ਭਾਜਪਾ ਦੇ ਰਾਸ਼ਟਰੀ ਪ੍ਰਧਾਨ ਨੂੰ ਬਦਲਣ ਦੇ ਬਾਅਦ ਪੰਜਾਬ ''ਚ ਵੀ ਹੋ ਸਕਦਾ ਹੈ ਬਦਲਾਅ

06/19/2019 10:40:53 AM

ਜਲੰਧਰ (ਪਵਨ)— ਭਾਰਤੀ ਜਨਤਾ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਨੂੰ ਬਦਲਣ ਦੇ ਬਾਅਦ ਹੁਣ ਪੰਜਾਬ ਭਾਜਪਾ 'ਚ ਵੀ ਮਹੱਤਪੂਰਨ ਬਦਲਾਅ ਦੀ ਤਿਆਰੀ ਕੀਤੀ ਜਾ ਰਹੀ ਹੈ। ਵਰਣਨਯੋਗ ਹੈ ਕਿ ਭਾਜਪਾ ਦੇ ਰਾਸ਼ਟਰੀ ਪ੍ਰਧਾਨ ਸਮੇਤ ਅਮਿਤ ਸ਼ਾਹ ਦੇ ਗ੍ਰਹਿ ਮੰਤਰੀ ਬਣਨ ਤੋਂ ਬਾਅਦ ਪੰਜਾਬ ਦੇ ਗੁਆਂਢੀ ਸੂਬੇ ਹਿਮਾਚਲ ਦੇ ਜੇ. ਪੀ. ਨੱਡਾ ਨੂੰ ਰਾਸ਼ਟਰੀ ਪ੍ਰਧਾਨ ਦੀ ਮਹੱਤਵਪੂਰਨ ਜ਼ਿੰਮੇਵਾਰੀ ਦਿੱਤੀ ਗਈ ਹੈ। ਜੇ. ਪੀ. ਨੱਡਾ ਰਾਸ਼ਟਰੀ ਮਹਾਮੰਤਰੀ ਰਹਿੰਦੇ ਪੰਜਾਬ 'ਚ ਵਿਧਾਨ ਸਭਾ ਚੋਣਾਂ 'ਚ ਅਕਾਲੀ-ਭਾਜਪਾ ਦੀ ਸਰਕਾਰ ਨੂੰ 2 ਵਾਰ ਜਿੱਤ ਹਾਸਲ ਕਰਵਾ ਕੇ ਨਵਾਂ ਇਤਿਹਾਸ ਰਚ ਚੁੱਕੇ ਹਨ। ਨੱਡਾ ਚੋਣ ਰਣਨੀਤੀ ਬਣਾਉਣ 'ਚ ਮਾਹਿਰ ਹਨ ਅਤੇ ਇਸ ਲਈ ਉਨ੍ਹਾਂ ਨੂੰ ਉੱਤਰ ਪ੍ਰਦੇਸ਼ ਵਰਗੇ ਵੱਡੇ ਰਾਜ ਦਾ ਕਾਰਜਕਾਰੀ ਪ੍ਰਧਾਨ ਬਣਾਇਆ ਗਿਆ ਸੀ। ਉਨ੍ਹਾਂ ਦੀ ਅਗਵਾਈ 'ਚ ਜਿੱਥੇ ਪਾਰਟੀ ਨੇ ਗਠਜੋੜ ਦੇ ਸਹਿਯੋਗੀਆਂ ਨਾਲ 64 ਸੀਟਾਂ ਜਿੱਤ ਕੇ ਇਤਿਹਾਸ ਰਚਿਆ ਸੀ, ਉਧਰ ਸਮਾਜਵਾਦੀ ਪਾਰਟੀ ਨੂੰ 5 ਅਤੇ ਬਹੁਜਨ ਸਮਾਜ ਪਾਰਟੀ ਨੂੰ 10 ਸੀਟਾਂ 'ਤੇ ਸਮੇਟ ਦਿੱਤਾ ਸੀ। ਉੱਤਰ ਪ੍ਰਦੇਸ਼ 'ਚ ਬਸਪਾ-ਸਪਾ ਦੇ ਗਠਜੋੜ ਨੂੰ ਹਰਾਉਣ ਤੋਂ ਬਾਅਦ ਨੱਡਾ ਦਾ ਕੱਦ ਵਧ ਗਿਆ, ਜਿਸ ਦੇ ਕਾਰਨ ਅਮਿਤ ਸ਼ਾਹ ਨੇ ਆਪ ਹੀ ਉਨ੍ਹਾਂ ਨੂੰ ਭਾਜਪਾ ਦਾ ਰਾਸ਼ਟਰੀ ਕਾਰਜਕਾਰੀ ਪ੍ਰਧਾਨ ਬਣਾਉਣ ਦਾ ਪ੍ਰਸਤਾਵ ਦਿੱਤਾ ਜਿਸ ਨੂੰ ਸੰਸਦੀ ਬੋਰਡ ਵੱਲੋਂ ਮਨਜ਼ੂਰ ਕਰ ਲਿਆ ਗਿਆ।


ਨੱਡਾ ਪੰਜਾਬ ਵਿਧਾਨ ਸਭਾ ਚੋਣਾਂ ਸਮੇਂ ਚੋਣ ਇੰਚਾਰਜ ਰਹਿੰਦੇ ਹਰੇਕ ਵਿਧਾਨ ਸਭਾ ਦੀ ਸਥਿਤੀ ਬਾਰੇ ਜਾਣਕਾਰੀ ਰੱਖਦੇ ਹਨ। ਉਨ੍ਹਾਂ ਵੱਲੋਂ ਪ੍ਰਦੇਸ਼ ਭਾਜਪਾ 'ਚ ਕਈ ਬਦਲਾਅ ਕੀਤੇ ਜਾ ਸਕਦੇ ਹਨ। ਪੰਜਾਬ 'ਚ ਭਾਜਪਾ ਪਿਛਲੀਆਂ ਵਿਧਾਨ ਸਭਾ ਚੋਣਾਂ 'ਚ 23 'ਚੋਂ ਸਿਰਫ 3 ਸੀਟਾਂ 'ਤੇ ਸਿਮਟ ਗਈ ਸੀ ਅਤੇ ਅਕਾਲੀ ਦਲ ਨੂੰ ਵੀ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਅਕਾਲੀ ਦਲ ਦੇ ਪੰਜਾਬ 'ਚ ਲਗਾਤਾਰ ਡਿਗਦੇ ਜਨਆਧਾਰ ਦੇ ਕਾਰਨ ਭਾਜਪਾ ਨੂੰ ਵੀ ਨੁਕਸਾਨ ਹੋ ਰਿਹਾ ਹੈ। ਲੋਕ ਸਭਾ ਚੋਣਾਂ 'ਚ ਵੀ ਅਕਾਲੀ ਦਲ 10 ਸੀਟਾਂ 'ਚੋਂ ਸਿਰਫ 2 ਸੀਟਾਂ ਬਠਿੰਡਾ ਤੇ ਫਿਰੋਜ਼ਪੁਰ ਹੀ ਜਿੱਤਿਆ ਅਤੇ ਬਾਕੀ 8 ਸੀਟਾਂ 'ਤੇ ਉਨ੍ਹਾਂ ਨੂੰ ਸਿੱਖ ਵੋਟ ਨਾ ਮਿਲਣ ਕਾਰਣ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ ਜਦਕਿ ਭਾਜਪਾ ਪੰਜਾਬ 'ਚ 13 ਸੀਟਾਂ 'ਚੋਂ ਸਿਰਫ 3 ਸੀਟਾਂ 'ਤੇ ਚੋਣ ਲੜੀ ਅਤੇ ਉਨ੍ਹਾਂ 'ਚੋਂ 2 ਸੀਟਾਂ ਜਿੱਤ ਕੇ ਵੱਡੀ ਸਫਲਤਾ ਹਾਸਿਲ ਕੀਤੀ, ਜਿਸ 'ਚ ਗੁਰਦਾਸਪੁਰ ਤੋਂ ਸੰਨੀ ਦਿਓਲ ਨੇ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੂੰ ਹਰਾਇਆ ਜੋ ਪੂਰੇ ਦੇਸ਼ 'ਚ ਚਰਚਿਤ ਸੀਟਾਂ 'ਚੋਂ ਇਕ ਰਹੀ। ਉਧਰ ਹੁਸ਼ਿਆਰਪੁਰ ਤੋਂ ਸੋਮ ਪ੍ਰਕਾਸ਼ ਨੇ ਜਿੱਤ ਹਾਸਲ ਕੀਤੀ ਅਤੇ ਹੁਣ ਕੇਂਦਰ 'ਚ ਮੰਤਰੀ ਬਣ ਚੁੱਕੇ ਹਨ। ਸੋਮ ਪ੍ਰਕਾਸ਼ ਪੰਜਾਬ 'ਚ ਦਲਿਤ ਨੇਤਾ ਵਜੋਂ ਉਭਰੇ ਹਨ। ਭਾਜਪਾ ਨੂੰ ਸਾਂਪਲਾ ਦਾ ਟਿਕਟ ਕੱਟ ਕੇ ਸੋਮ ਪ੍ਰਕਾਸ਼ ਨੂੰ ਦੇਣਾ ਤਰੁਪ ਦਾ ਪੱਤਾ ਸਾਬਿਤ ਹੋਇਆ। ਉਹ ਇਸ ਤੋਂ ਪਹਿਲਾਂ ਵੀ ਇਕ ਵਾਰ ਲੋਕ ਸਭਾ ਚੋਣ ਲੜੇ ਸਨ ਅਤੇ ਸਿਰਫ ਕੁਝ ਸੌ ਵੋਟਾਂ ਨਾਲ ਹਾਰ ਗਏ ਸਨ। ਉਧਰ ਅੰਮ੍ਰਿਤਸਰ ਸੀਟ ਤੋਂ ਹਰਦੀਪ ਪੁਰੀ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ ਜਦਕਿ ਭਾਜਪਾ ਦੇ ਪ੍ਰਦੇਸ਼ ਪ੍ਰਧਾਨ ਅਤੇ ਰਾਜ ਸਭਾ ਸੰਸਦ ਮੈਂਬਰ ਸ਼ਵੇਤ ਮਲਿਕ ਅੰਮ੍ਰਿਤਸਰ ਦੇ ਹੀ ਰਹਿਣ ਵਾਲੇ ਹਨ, ਪਰ ਸ਼ਹਿਰ ਦੇ 3 ਵਿਧਾਨ ਸਭਾ ਹਲਕਿਆਂ 'ਚੋਂ 2 'ਤੇ ਭਾਜਪਾ ਨੂੰ ਬੜ੍ਹਤ ਦਿਵਾਉਣ 'ਚ ਕਾਮਯਾਬ ਰਹੇ ਹਨ। ਨੱਡਾ ਦੇ ਕਾਰਜਕਾਰੀ ਪ੍ਰਧਾਨ ਬਣਨ ਨਾਲ ਪੰਜਾਬ 'ਚ ਵੀ ਭਾਜਪਾ ਮਜ਼ਬੂਤ ਹੋਵੇਗੀ ਅਤੇ ਪਾਰਟੀ ਦੇ ਨੇਤਾਵਾਂ ਨੂੰ ਹੁਣ ਤੋਂ ਹੀ ਜਨਤਾ ਦੇ ਮੁੱਦੇ ਹੱਲ ਕਰਨ ਲਈ ਸਰਗਰਮ ਕੀਤੇ ਜਾਣ ਦੀ ਆਸ ਹੈ।


shivani attri

Content Editor

Related News