ਕਿਸਾਨੀ ਮੰਗਾਂ ਮਨਾਉਣ ਲਈ ਦਿੱਲੀ ਵਿਖੇ ਕੀਤੇ ਜਾਣ ਵਾਲੇ ਧਰਨੇ ਦੀਆਂ ਤਿਆਰੀਆਂ ਸ਼ੁਰੂ : ਭਾਰਤੀ ਕਿਸਾਨ ਯੂਨੀਅਨ
Saturday, Jan 13, 2018 - 04:49 PM (IST)

ਬੁਢਲਾਡਾ (ਬਾਂਸਲ) : ਦੇਸ਼ ਦੀ ਰਾਜਧਾਨੀ ਦੇ ਚਾਰ ਨੈਸ਼ਨਲ ਹਾਈਵੇਅ ਤੇ ਅਣਮਿੱਥੇ ਸਮੇਂ ਲਈ ਦਿੱਤੇ ਜਾਣ ਵਾਲੇ ਧਰਨੇ ਦੀਆਂ ਤਿਆਰੀਆਂ ਦੇ ਸੰਬੰਧ 'ਚ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਵੱਲੋਂ ਸਥਾਨਕ ਗੁਰੂਦੁਆਰਾ ਸਾਹਿਬ ਵਿਖੇ ਮੀਟਿੰਗ ਕੀਤੀ ਗਈ, ਜਿਸ ਨੂੰ ਸੰਬੋਧਨ ਕਰਦਿਆਂ ਕਿਸਾਨ ਆਗੂ ਕੁਲਦੀਪ ਸਿੰਘ ਅਤੇ ਸ਼ਿੰਗਾਰਾ ਸਿੰਘ ਨੇ ਕਿਹਾ ਕਿ 2014 ਦੀਆਂ ਲੋਕ ਸਭਾ ਚੋਣਾਂ ਦੌਰਾਨ ਦੇਸ਼ ਦੇ ਪ੍ਰਧਾਨ ਮੰਤਰੀ ਮੋਦੀ ਵੱਲੋਂ ਵਾਅਦਾ ਕੀਤਾ ਗਿਆ ਸੀ ਕਿ ਸਰਕਾਰ ਬਣਨ ਤੋਂ ਬਾਅਦ ਕਿਸਾਨੀ ਜਿਨਸਾ ਦੇ ਭਾਅ ਡਾ. ਸੁਵਾਮੀਨਾਥਨ ਦੀ ਸਿਫਾਰਸ਼ ਅਨੁਸਾਰ ਦਿੱਤੇ ਜਾਣਗੇ ਅਤੇ ਕਿਸਾਨਾਂ ਦੇ ਹਰ ਤਰ੍ਹਾਂ ਦੇ ਕਰਜ਼ੇ ਮੁਆਫ ਕਰਕੇ ਲੀਕ ਮਾਰੀ ਜਾਵੇਗੀ ਪਰ ਸਰਕਾਰ ਬਣਨ ਤੋਂ ਬਾਅਦ ਅਜੇ ਤੱਕ ਨਾ ਤਾਂ ਸੁਵਾਮੀਨਾਥਨ ਦੀ ਸਿਫਾਰਸ਼ ਅਨੁਸਾਰ ਜਿਨਸਾ ਦੇ ਭਾਅ ਦਿੱਤੇ ਗਏ ਹਨ ਅਤੇ ਨਾ ਹੀ ਕਿਸਾਨੀ ਕਰਜ਼ੇ ਮੁਆਫ ਕੀਤੇ ਗਏ ਹਨ। ਇਸ ਮੌਕੇ ਜ਼ਿਲਾ ਪ੍ਰਧਾਨ ਜਰਨੈਲ ਸਿੰਘ ਨੇ ਕਿਹਾ ਕਿ ਕਿਸਾਨੀ ਜਿਨਸਾਂ ਦੇ ਭਾਅ ਡਾ. ਸੁਵਾਮੀਨਾਥਨ ਦੀ ਰਿਪੋਰਟ ਅਨੁਸਾਰ ਲੈਣ ਅਤੇ ਕਿਸਾਨੀ ਕਰਜ਼ਿਆਂ ਨੂੰ ਖਤਮ ਕਰਵਾਉਣ ਲਈ ਦੇਸ਼ ਦੇ 22 ਸੂਬਿਆਂ ਦੀਆਂ 62 ਜੱਥੇਬੰਦੀਆਂ ਵੱਲੋਂ 23 ਫਰਵਰੀ ਨੂੰ ਦਿੱਲੀ ਵੱਲ ਜਾਣ ਵਾਲੀਆਂ ਚਾਰ ਮੁੱਖ ਸੜਕਾਂ ਤੇ ਅਣਮਿੱਥੇ ਸਮੇਂ ਲਈ ਮੰਗਾਂ ਮਨਵਾਉਣ ਲਈ ਘਿਰਾਓ ਕੀਤਾ ਜਾਵੇਗਾ। ਜਿਸ ਦੀਆਂ ਤਿਆਰੀਆਂ ਸੰਬੰਧੀ ਪਿੰਡਾਂ 'ਚ ਮੀਟਿੰਗਾਂ ਕੀਤੀਆਂ ਜਾ ਰਹੀਆ ਹਨ ਅਤੇ ਲੋਕਾਂ ਨੂੰ ਲਾਮਬੰਧ ਕੀਤਾ ਜਾ ਰਿਹਾ ਹੈ। ਇਸ ਮੌਕੇ ਤਾਰਾ ਸਿੰਘ, ਸੁਖਪਾਲ ਸਿੰਘ, ਸੋਹਣ ਸਿੰਘ, ਲਛਮਣ ਸਿੰਘ, ਰਾਮ ਸਿੰਘ, ਪ੍ਰੀਤਮ ਸਿੰਘ, ਕਰਮਜੀਤ ਸਿੰਘ, ਜਗਵਿੰਦਰ ਸਿੰਘ, ਗੁਲਜ਼ਾਰ ਸਿੰਘ, ਗੁਰਜੰਟ ਸਿੰਘ, ਮਹਿੰਦਰ ਸਿੰਘ ਆਦਿ ਨੇ ਵੀ ਸੰਬੋਧਨ ਕੀਤਾ।