ਪਾਕਿਸਤਾਨੀ ਕੁਡ਼ੀ ਦੇ ਪ੍ਰੇਮ ’ਚ ਵਿਕਾਸ ਭਾਰਗਵ ਨੇ ਅਪਣਾਇਆ ਇਸਲਾਮ
Saturday, Jul 21, 2018 - 05:59 AM (IST)

ਅੰਮ੍ਰਿਤਸਰ, (ਨੀਰਜ)- ਪਾਕਿਸਤਾਨੀ ਕੁਡ਼ੀ ਦੇ ਪ੍ਰੇਮ ’ਚ ਮੁੰਬਈ ਦੇ ਇੰਜੀਨੀਅਰ ਹਾਮਿਦ ਨਿਹਾਲ ਅੰਸਾਰੀ ਨੂੰ ਪਾਕਿਸਤਾਨ ਦੀ ਖੁਫੀਆ ਏਜੰਸੀ ਆਈ. ਐੱਸ. ਆਈ. ਨੇ ਆਪਣੇ ਟ੍ਰੈਪ ’ਚ ਫਸਾਉਂਦਿਅਾਂ ਪਾਕਿਸਤਾਨ ਸੱਦ ਲਿਆ ਤੇ ਉਸ ਨੂੰ ਗ੍ਰਿਫਤਾਰ ਵੀ ਕਰ ਲਿਆ। ਹਾਮਿਦ ਅੱਜ ਸਲਾਖਾਂ ਪਿੱਛੇ ਹੈ ਅਤੇ ਸਜ਼ਾ ਪੂਰੀ ਕਰਨ ਦੇ ਬਾਵਜੂਦ ਜੇਲ ’ਚ ਕੈਦ ਹੈ ਕਿਉਂਕਿ ਉਸ ’ਤੇ ਪਾਕਿਸਤਾਨ ਨੇ ਜਾਸੂਸੀ ਦੇ ਦੋਸ਼ ਲਾਏ ਹਨ ਪਰ ਸਾਰੇ ਕੇਸਾਂ ਵਿਚ ਅਜਿਹਾ ਨਹੀਂ ਹੁੰਦਾ। ਅੰਮ੍ਰਿਤਸਰ ਦੇ ਡੀ. ਸੀ. ਦਫਤਰ ਵਿਆਹ ਰਜਿਸਟਰਡ ਕਰਨ ਲਈ ਇਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿਸ ਵਿਚ ਅੰਮ੍ਰਿਤਸਰ ਦੇ ਰਹਿਣ ਵਾਲੇ ਵਿਕਾਸ ਭਾਰਗਵ ਨੇ ਪਾਕਿਸਤਾਨੀ ਕੁਡ਼ੀ ਦੇ ਪ੍ਰੇਮ ਵਿਚ ਆ ਕੇ ਪਾਕਿਸਤਾਨ ਜਾ ਕੇ ਸਿਰਫ ਵਿਆਹ ਹੀ ਨਹੀਂ ਕੀਤਾ ਸਗੋਂ ਆਪਣਾ ਧਰਮ ਵੀ ਤਬਦੀਲ ਕਰ ਲਿਆ।
ਜਾਣਕਾਰੀ ਅਨੁਸਾਰ ਵਿਕਾਸ ਭਾਰਗਵ ਪਾਕਿਸਤਾਨ ਜਾ ਕੇ ਮੁਹੰਮਦ ਅਬਦੁਲ ਵੱਕਾਸ ਬਣ ਗਿਆ ਅਤੇ ਉਸ ਨੇ ਇਸਲਾਮ ਅਪਣਾ ਲਿਆ ਤੇ ਰਿਜਵਾਨਾ ਅਹਿਮਦ ਨਿਵਾਸੀ ਕਰਾਚੀ (ਇਸਲਾਮਾਬਾਦ) ਨਾਲ ਵਿਆਹ ਕਰ ਲਿਆ। ਵਿਆਹ ਕਰਨ ਤੋਂ ਬਾਅਦ ਮੁਹੰਮਦ ਅਬਦੁਲ ਵੱਕਾਸ ਨੇ ਡੀ. ਸੀ. ਦਫਤਰ ’ਚ ਵਿਆਹ ਰਜਿਸਟਰਡ ਕਰਵਾਉਣ ਲਈ ਆਵੇਦਨ ਦਿੱਤਾ, ਜਿਸ ਕਾਰਨ ਏ. ਡੀ. ਸੀ. (ਜ) ਦਫਤਰ ਵੱਲੋਂ ਇਸ ਵਿਆਹ ਨੂੰ ਰਜਿਸਟਰਡ ਕੀਤਾ ਜਾਣਾ ਸੀ ਪਰ ਇਹ ਵਿਆਹ ਉਥੇ ਰਜਿਸਟਰਡ ਨਹੀਂ ਹੋ ਸਕਿਆ। ਮਾਮਲਾ ਵਿਭਾਗ ਨੂੰ ਅਬਦੁਲ ਵੱਕਾਸ ਉਰਫ ਵਿਕਾਸ ਭਾਰਗਵ ਦੀ ਇਨਕੁਆਇਰੀ ਰਿਪੋਰਟ ਪੇਸ਼ ਕਰਨ ਲਈ ਆਦੇਸ਼ ਦਿੱਤੇ ਗਏ ਪਰ ਇਹ ਰਿਪੋਰਟ ਨੈਗੇਟਿਵ ਆਈ, ਜਿਸ ਕਾਰਨ ਇਹ ਵਿਆਹ ਏ. ਡੀ. ਸੀ. ਦਫਤਰ ਵਿਚ ਰਜਿਸਟਰਡ ਨਹੀਂ ਹੋ ਸਕਿਆ।
ਕੀ ਸੀ ਪਟਵਾਰੀ ਦੀ ਗਰਾਊਂਡ ਰਿਪੋਰਟ?
ਏ. ਡੀ. ਸੀ. (ਜ) ਦੇ ਦਫਤਰ ਵੱਲੋਂ ਅਬਦੁਲ ਵੱਕਾਸ ਉਰਫ ਵਿਕਾਸ ਭਾਰਗਵ ਦੀ ਰਿਪੋਰਟ ਮਾਮਲਾ ਵਿਭਾਗ ਦੇ ਪਟਵਾਰੀ ਰਾਜੇਸ਼ ਕੁਮਾਰ ਬਿੱਟੂ ਕੋਲ ਆਈ, ਪਟਵਾਰੀ ਨੇ ਦੱਸਿਆ ਕਿ ਅਬਦੁਲ ਵੱਕਾਸ ਤੇ ਰਿਜਵਾਨਾ ਅਹਿਮਦ ਦਾ ਨਿਕਾਹ ਅੰਮ੍ਰਿਤਸਰ ਦੀ ਮੁੱਖ ਮਸਜਿਦ ਵਿਚ ਰਜਿਸਟਰਡ ਨਹੀਂ ਹੈ। ਇਸ ਤੋਂ ਇਲਾਵਾ ਅਬਦੁਲ ਵੱਕਾਸ ਉਰਫ ਵਿਕਾਸ ਭਾਰਗਵ ਅੰਮ੍ਰਿਤਸਰ ਵਿਚ ਨਹੀਂ ਸਗੋਂ ਲੁਧਿਆਣਾ ’ਚ ਰਹਿੰਦਾ ਹੈ। ਜਿਸ ਏ. ਡੀ. ਸੀ. ਦਫਤਰ ਵਿਚ ਵਿਆਹ ਰਜਿਸਟਰਡ ਕਰਨ ਲਈ ਉਸ ਨੇ ਜੋ ਪਤਾ ਦਿੱਤਾ, ਉਥੇ ਉਸ ਦੇ ਹੋਰ ਸਕੇ-ਸਬੰਧੀ ਰਹਿੰਦੇ ਹਨ, ਜਿਸ ਤੋਂ ਬਾਅਦ ਏ. ਡੀ. ਸੀ. ਦਫਤਰ ਵੱਲੋਂ ਵਿਕਾਸ ਭਾਰਗਵ ਦਾ ਵਿਆਹ ਰਜਿਸਟ੍ਰੇਸ਼ਨ ਲਈ ਰੱਦ ਕਰ ਦਿੱਤਾ ਗਿਆ। ਹਾਲਾਂਕਿ ਇਸ ਮਾਮਲੇ ਵਿਚ ਵਿਕਾਸ ਭਾਰਗਵ ਉਰਫ ਮੁਹੰਮਦ ਅਬਦੁਲ ਵੱਕਾਸ ਦਾ ਕਹਿਣਾ ਹੈ ਕਿ ਉਸ ਨੂੰ ਵਿਆਹ ਰਜਿਸਟਰਡ ਕਰਵਾਉਣ ਦੀ ਲੋਡ਼ ਨਹੀਂ ਹੈ ਕਿਉਂਕਿ ਉਸ ਦਾ ਵਿਆਹ ਧਾਰਮਿਕ ਰੀਤੀ-ਰਿਵਾਜਾਂ ਅਨੁਸਾਰ ਜਾਇਜ਼ ਹੈ।
ਪ੍ਰੇਮ ਪ੍ਰਸੰਗ ਦੇ ਮਾਮਲਿਆਂ ’ਚ ਭਾਰਤ-ਪਾਕਿ ਵਿਚ ਕਿਤੇ ਖੱਟਾਸ, ਕਿਤੇ ਮਿਠਾਸ
ਭਾਰਤ ਤੇ ਪਾਕਿਸਤਾਨ ਦੇ ਨਾਗਰਿਕਾਂ ਵਿਚ ਵਿਆਹ ਤੇ ਪ੍ਰੇਮ ਪ੍ਰਸੰਗ ਦੇ ਮਾਮਲੇ ਪੂਰੀ ਤਰ੍ਹਾਂ ਸਾਕਾਰਾਤਮਕ ਨਹੀਂ ਹਨ। ਕਿਤੇ ਸਾਨੀਆ ਮਿਰਜ਼ਾ ਵਰਗੀ ਇੰਟਰਨੈਸ਼ਨਲ ਲਾਅਨ ਟੈਨਿਸ ਪਲੇਅਰ ਪਾਕਿਸਤਾਨੀ ਕ੍ਰਿਕਟਰ ਨਾਲ ਵਿਆਹ ਕਰਦੀ ਹੈ ਤਾਂ ਕਿਤੇ ਪਾਕਿਸਤਾਨੀ ਖੁਫੀਆ ਏਜੰਸੀ ਆਈ. ਐੱਸ. ਆਈ. ਵੱਲੋਂ ਭਾਰਤੀ ਸੈਨਾ ਤੇ ਵਾਯੂ ਸੈਨਾ ਦੇ ਅਧਿਕਾਰੀਆਂ ਨੂੰ ਫੇਸਬੁੱਕ ’ਤੇ ਫਸਾਇਆ ਜਾਂਦਾ ਹੈ। ਇਥੋਂ ਤੱਕ ਕਿ ਹੁਣ ਤਾਂ ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ ਵੀ ਸੈਨਾ ਤੇ ਹੋਰ ਸੁਰੱਖਿਆ ਏਜੰਸੀਆਂ ਦੇ ਅਧਿਕਾਰੀਆਂ ਨੂੰ ਅਲਰਟ ਜਾਰੀ ਕੀਤਾ ਜਾ ਚੁੱਕਾ ਹੈ ਕਿ ਉਹ ਕਿਸੇ ਪਾਕਿਸਤਾਨੀ ਅੌਰਤ ਨਾਲ ਗੱਲਬਾਤ ਨਾ ਕਰਨ ਕਿਉਂਕਿ ਅੌਰਤ ਦੇ ਰੂਪ ਵਿਚ ਆਈ. ਐੱਸ. ਆਈ. ਦੇ ਅਧਿਕਾਰੀ ਆਪਣਾ ਜਾਲ ਬੁਣ ਰਹੇ ਹੁੰਦੇ ਹਨ।
ਪਾਕਿਸਤਾਨ ਦੀ ਕੋਟਲਖਪਤ ਜੇਲ ’ਚ ਕੈਦ ਭਾਰਤੀ ਕੈਦੀ ਸਰਬਜੀਤ ਸਿੰਘ ਨੂੰ ਰਿਹਾਅ ਕਰਵਾਉਣ ਲਈ ਪਾਕਿਸਤਾਨੀ ਵਕੀਲ ਅਵੈਸ਼ ਸ਼ੇਖ ਨੇ ਆਪਣਾ ਦੇਸ਼ ਤੱਕ ਛੱਡ ਦਿੱਤਾ, ਅਜਿਹੀ ਮਿਸਾਲ ਵੀ ਦੇਖਣ ਨੂੰ ਮਿਲਦੀ ਹੈ।