ਮੰਤਰੀ ਭਾਰਤ ਭੂਸ਼ਣ ਆਸ਼ੂ ਨੇ ਨਗਰ ਨਿਗਮ ਦੇ ਸਫਾਈ ਮੁਲਾਜ਼ਮਾਂ ਤੇ ਸੀਵਰਮੈਨਾਂ ਨਾਲ ਮਨਾਈ ਦੀਵਾਲੀ
Wednesday, Nov 03, 2021 - 04:11 PM (IST)
ਲੁਧਿਆਣਾ (ਹਿਤੇਸ਼) : ਦੀਵਾਲੀ ਦਾ ਤਿਉਹਾਰ ਹਮਦਰਦੀ, ਮਨੁੱਖਤਾ ਅਤੇ ਭਾਈਚਾਰਕ ਸਾਂਝ ਨਾਲ ਮਨਾਉਣ ਦੇ ਉੱਦਮ ਵਜੋਂ ਖ਼ੁਰਾਕ, ਸਿਵਲ ਸਪਲਾਈ ਤੇ ਖ਼ਪਤਕਾਰ ਮਾਮਲੇ ਮੰਤਰੀ ਭਾਰਤ ਭੂਸ਼ਣ ਆਸ਼ੂ ਵੱਲੋਂ ਅੱਜ ਨਗਰ ਨਿਗਮ ਲੁਧਿਆਣਾ (ਐਮ. ਸੀ. ਐੱਲ.) ਦੇ 800 ਤੋਂ ਵੱਧ ਸਫ਼ਾਈ ਮੁਲਾਜ਼ਮਾਂ ਅਤੇ ਸੀਵਰਮੈਨਾਂ ਜਿਹੜੇ ਕਿ ਲੁਧਿਆਣਾ (ਪੱਛਮੀ) ਹਲਕੇ ਦੇ 17 ਵਾਰਡਾਂ ਵਿੱਚ ਤਾਇਨਾਤ ਹਨ, ਦੇ ਨਾਲ ਦਿਵਾਲੀ ਮਨਾਈ ਗਈ। ਮੰਤਰੀ ਆਸ਼ੂ ਵੱਲੋਂ ਮੇਅਰ ਬਲਕਾਰ ਸਿੰਘ ਸੰਧੂ, ਨਿਗਮ ਕੌਂਸਲਰ ਮਮਤਾ ਆਸ਼ੂ ਅਤੇ ਹੋਰਾਂ ਦੇ ਨਾਲ ਸਾਰੇ ਸਫ਼ਾਈ ਮੁਲਾਜ਼ਮਾਂ ਅਤੇ ਸੀਵਰਮੈਨਾਂ ਨੂੰ ਦੀਵਾਲੀ ਦੇ ਤੋਹਫ਼ੇ ਦਿੱਤੇ ਗਏ।
ਕੈਬਨਿਟ ਮੰਤਰੀ ਨੇ ਕਿਹਾ ਕਿ ਲੁਧਿਆਣਾ ਨੂੰ ਸਾਫ਼-ਸੁਥਰਾ ਅਤੇ ਹਰਿਆ ਭਰਿਆ ਬਣਾਉਣ ਵਿੱਚ ਦਿਨ-ਰਾਤ ਲੱਗੇ ਇਨ੍ਹਾਂ ਮੋਹਰੀ ਯੋਧਿਆਂ ਨਾਲ ਰੌਸ਼ਨੀ ਦਾ ਤਿਉਹਾਰ ਮਨਾਉਣਾ ਉਨ੍ਹਾਂ ਲਈ ਇੱਕ ਅਹਿਮ ਮੌਕਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਉਹ ਬਹੁਤ ਖੁਸ਼ਕਿਸਮਤ ਹਨ ਕਿ ਉਨ੍ਹਾਂ ਨੂੰ ਇਨ੍ਹਾਂ ਕਾਮਿਆਂ ਦੇ ਨਾਲ ਦੀਵਾਲੀ ਮਨਾਉਣ ਦਾ ਮੌਕਾ ਮਿਲਿਆ ਜਿਹੜੇ ਕਿ ਅਸਲ ਹੀਰੋ ਹਨ ਅਤੇ ਜਿਨ੍ਹਾਂ ਲੁਧਿਆਣਾ ਸਮਾਰਟ ਸਿਟੀ ਦੇ ਸੁਫ਼ਨੇ ਨੂੰ ਸਾਕਾਰ ਕਰਨ ਲਈ ਆਪਣਾ ਅਹਿਮ ਯੋਗਦਾਨਾ ਪਾਇਆ। ਮੰਤਰੀ ਆਸ਼ੂ ਨੇ ਦੁਹਰਾਇਆ ਕਿ ਸਦੀਆਂ ਤੋਂ ਸਾਡੇ ਸਾਰਿਆਂ ਵੱਲੋਂ ਦੀਵਾਲੀ ਪਿਆਰ, ਰੌਸ਼ਨੀ ਅਤੇ ਖੁਸ਼ਹਾਲੀ ਦਾ ਤਿਉਹਾਰ ਪੂਰੀ ਸ਼ਰਧਾ ਅਤੇ ਧਾਰਮਿਕ ਜੋਸ਼ ਨਾਲ ਮਨਾਇਆ ਜਾਂਦਾ ਹੈ।
ਉਨ੍ਹਾਂ ਕਿਹਾ ਕਿ ਦੀਵਾਲੀ ਦੀਆਂ ਚਮਕਦੀਆਂ ਰੌਸ਼ਨੀਆਂ ਨਾ ਸਿਰਫ਼ ਹਰ ਘਰ ਨੂੰ ਰੌਸ਼ਨ ਕਰਦੀਆਂ ਹਨ, ਸਗੋਂ ਇਹ ਹਨ੍ਹੇਰੇ 'ਤੇ ਚਾਨਣ ਦੀ ਜਿੱਤ, ਬੁਰਾਈ 'ਤੇ ਚੰਗਿਆਈ ਅਤੇ ਨਿਰਾਸ਼ਾ 'ਤੇ ਆਸ ਦਾ ਪ੍ਰਤੀਕ ਵੀ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਤਿਉਹਾਰ ਨੂੰ ਜਾਤ, ਰੰਗ, ਨਸਲ ਅਤੇ ਧਰਮ ਦੇ ਭੇਦਭਾਵ ਤੋਂ ਉੱਪਰ ਉੱਠ ਕੇ ਧੂਮ-ਧਾਮ ਨਾਲ ਮਨਾਉਣ, ਜਿਸ ਨਾਲ ਸਦਭਾਵਨਾ ਦੇ ਬੰਧਨ ਮਜ਼ਬੂਤ ਹੁੰਦੇ ਹਨ।