ਲੁਧਿਆਣਾ ਜ਼ਿਲ੍ਹੇ ਦੇ 13 ਪਿੰਡਾਂ ''ਚ ''ਪੇਂਡੂ ਖੇਡ ਸਟੇਡੀਅਮ'' ਬਣਨ ਦਾ ਆਗਾਜ਼
Saturday, Oct 03, 2020 - 02:51 PM (IST)
ਲੁਧਿਆਣਾ (ਵਿੱਕੀ) : ਜ਼ਿਲ੍ਹਾ ਲੁਧਿਆਣਾ ਦੇ 13 ਪਿੰਡਾਂ ’ਚ ਪੇਂਡੂ ਖੇਡ ਸਟੇਡੀਅਮ ਅਤੇ ਖੇਡ ਮੈਦਾਨਾਂ ਦਾ ਨੀਂਹ ਪੱਥਰ ਰੱਖਦੇ ਹੋਏ ਖੇਡ ਸੱਭਿਆਚਾਰ ਨੂੰ ਉਤਸ਼ਾਹਿਤ ਕਰਨ ਦਾ ਸੱਦਾ ਦਿੱਤਾ ਗਿਆ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ‘ਮਿਸ਼ਨ ਪੰਜਾਬ’ ਤਹਿਤ ਆਨਲਾਈਨ ਵੀਡੀਓ ਕਾਨਫਰੰਸ ਰਾਹੀਂ ਜਿੱਥੇ ਪੰਜਾਬ ਦੇ 150 ਖੇਡ ਸਟੇਡੀਅਮਾਂ ਦਾ ਨੀਂਹ ਪੱਥਰ ਰੱਖਿਆ ਗਿਆ, ਉਥੇ ਪੰਜਾਬ ਸਰਕਾਰ ਦੇ ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਮੰਤਰੀ ਭਾਰਤ ਭੂਸ਼ਣ ਆਸ਼ੂ ਵੱਲੋਂ ਇਸ ਆਨਲਾਈਨ ਕਾਨਫਰੰਸ ’ਚ ਹਿੱਸਾ ਲਿਆ ਗਿਆ।
ਗਾਂਧੀ ਜੈਯੰਤੀ ਮੌਕੇ ਕੈਬਨਿਟ ਮੰਤਰੀ ਆਸ਼ੂ ਵੱਲੋਂ ਆਪਣੇ ਸੰਬੋਧਨ 'ਚ ਕਿਹਾ ਕਿ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਨੇ ਸਾਨੂੰ ਅਹਿੰਸਾ ਅਤੇ ਸੱਚ ਦੇ ਰਸਤੇ ’ਤੇ ਚੱਲਣ, ਸ਼ਾਂਤੀ ਅਤੇ ਸਦਭਾਵਨਾ ਲਈ ਬਿਨਾਂ ਕਿਸੇ ਸਵਾਰਥ ਦੇ ਕੰਮ ਕਰਨ ਬਾਰੇ ਕਿਹਾ ਹੈ, ਅੱਜ ਲੋੜ ਹੈ ਕਿ ਉਨ੍ਹਾਂ ਦਾ ਇਹ ਸੁਨੇਹਾ ਲੋਕਾਂ ਤੱਕ ਪਹੁੰਚਾਇਆ ਜਾਵੇ। ਇਸ ਮੌਕੇ ਉਨ੍ਹਾਂ ਦੇ ਦੇਸ਼ ਦੇ ਕੱਦਵਾਰ ਨੇਤਾ ਰਹੇ ਲਾਲ ਬਹਾਦਰ ਸ਼ਾਸਤਰੀ ਨੂੰ ਵੀ ਉਨ੍ਹਾਂ ਦੇ ਜਨਮ ਦਿਨ ’ਤੇ ਯਾਦ ਕੀਤਾ।
ਕੈਬਨਿਟ ਮੰਤਰੀ ਆਸ਼ੂ ਵੱਲੋਂ ਮਹਾਤਮਾ ਗਾਂਧੀ ਦੇ ਜਨਮ ਦਿਵਸ ਮੌਕੇ ਲੋਕਾਂ ਨੂੰ ਬਿਹਤਰ ਸਿਹਤ ਸਹੂਲਤਾਂ ਦੇਣ ਦੇ ਮਕਸਦ ਨਾਲ ਸਥਾਨਕ ਬੱਚਤ ਭਵਨ 'ਚ ਐਂਬੂਲੈਂਸ ਵੈਨ ਨੂੰ ਹਰੀ ਝੰਡੀ ਦੇ ਕੇ ਵੀ ਰਵਾਨਾ ਕੀਤਾ ਗਿਆ। ਇਹ 7 ਐਂਬੂਲੈਂਸਾਂ ਜੀ. ਐਂਟਰਟੇਨਮੈਂਟ ਵੱਲੋਂ ਦਾਨ ਦਿੱਤੀਆਂ ਗਈਆਂ ਹਨ, ਜਿਨ੍ਹਾਂ 'ਚੋਂ 4 ਵੈਨਾਂ ਆ ਚੁੱਕੀਆਂ ਹਨ ਅਤੇ 3 ਜਲਦ ਹੀ ਮੁਹੱਈਆ ਕਰਵਾ ਦਿੱਤੀਆਂ ਜਾਣਗੀਆਂ।
ਆਸ਼ੂ ਨੇ ਕਿਹਾ ਕਿ ਮਹਾਤਮਾ ਗਾਂਧੀ ਦੇ ਜਨਮ ਦਿਨ ਮੌਕੇ ਰਾਜ ਸਰਕਾਰ ਵੱਲੋਂ ਵੱਖ-ਵੱਖ ਸਕੀਮਾਂ ਲਾਂਚ ਕੀਤੀਆਂ ਗਈਆਂ ਹਨ, ਜਿਨ੍ਹਾਂ ਵਿਚ ਸਿਹਤ ਮਹਿਕਮੇ ਲਈ 100 ਦੇ ਕਰੀਬ ਐਂਬੂਲੈਂਸਾਂ ਖਰੀਦੀਆਂ ਜਾ ਰਹੀਆਂ ਹਨ। ਹਾਲ ਦੀ ਘੜੀ ਮੌਜੂਦਾ ਐਂਬੂਲੈਂਸ ਰਾਹੀਂ ਕੋਵਿਡ ਪੀੜਤ ਰੋਗੀ ਨੂੰ ਸਿਹਤ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ, ਉਪਰੰਤ ਇਹ ਵੈਨ ਸਬ-ਡਵੀਜ਼ਨ ਪੱਧਰ ’ਤੇ ਆਪਣੀਆਂ ਸੇਵਾਵਾਂ ਦੇਣਗੀਆਂ। ਉਨ੍ਹਾਂ ਨੇ ਵਿਸ਼ੇਸ਼ ਤੌਰ ’ਤੇ ਕਿਹਾ ਕਿ ਜਿਨ੍ਹਾਂ ਪਾਰਕਾਂ ਦਾ ਉਦਘਾਟਨ ਕੀਤਾ ਗਿਆ, ਉਹ ਤੈਅ ਹੱਦ 'ਚ ਤਿਆਰ ਹੋ ਜਾਣਗੇ ਅਤੇ ਆਉਣ ਵਾਲੇ 6 ਮਹੀਨਿਆਂ ਦੇ ਅੰਦਰ-ਅੰਦਰ ਲੋਕਾਂ ਨੂੰ ਸਮਰਪਿਤ ਕਰ ਦਿੱਤੇ ਜਾਣਗੇ।
ਇਸ ਮੌਕੇ ਵਿਧਾਇਕ ਸੁਰਿੰਦਰ ਡਾਬਰ, ਵਿਧਾਇਕ ਸੰਜੇ ਤਲਵਾੜ, ਪੰਜਾਬ ਰਾਜ ਉਦਯੋਗਿਕ ਵਿਕਾਸ ਕਾਰਪੋਰੇਸ਼ਨ (ਪੀ. ਐੱਸ. ਆਈ. ਡੀ. ਸੀ.) ਦੇ ਚੇਅਰਮੈਨ ਕੇ. ਕੇ. ਬਾਵਾ, ਮੇਅਰ ਬਲਕਾਰ ਸਿੰਘ ਸੰਧੂ, ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਰਮਨ ਬਾਲਾ ਸੁਬਰਾਮਨੀਯਮ, ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ, ਨਗਰ ਨਿਗਮ ਕਮਿਸ਼ਨਰ ਪ੍ਰਦੀਪ ਸੱਭਰਵਾਲ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸੰਦੀਪ ਕੁਮਾਰ ਅਤੇ ਸਿਵਲ ਸਰਜਨ ਰਾਜੇਸ਼ ਕੁਮਾਰ ਬੱਗਾ ਵੀ ਹਾਜ਼ਰ ਸਨ।