''ਸੂਬੇ ਦੀਆਂ ਮੰਡੀਆਂ ''ਚ ਹੁਣ ਤੱਕ ਝੋਨੇ ਦੀ ਕੁੱਲ ਟੀਚੇ ''ਚੋਂ 44.33 ਫੀਸਦੀ ਫ਼ਸਲ ਦੀ ਹੋਈ ਆਮਦ''

Thursday, Oct 22, 2020 - 08:40 PM (IST)

''ਸੂਬੇ ਦੀਆਂ ਮੰਡੀਆਂ ''ਚ ਹੁਣ ਤੱਕ ਝੋਨੇ ਦੀ ਕੁੱਲ ਟੀਚੇ ''ਚੋਂ 44.33 ਫੀਸਦੀ ਫ਼ਸਲ ਦੀ ਹੋਈ ਆਮਦ''

ਚੰਡੀਗੜ੍ਹ : ਪੰਜਾਬ ਸਰਕਾਰ ਵੱਲੋਂ ਕੋਵਿਡ-19 ਦੇ ਦਰਮਿਆਨ ਚੱਲ ਰਹੇ ਸਾਉਣੀ ਮੰਡੀਕਰਨ ਸੀਜ਼ਨ (ਕੇਐਮਐਸ) ਦੌਰਾਨ ਸੂਬੇ ਵਿੱਚ ਹੁਣ ਤੱਕ ਝੋਨੇ ਦੇ ਕੁੱਲ ਖਰੀਦ ਟੀਚੇ ਵਿੱਚੋਂ 44.33 ਫੀਸਦੀ ਫ਼ਸਲ ਦੀ ਆਮਦ ਹੋ ਚੁੱਕੀ ਹੈ। ਉਕਤ ਪ੍ਰਗਟਾਵਾ ਅੱਜ ਇਥੇ ਸੂਬੇ ਦੇ ਖੁਰਾਕ ਤੇ ਸਿਵਲ ਸਪਲਾਈ ਮੰਤਰੀ ਭਾਰਤ ਭੂਸ਼ਨ ਆਸ਼ੂ ਨੇ ਇਕ ਪ੍ਰੈਸ ਬਿਆਨ ਰਾਹੀਂ ਕੀਤਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਆਸ਼ੂ ਨੇ ਦੱਸਿਆ ਕਿ ਹੁਣ ਤੱਕ 76.35 ਲੱਖ ਮੀਟ੍ਰਿਕ ਟਨ ਝੋਨੇ ਦੀ ਆਮਦ ਵਿਚੋਂ 75.35 ਲੱਖ ਮੀਟ੍ਰਿਕ ਟਨ ਝੋਨਾ ਖਰੀਦਿਆ ਗਿਆ ਹੈ। ਉਨ੍ਹਾਂ ਕਿਹਾ ਕਿ ਮੰਡੀਆਂ ਵਿਚ ਪੜਾਅਵਾਰ ਢੰਗ ਨਾਲ ਝੋਨਾ ਲੈ ਕੇ ਆਉਣ ਦੀ ਪ੍ਰੀਕ੍ਰਿਆ ਤਸੱਲੀਬਖ਼ਸ਼ ਤਰੀਕੇ ਨਾਲ ਚੱਲ ਰਹੀ ਹੈ। ਖੁਰਾਕ ਮੰਤਰੀ ਨੇ ਦੱਸਿਆ ਕਿ ਮਿਤੀ 21 ਅਕਤੂਬਰ 2020 ਨੂੰ ਸੂਬੇ ਦੀਆਂ ਮੰਡੀਆਂ ਵਿੱਚ 6 ਲੱਖ 56 ਹਜ਼ਾਰ 186 ਮੀਟ੍ਰਿਕ ਟਨ ਝੋਨੇ ਦੀ ਆਮਦ ਹੋਈ, ਜਿਸ ਵਿਚੋਂ 6 ਲੱਖ 40 ਹਜ਼ਾਰ 102 ਮੀਟ੍ਰਿਕ ਟਨ ਝੋਨੇ ਦੀ ਖਰੀਦ ਕੀਤੀ ਗਈ। ਇਸ ਤੋਂ ਇਲਾਵਾ 6 ਲੱਖ 13 ਹਜ਼ਾਰ 989 ਮੀਟ੍ਰਿਕ ਟਨ ਝੋਨੇ ਦੀ ਚੁਕਾਈ ਗਈ ਅਤੇ ਹੁਣ ਤੱਕ 60 ਲੱਖ 74 ਹਜ਼ਾਰ 290 ਮੀਟ੍ਰਿਕ ਟਨ ਝੋਨੇ ਦੀ ਕੁਲ ਚੁਕਾਈ ਕੀਤੀ ਜਾ ਚੁੱਕੀ ਹੈ।

ਆਸ਼ੂ ਨੇ ਦੱਸਿਆ ਕਿ ਕਿ ਹੁਣ ਤੱਕ  ਝੋਨੇ ਦੀ ਖਰੀਦ ਸਬੰਧੀ 9921 ਕਰੋੜ ਰੁਪਏ ਜਾਰੀ ਕਰ ਦਿੱਤੇ ਗਏ ਹਨ । ਆਸ਼ੂ ਨੇ ਅਖੀਰ ਵਿੱਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀ ਕਿਸਾਨਾਂ ਦੀ ਫ਼ਸਲ ਦਾ ਦਾਣਾ-ਦਾਣਾ ਖ਼ਰੀਦੇ ਜਾਣ ਦੀ ਵਚਨਬੱਧਤਾ ਨੂੰ ਦੁਹਰਾਉਂਦਿਆਂ ਕਿਹਾ ਕਿ ਅਨਾਜ ਮੰਡੀਆਂ ਵਿੱਚ ਨਿਰਵਿਘਨ, ਮੁਸ਼ਕਿਲ ਰਹਿਤ ਅਤੇ ਸੁਰੱਖਿਅਤ ਖਰੀਦ ਨੂੰ ਪੰਜਾਬ ਸਰਕਾਰ ਵੱਲੋਂ ਯਕੀਨੀ ਬਣਾਇਆ ਗਿਆ ਹੈ।
 


author

Deepak Kumar

Content Editor

Related News