ਭਾਰਤੀ ਕਿਸਾਨ ਯੂਨੀਅਨ ਨੇ ਕੀਤਾ ਡੀ. ਐੈੱਸ. ਪੀ. ਦਿਹਾਤੀ ਦੇ ਦਫਤਰ ਦਾ ਘਿਰਾਓ

Saturday, Jun 09, 2018 - 12:23 AM (IST)

ਪਟਿਆਲਾ, (ਬਲਜਿੰਦਰ)- ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਨੇ ਪੁਲਸ ਵੱਲੋਂ ਕਾਰਵਾਈ ਨਾ ਕੀਤੇ ਜਾਣੇ ਰੋਸ ਵਜੋਂ ਅੱਜ ਡੀ. ਐੈੱਸ. ਪੀ. ਦਿਹਾਤੀ ਦੇ ਦਫਤਰ ਅੱਗੇ ਧਰਨਾ ਦਿੱਤਾ। ਧਰਨਾਕਾਰੀਆਂ ਦੀ ਅਗਵਾਈ ਯੂਨੀਅਨ ਦੇ ਜ਼ਿਲਾ ਆਗੂ ਮਨਜੀਤ ਸਿੰਘ, ਜਸਵਿੰਦਰ ਸਿੰਘ ਬਰਾਸ ਤੇ ਜਸਵੰਤ ਸਿੰਘ ਸਦਰਪੁਰ ਕਰ ਰਹੇ ਸਨ।  ਇਸ ਦੌਰਾਨ ਸੰਬੋਧਨ ਕਰਦਿਆਂ ਅਮਰੀਕ ਸਿੰਘ ਗੰਢੂਆਂ ਅਤੇ ਜਗਤਾਰ ਸਿੰਘ ਕਾਲਾਝਾੜ ਨੇ ਦੱਸਿਆ ਕਿ 6 ਮਹੀਨੇ ਪਹਿਲਾਂ ਪਿੰਡ ਮੰਜਾਲ ਖੁਰਦ ਦੀ ਇਕ ਨਾਬਾਲਗ ਲੜਕੀ ਨੂੰ ਅਗਵਾ ਕਰਨ ਵਾਲੇ ਵਿਅਕਤੀਆਂ ਖਿਲਾਫ ਪੁਲਸ ਕਾਰਵਾਈ ਨਹੀਂ ਕਰ ਰਹੀ। ਲੜਕੀ ਦੀ ਮਾਂ ਸਰਬਜੀਤ ਕੌਰ ਅਧਿਕਾਰੀਆਂ ਦੇ ਗੇੜੇ ਮਾਰ-ਮਾਰ ਕੇ ਥੱਕ ਗਈ ਹੈ। ਸਿਰਫ ਇਕ ਵਿਅਕਤੀ ਖਿਲਾਫ ਹੀ ਕੇਸ ਦਰਜ ਕੀਤਾ ਗਿਆ ਹੈ। ਬਾਕੀਆਂ ਦੇ ਨਾਂ ਦੱਸਣ ਦੇ ਬਾਵਜੂਦ ਉਨ੍ਹਾਂ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਗਈ। ਜਦੋਂ ਸਰਬਜੀਤ ਕੌਰ ਨੂੰ ਇਨਸਾਫ ਨਾ ਮਿਲਿਆ ਤਾਂ ਉਨ੍ਹਾਂ ਭਾਰਤੀ ਕਿਸਾਨ ਯੂਨੀਅਨ ਨਾਲ ਸੰਪਰਕ ਕੀਤਾ। ਜਥੇਬੰਦੀ ਨੇ ਪਿੰਡ ਅਤੇ ਪੁਲਸ ਕੋਲ ਜਾ ਕੇ ਜਾਣਕਾਰੀ ਇਕੱਠੀ ਕੀਤੀ। ਪੁਲਸ ਨੂੰ ਕਿਹਾ ਕਿ ਜੇਕਰ ਲੜਕੀ ਸਾਹਮਣੇ ਆ ਕੇ ਜਾਂ ਫੇਰ ਫੋਨ 'ਤੇ ਇਹ ਕਹਿ ਦੇਵੇ ਕਿ ਉਹ ਆਪਣੀ ਮਾਂ ਨਾਲ ਜਾਣ ਨੂੰ ਤਿਆਰ ਨਹੀਂ ਤਾਂ ਉਹ ਕੇਸ ਵਾਪਸ ਲੈਣ ਦੀ ਗਾਰੰਟੀ ਲੈਂਦੇ ਹਨ ਪਰ ਪੁਲਸ ਦੀ ਢਿੱਲੀ ਕਾਰਗੁਜ਼ਾਰੀ ਕਾਰਨ ਕੁਝ ਨਹੀਂ ਹੋਇਆ। ਇਥੋਂ ਤੱਕ ਕਿ ਜਦੋਂ ਬਲਬੇੜਾ ਚੌਕੀ ਬਾਹਰ ਧਰਨਾ ਦਿੱਤਾ ਗਿਆ ਤਾਂ ਡੀ. ਐੈੱਸ. ਪੀ. ਅਤੇ ਐੈੱਸ. ਐੈੱਚ. ਓ. ਵੱਲੋਂ 3 ਦਿਨਾਂ ਵਿਚ ਕਾਰਵਾਈ ਦਾ ਭਰੋਸਾ ਦਿੱਤਾ ਗਿਆ ਸੀ। 
ਕਿਸਾਨ ਆਗੂਆਂ ਨੇ ਕਿਹਾ ਕਿ ਹੱਦ ਉਸ ਸਮੇਂ ਹੋ ਗਈ ਜਦੋਂ ਲੜਕੀ ਦੀ ਮਾਂ ਸਰਬਜੀਤ ਕੌਰ ਫੋਟੋਸਟੇਟ ਕਰਵਾਉਣ ਜਾ ਰਹੀ ਸੀ ਤਾਂ ਜਿਹੜੇ ਵਿਅਕਤੀ ਖਿਲਾਫ ਕੇਸ ਦਰਜ ਹੈ, ਉਸ ਨੇ ਸਰਬਜੀਤ ਕੌਰ ਦੇ ਕੱਪੜੇ ਫਾੜ ਦਿੱਤੇ। ਫਿਰ ਵੀ ਪੁਲਸ ਨੇ ਕੋਈ ਕਾਰਵਾਈ ਨਾ ਕੀਤੀ। ਉਲਟਾ ਮਹਿਲਾ 'ਤੇ ਸਮਝੌਤਾ ਕਰਨ ਲਈ ਦਬਾਅ ਪਾਇਆ ਜਾ ਰਿਹਾ ਹੈ। ਕਿਸਾਨ ਆਗੂਆਂ ਨੇ ਐਲਾਨ ਕੀਤਾ ਕਿ ਜਦੋਂ ਤੱਕ ਲੜਕੀ ਨੂੰ ਬਰਾਮਦ ਕਰ ਕੇ ਪਰਿਵਾਰ ਦੇ ਹਵਾਲੇ ਨਹੀਂ ਕੀਤਾ ਜਾਂਦਾ ਅਤੇ ਅਗਵਾ ਕਰਨ ਵਾਲੇ ਵਿਅਕਤੀਆਂ ਖਿਲਾਫ ਕਾਰਵਾਈ ਨਹੀਂ ਹੁੰਦੀ, ਉਦੋਂ ਤੱਕ ਸੰਘਰਸ਼ ਜਾਰੀ ਰਹੇਗਾ। ਧਰਨੇ ਨੂੰ ਗੁਰਦੇਵ ਸਿੰਘ ਗੱਜੂਮਾਜਰਾ, ਅਮਰੀਕ ਸਿੰਘ ਘੱਗਾ, ਲਾਭ ਸਿੰਘ ਗਾਜੇਵਾਸ, ਅਜਾਇਬ ਸਿੰਘ, ਮਨਜੀਤ ਸਿੰਘ ਘਰਾਚੋਂ, ਪਰਵਿੰਦਰ ਸਿੰਘ, ਹਰਬੰਸ ਸਿੰਘ ਲੱਡਾ, ਹਰਜਿੰਦਰ ਸਿੰਘ ਤੇ ਸਰਬਜੋਤ ਸਿੰਘ ਨੇ ਵੀ ਸੰਬੋਧਨ ਕੀਤਾ।
ਕੀ ਕਹਿੰਦੇ ਹਨ ਐੈੱਸ. ਐੈੱਚ. ਓ. ਟਿਵਾਣਾ?
ਥਾਣਾ ਸਦਰ ਪਟਿਆਲਾ ਦੇ ਐੈੱਸ. ਐੈੱਚ. ਓ. ਜਸਵਿੰਦਰ ਸਿੰਘ ਟਿਵਾਣਾ ਦਾ ਕਹਿਣਾ ਹੈ ਕਿ ਮਾਮਲਾ ਅਦਾਲਤ ਦੇ ਵਿਚਾਰ ਅਧੀਨ ਹੈ। ਪਹਿਲਾਂ ਲੜਕੀ ਨੇ ਕੋਰਟ ਮੈਰਿਜ ਕਰਵਾ ਲਈ। ਅਦਾਲਤ ਨੇ ਐੱਸ. ਐੈੱਸ. ਪੀ. ਗੁਰਦਾਸਪੁਰ ਨੂੰ ਪ੍ਰੋਟੈਕਸ਼ਨ ਲਈ ਵੀ ਲਿਖਿਆ ਹੈ। ਦੂਜਾ ਜਿਹੜੇ ਲੜਕੀ ਦੀ ਮਾਂ ਵੱਲੋਂ ਨਾਬਾਲਗ ਦੱਸ ਕੇ ਲੜਕੀ ਦੀ ਬਰਾਮਦਗੀ ਸਬੰਧੀ ਰਿੱਟ ਪਾਈ ਗਈ ਹੈ, ਉਸ 'ਤੇ ਕੋਈ ਫੈਸਲਾ ਨਹੀਂ ਆਇਆ। ਤੀਜਾ ਲੜਕਾ ਕੋਰਟ ਤੋਂ ਆਰਡਰ ਲੈ ਕੇ ਇਨਵੈਸਟੀਗੇਸ਼ਨ ਜੁਆਇਨ ਕਰ ਗਿਆ ਸੀ ਅਤੇ ਉਹ ਇਕ ਮਾਮਲੇ ਵਿਚ ਪੀ. ਓ. ਹੋਣ ਕਰ ਕੇ ਉਸ ਨੂੰ ਗ੍ਰਿਫਤਾਰ ਕਰ ਕੇ ਪੁਲਸ ਹਵਾਲੇ ਕਰ ਦਿੱਤਾ ਗਿਆ। ਅਦਾਲਤ ਦਾ ਜੋ ਵੀ ਹੁਕਮ ਆਵੇਗਾ, ਉਸ ਮੁਤਾਬਕ ਕਾਰਵਾਈ ਕੀਤੀ ਜਾਵੇਗੀ। 


Related News