾਵੇਟਰ ਅਤੇ ਕਲਟੀਵੇਟਰ ਚਲਾ ਕੇ ਵੀ ਵਿਖਾਏ। ਕਿਸਾਨ ਆਗੂਆਂ ਨੇ ਮੌਕੇ ਤੇ ਪੁੱਜ ਕੇ ਪ੍ਰਸ਼ਾਸ਼ਨ ਨੂੰ ਇਸ ਕਿਸਾਨ ਦੇ ਫਾਰਮ ਤੇ ਮੌਕਾ ਵੇਖਣ ਲਈ ਸੂਚਿਤ ਕੀਤਾ ਪਰ ਕੋਈ ਵੀ ਅਧਿਕਾਰੀ ਕਾਫੀ ਦੇਰ ਉਡੀਕ ਤੋਂ ਬਾਅਦ ਨਾ ਪੁੱਜਣ ਤੇ ਕਿਸਾਨ ਆਗੂਆਂ ਨੇ ਪਰਾਲੀ ਨੂੰ ਅੱਗ ਲਾ ਦਿੱਤੀ। ਕਿਸਾਨ ਆਗੂਆਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਜੇਕਰ ਪਰਾਲੀ ਦਾ ਕੋਈ ਹੱਲ ਕਰਨਾ ਹੈ ਤਾਂ ਕਿਸਾਨਾ ਨੂੰ ਪ੍ਰਤੀ ਏਕੜ 5000 ਰੁਪਏ ਮੁਆਵਜ਼ਾ ਜਾਂ 300 ਰੁਪਏ ਪ੍ਰਤੀ ਕੁਇੰਟਲ ਬੋਨਸ ਦਿੱਤਾ ਜਾਵੇ, ਨਹੀਂ ਤਾਂ ਇਸਦਾ ਕਿਸਾਨਾਂ ਕੋਲ ਅੱਗ ਲਾਉਣ ਤੋਂ ਸਿਵਾਏ ਕੋਈ ਹੱਲ ਨਹੀਂ। ਜ਼ਿਲਾ ਪ੍ਰਧਾਨ ਜਸਪਿੰਦਰ ਸਿੰਘ ਨੇ ਦੱਸਿਆ ਕਿ ਸਰਕਾਰ ਗਰੀਨ ਟ੍ਰਿਬਿਊਨਲ ਦੀਆਂ ਹਦਾਇਤਾਂ ਮੁਤਾਬਕ ਫੈਸਲਾ ਪੂਰਨ ਰੂਪ ਵਿਚ ਲਾਗੂ ਨਹੀਂ ਕਰ ਸਕੀ। ਜਿਸ ਕਰਕੇ ਕਿਸਾਨ ਸਰਕਾਰ ਦੇ ਇਕ ਤਰਫਾ ਹੁਕਮ ਨੂੰ ਮੰਨਣ ਲਈ ਪਾਬੰਦ ਨਹੀਂ ਹੋਣਗੇ ਅਤੇ ਪਰਾਲੀ ਨੂੰ ਅੱਗ ਲਗਾਉਣਗੇ। ਜਿਸ ਦੀ ਸਰਕਾਰ ਖੁਦ ਜ਼ਿੰਮੇਂਵਾਰ ਹੈ। ਇਸ ਮੌਕੇ ਸੁਖਦੇਵ ਸਿੰਘ, ਮੱਖਣ ਸਿੰਘ ਡੋਡ, ਭਾਗ ਸਿੰਘ ਸੰਗਰਾਹੂਰ, ਵਜ਼ੀਰ ਸਿੰਘ ਡੋਡ, ਬਲਵੀਰ ਸਿੰਘ ਸਾਦਿਕ, ਜਸਕਰਨ ਸਿੰਘ ਘੁਗਿਆਣਾ, ਲਖਵਿੰਦਰ ਸਿੰਘ ਢਿਲਵਾਂ, ਸੁਖਚੈਨ ਸਿੰਘ,ਛਿੰਦਰਪਾਲ ਸਿੰਘ, ਮੋਹਕਮ ਸਿੰਘ ਸ਼ਿਮਰੇਵਾਲਾ ਅਤੇ ਵੱਡੀ ਗਿਣਤੀ 'ਚ ਕਿਸਾਨ ਹਾਜ਼ਰ ਸਨ।


Related News