ਭਾਰਤੀ ਕਿਸਾਨ ਯੂਨੀਅਨ ਨੇ ਆਪਣੀਆਂ ਮੰਗਾਂ ਸਬੰਧੀ ਸੌਂਪਿਆ ਡੀ.ਸੀ. ਨੂੰ ਮੰਗ ਪੱਤਰ
Wednesday, Oct 04, 2017 - 05:00 PM (IST)
ਸੰਗਰੂਰ (ਵਿਵੇਕ ਸਿੰਧਵਾਨੀ, ਯਾਦਵਿੰਦਰ) – ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਵਲੋਂ ਅੱਜ ਸਾਰੇ ਜ਼ਿਲ੍ਹਾ ਹੈਡਕੁਆਟਰਾਂ ਤੇ ਡੀ. ਸੀ. ਨੂੰ ਮੰਗ ਪੱਤਰ ਦੇਣ ਦਾ ਪ੍ਰੋਗਰਾਮ ਉਲੀਕਿਆ ਗਿਆ ਸੀ। ਸੰਗਰੂਰ ਵਿਖੇ ਜ਼ਿਲ੍ਹਾ ਪ੍ਰਧਾਨ ਬਿਕਰਮਜੀਤਸਿੰਘ ਲੌਂਗੋਵਾਲ ਦੀ ਅਗਵਾਈ 'ਚ ਕਿਸਾਨਾਂ ਦੇ ਵਫਦ ਨੇ ਡਿਪਟੀ ਕਮਿਸ਼ਨਰ ਸੰਗਰੂਰ ਨੂੰ ਮੰਗ ਪੱਤਰ ਦੇ ਕੇ ਕਿਸਾਨਾਂ ਨੂੰ ਦਰਪੇਸ਼ ਮੁਸ਼ਕਿਲਾਂ ਦਾ ਹੱਲ ਕਰਨ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਨਰਮੇ ਦੀ ਸਰਕਾਰੀ ਖਰੀਦ ਸ਼ੁਰੂ ਕਰਵਾਈ ਜਾਵੇ ਕਿਉਂਕਿ ਮੰਡੀਆਂ 'ਚ ਕਿਸੇ ਸਰਕਾਰੀ ਏਜੰਸੀ ਦੀ ਖਰੀਦ ਨਾ ਹੋਣ ਕਰਕੇ ਪ੍ਰਾਈਵੇਟ ਵਪਾਰੀਆਂ ਵੱਲੋਂ ਕਿਸਾਨਾਂ ਦੀ ਭਾਰੀ ਲੁੱਟ ਕੀਤੀ ਜਾ ਰਹੀ ਹੈ ਤੇ ਨਰਮਾ 500 ਰੁਪੈ ਕੁਇੰਟਲ ਘਾਟੇ ਨਾਲ ਖਰੀਦਿਆ ਜਾ ਰਿਹਾ ਹੈ। ਬਨਸਪਤੀ ਦੀ ਸਰਕਾਰੀ ਖਰੀਦ ਸ਼ੁਰੂ ਕਰਵਾਈ ਜਾਵੇ, ਝੋਨੇ ਦੀ ਨਮੀ ਦੀ ਹੱਦ ਵਧਾ ਕੇ 22 ਪ੍ਰਤੀਸ਼ਤ ਕੀਤੀ ਜਾਵੇ। ਕਿਸਾਨਾਂ ਤੋਂ ਨਹਿਰੀ ਪਾਣੀ ਦਾ ਮਾਮਲਾ ਉਗਰਾਹੁਣਾ ਬੰਦ ਕੀਤਾ ਜਾਵੇ। ਗੰਨੇ ਦੀ ਬਕਾਇਆ ਰਕਮ ਤੁਰੰਤ ਦਿੱਤੀ ਜਾਵੇ। ਖੇਤੀ ਮੋਟਰਾਂ ਤੇ ਲਗਾਏ ਜਾ ਰਹੇ ਬਿਜਲੀ ਮੀਟਰ ਤੁਰੰਤ ਬੰਦ ਕੀਤੇ ਜਾਣੇ। ਅਵਾਰਾ ਪਸ਼ੂਆਂ ਦਾ ਤੁਰੰਤ ਹੱਲ ਕੀਤਾ ਜਾਵੇ ਜੋ ਫਸਲਾਂ ਦਾ ਵੱਡੇ ਪੱਧਰ ਤੇ ਨੁਕਸਾਨ ਤਾਂ ਕਰ ਹੀ ਰਹੇ ਹਨ ਨਾਲ ਹੀ ਕਈ ਵਾਰ ਜਾਨੀ ਨੁਕਸਾਨ ਵੀ ਕਰਦੇ ਹਨ। ਪਰਾਲੀ ਦੇ ਮੁੱਦੇ 'ਤੇ ਬੋਲਦਿਆਂ ਕਿਸਾਨ ਆਗੂ ਜਸਵੀਰ ਸਿੰਘ ਨੰਦਗੜ੍ਹ ਨੇ ਕਿਹਾ ਕਿ ਆਲੂਆਂ ਦੀ ਬਿਜਾਈ ਅੱਗ ਲਾਉਣ ਤੋਂ ਬਿਨਾਂ ਸੰਭਵ ਹੀ ਨਹੀਂ ਹੋ ਸਕਦੀ। ਇਸ ਕਰਕੇ ਇਸ ਵਾਰ ਆਲੂ ਬੀਜਣ 'ਚ ਭਾਰੀ ਪ੍ਰੇਸ਼ਾਨੀ ਆ ਰਹੀ ਹੈ। ਸੀਨੀਅਰ ਮੀਤ ਪ੍ਰਧਾਨ ਬਲਜੀਤ ਸਿੰਘ ਜੋਲੀਆ ਨੇ ਪ੍ਰਸ਼ਾਸਨ ਨੂੰ ਤਾੜਨਾ ਕਰਦੇ ਹੋਏ ਕਿਹਾ ਕਿ ਜੇਕਰ ਪ੍ਰਸ਼ਾਸਨ ਨੇ ਕਿਸਾਨਾਂ ਨਾਲ ਧੱਕਾ ਕਰਨ ਦੀ ਕੋਸ਼ਿਸ਼ ਕੀਤੀ ਤਾਂ ਕਿਸਾਨ ਕਿਸੇ ਵੀ ਟਕਰਾਅ ਲਈ ਤਿਆਰ ਹਨ ਤੇ ਪਰਾਲੀ ਨੂੰ ਅੱਗ ਹਰ ਹੀਲੇ ਲਗਾਈ ਜਾਵੇਗੀ ਕਿਉਂਕਿ ਇਹ ਕਿਸਾਨਾਂ ਦੀ ਮਜ਼ਬੂਰੀ ਹੈ। ਜੇਕਰ ਕਿਸੇ ਕਿਸਾਨ ਤੇ ਕਾਰਵਾਈ ਕੀਤੀ ਜਾਵੇਗੀ ਤਾਂ ਸਾਰੇ ਕਿਸਾਨ ਜੇਲ੍ਹ ਜਾਣ ਲਈ ਤਿਆਰ ਹਨ। ਇਸ ਮੌਕੇ ਭੂਰਾ ਸਿੰਘ ਛਾਜਲਾ, ਹਰਵਿੰਦਰ ਸਿੰਘ ਜਲੂਰ, ਜੋਗਿੰਦਰ ਸਿੰਘ ਛਾਜਲਾ ਵੀ ਸ਼ਾਮਿਲ ਸਨ।
