ਪਿੰਡ ਪਤਿਆਲਾ ਦੇ ਗੁਰਿੰਦਰ ਵੀਰ ਸਿੰਘ ਨੇ 60 ਮੀਟਰ ਦੌੜ ''ਚ ਬਣਾਇਆ ਨਵਾਂ ਕੌਮੀ ਰਿਕਾਰਡ

Thursday, Mar 26, 2026 - 09:20 PM (IST)

ਪਿੰਡ ਪਤਿਆਲਾ ਦੇ ਗੁਰਿੰਦਰ ਵੀਰ ਸਿੰਘ ਨੇ 60 ਮੀਟਰ ਦੌੜ ''ਚ ਬਣਾਇਆ ਨਵਾਂ ਕੌਮੀ ਰਿਕਾਰਡ

ਟਾਂਡਾ ਉੜਮੁੜ (ਵਰਿੰਦਰ ਪੰਡਿਤ) – ਨਜ਼ਦੀਕੀ ਪਿੰਡ ਪਤਿਆਲਾ ਨਾਲ ਸੰਬੰਧਿਤ ਹੋਣਹਾਰ ਖਿਡਾਰੀ ਗੁਰਿੰਦਰ ਵੀਰ ਸਿੰਘ ਨੇ ਦੇਸ਼ ਪੱਧਰ ‘ਤੇ ਇੱਕ ਵਾਰ ਫਿਰ ਆਪਣੀ ਦੌੜ ਦੀ ਬੇਮਿਸਾਲ ਕਾਬਲੀਅਤ ਸਾਬਤ ਕਰ ਦਿੱਤੀ ਹੈ। ਪੁਲਸ ਵਿਭਾਗ ਵਿੱਚ ਤਾਇਨਾਤ ਏ.ਐਸ.ਆਈ. ਕਮਲਜੀਤ ਸਿੰਘ ਦੇ ਪੁੱਤਰ ਗੁਰਿੰਦਰ ਵੀਰ ਸਿੰਘ ਨੇ ਨੈਸ਼ਨਲ ਇੰਡੋਰ ਐਥਲੈਟਿਕਸ ਚੈਂਪੀਅਨਸ਼ਿਪ ਦੌਰਾਨ 60 ਮੀਟਰ ਦੌੜ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਨਵਾਂ ਕੌਮੀ ਰਿਕਾਰਡ ਕਾਇਮ ਕੀਤਾ ਹੈ। ਉਸਨੇ ਇਹ ਦੌੜ ਕੇਵਲ 6.60 ਸੈਕਿੰਡ ਵਿੱਚ ਪੂਰੀ ਕਰਕੇ ਸਾਰੇ ਮੁਕਾਬਲਾਬਾਜ਼ਾਂ ਨੂੰ ਪਿੱਛੇ ਛੱਡ ਦਿੱਤਾ। ਗੁਰਿੰਦਰ ਵੀਰ ਸਿੰਘ ਦੀ ਮਾਤਾ ਦਾ ਨਾਮ ਰੁਪਿੰਦਰ ਕੌਰ ਹੈ।

ਇਹ ਪ੍ਰਾਪਤੀ ਗੁਰਿੰਦਰ ਲਈ ਕੋਈ ਨਵੀਂ ਗੱਲ ਨਹੀਂ ਹੈ। ਪਿਛਲੇ ਸਾਲ ਵੀ ਉਸਨੇ 100 ਮੀਟਰ ਦੌੜ ਵਿੱਚ ਕੌਮੀ ਰਿਕਾਰਡ ਬਣਾਇਆ ਸੀ, ਜਿਸ ਨਾਲ ਉਹ ਭਾਰਤ ਦੇ ਸਭ ਤੋਂ ਤੇਜ਼ ਦੌੜਾਕਾਂ ਵਿੱਚ ਸ਼ਾਮਲ ਹੋ ਗਿਆ ਸੀ। ਲਗਾਤਾਰ ਉੱਚ ਦਰਜੇ ਦੀ ਕਾਰਗੁਜ਼ਾਰੀ ਨਾਲ ਗੁਰਿੰਦਰ ਵੀਰ ਸਿੰਘ ਹੁਣ ਭਵਿੱਖ ਵਿੱਚ ਅੰਤਰਰਾਸ਼ਟਰੀ ਪੱਧਰ ‘ਤੇ ਵੀ ਦੇਸ਼ ਦਾ ਨਾਮ ਰੋਸ਼ਨ ਕਰਨ ਲਈ ਤਿਆਰ ਨਜ਼ਰ ਆ ਰਿਹਾ ਹੈ।

ਖੇਡ ਮਾਹਿਰਾਂ ਦੇ ਅਨੁਸਾਰ, 60 ਮੀਟਰ ਦੌੜ ਵਿੱਚ ਇਹ ਸਮਾਂ ਬਹੁਤ ਹੀ ਉੱਤਮ ਮੰਨਿਆ ਜਾਂਦਾ ਹੈ ਅਤੇ ਇਸ ਨਾਲ ਉਸਦੀ ਤਿਆਰੀ, ਫਿਟਨੈੱਸ ਅਤੇ ਟੈਕਨੀਕ ਦਾ ਅੰਦਾਜ਼ਾ ਲੱਗਦਾ ਹੈ। ਕੋਚਾਂ ਦਾ ਕਹਿਣਾ ਹੈ ਕਿ ਜੇ ਇਸੇ ਤਰ੍ਹਾਂ ਮਿਹਨਤ ਜਾਰੀ ਰਹੀ ਤਾਂ ਗੁਰਿੰਦਰ ਵੀਰ ਸਿੰਘ ਅੰਤਰਰਾਸ਼ਟਰੀ ਮੁਕਾਬਲਿਆਂ ਵਿੱਚ ਵੀ ਮੈਡਲ ਜਿੱਤ ਸਕਦਾ ਹੈ। ਗੁਰਿੰਦਰ ਵੀਰ ਸਿੰਘ ਹੁਣ ਰਿਲਾਇੰਸ ਫਾਊਂਡੇਸ਼ਨ ਮੁੰਬਈ ਵਿੱਚ ਅਭਿਆਸ ਕਰਦਾ ਹੈ ਅਤੇ ਕਾਮਨ ਵੈਲਥ ਅਤੇ ਏਸ਼ੀਆਈ ਖੇਡਾਂ ਲਈ ਤਿਆਰੀ ਕਰ ਰਿਹਾ ਹੈ।

ਇਸ ਉਪਲਬਧੀ ‘ਤੇ ਇਲਾਕੇ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ ਹੈ। ਟਾਂਡਾ ਯੂਨਾਈਟਡ ਸਪੋਰਟਸ ਕਲੱਬ ਦੇ ਪ੍ਰਧਾਨ ਗੁਰਸੇਵਕ ਮਾਰਸ਼ਲ, ਸਰਪ੍ਰਸਤ ਗਗਨ ਵੈਦ, ਕੋਚ ਬ੍ਰਿਜਮੋਹਨ ਸ਼ਰਮਾ, ਕੋਚ ਕੁਲਵੰਤ ਸਿੰਘ, ਓਕਾਰ ਸਿੰਘ ਧੁੱਗਾ, ਪ੍ਰਦੀਪ ਵਿਰਲੀ, ਇੰਸਪੈਕਟਰ ਸੁਖਵਿੰਦਰ ਸਿੰਘ, ਰਜਿੰਦਰ ਸਿੰਘ ਮਾਰਸ਼ਲ, ਸੁਖਬੀਰ ਸਿੰਘ, ਰਜੇਸ਼ ਲਾਡੀ, ਰਕੇਸ਼ ਬਿੱਟੂ, ਦੀਪਕ ਸੋਂਧੀ ਅਤੇ ਕੋਚ ਬਲਜਿੰਦਰ ਸਿੰਘ ਭਿੰਡਰ ਸਮੇਤ ਕਈ ਹੋਰ ਪ੍ਰਮੁੱਖ ਹਸਤੀਆਂ ਨੇ ਗੁਰਿੰਦਰ ਨੂੰ ਵਧਾਈਆਂ ਦਿੱਤੀਆਂ ਅਤੇ ਉਸਦੇ ਚਮਕਦਾਰ ਭਵਿੱਖ ਲਈ ਸ਼ੁਭਕਾਮਨਾਵਾਂ ਪ੍ਰਗਟ ਕੀਤੀਆਂ। ਇਲਾਕੇ ਦੇ ਨੌਜਵਾਨਾਂ ਲਈ ਗੁਰਿੰਦਰ ਵੀਰ ਸਿੰਘ ਇੱਕ ਪ੍ਰੇਰਣਾ ਸਰੋਤ ਬਣ ਕੇ ਉਭਰਿਆ ਹੈ, ਜੋ ਸਾਬਤ ਕਰਦਾ ਹੈ ਕਿ ਦ੍ਰਿੜ ਨਿਸ਼ਚੇ ਅਤੇ ਲਗਨ ਨਾਲ ਕੋਈ ਵੀ ਲਕਸ਼ ਪ੍ਰਾਪਤ ਕੀਤਾ ਜਾ ਸਕਦਾ ਹੈ।
 


author

Inder Prajapati

Content Editor

Related News