ਭਾਰਤ ਬੰਦ ਕਾਰਨ ਪਰੇਸ਼ਾਨ ਦਿਸੇ ਮੁਸਾਫ਼ਿਰ, ਭਾਰੀ ਭੀੜ ਕਰਕੇ ਸੀਟਾਂ ਫੁੱਲ, ਛੱਤਾਂ ’ਤੇ ਸਫ਼ਰ ਕਰਨਾ ਬਣਿਆ ਮਜਬੂਰੀ

06/20/2022 2:47:59 PM

ਜਲੰਧਰ (ਪੁਨੀਤ)-ਪ੍ਰਦਰਸ਼ਨ ਕਾਰਨ ਬੀਤੇ ਦਿਨੀਂ ਸਰਕਾਰੀ ਬੱਸਾਂ ਨਾਲ ਸਬੰਧਤ 600 ਤੋਂ ਵੱਧ ਟਾਈਮ ਮਿਸ ਹੋਏ ਅਤੇ ਮੁਸਾਫ਼ਿਰਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ, ਜਿਸ ਕਾਰਨ ਕਈ ਮੁਸਾਫ਼ਿਰ ਅਗਲੇ ਦਿਨ ਸਫ਼ਰ ਕਰਨ ਦਾ ਮਨ ਬਣਾ ਕੇ ਆਪਣੇ ਘਰਾਂ ਨੂੰ ਪਰਤ ਗਏ ਸਨ। ਉਕਤ ਮੁਸਾਫ਼ਿਰ ਬੱਸਾਂ ਵਿਚ ਸਫ਼ਰ ਕਰਨ ਲਈ ਨਿਕਲੇ ਪਰ ਉਨ੍ਹਾਂ ਨੂੰ ਭਾਰੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ, ਜਿਸ ਦਾ ਮੁੱਖ ਕਾਰਨ ਇਹ ਰਿਹਾ ਕਿ ਸੋਮਵਾਰ ਨੂੰ ‘ਭਾਰਤ ਬੰਦ’ ਦਾ ਸੱਦਾ ਦਿੱਤਾ ਜਾ ਚੁੱਕਾ ਸੀ, ਜਿਸ ਨੂੰ ਲੈ ਕੇ ਮੁਸਾਫ਼ਿਰ ਬਹੁਤ ਫਿਕਰਮੰਦ ਨਜ਼ਰ ਆ ਰਹੇ ਹਨ ਅਤੇ ਆਪਣੇ ਘਰਾਂ ਨੂੰ ਵਾਪਸ ਪਰਤਣ ਦੀ ਕੋਸ਼ਿਸ਼ ਕਰ ਰਹੇ ਹਨ।

‘ਭਾਰਤ ਬੰਦ’ ਦੇ ਸੱਦੇ ਕਾਰਨ ਵੱਡੀ ਗਿਣਤੀ ਵਿਚ ਮੁਸਾਫ਼ਿਰ ਪਰੇਸ਼ਾਨ ਨਜ਼ਰ ਆ ਰਹੇ ਹਨ ਕਿਉਂਕਿ ਸੋਮਵਾਰ ਨੂੰ ਬੱਸਾਂ ਚੱਲਣ ਬਾਰੇ ਦੁਚਿੱਤੀ ਵਾਲਾ ਮਾਹੌਲ ਬਣਿਆ ਰਿਹਾ। ਇਸ ਕਾਰਨ ਐਤਵਾਰ ਨੂੰ ਬੱਸ ਅੱਡਿਆਂ ’ਤੇ ਮੁਸਾਫ਼ਿਰ ਦੀ ਭਾਰੀ ਭੀੜ ਵੇਖਣ ਨੂੰ ਮਿਲੀ। ਬੱਸ ਅੱਡਿਆਂ ’ਤੇ ਮੇਲੇ ਵਰਗਾ ਮਾਹੌਲ ਵੇਖਿਆ ਗਿਆ। ਬੱਸਾਂ ਦੀਆਂ ਸੀਟਾਂ ਫੁੱਲ ਸਨ। ਲੋਕਾਂ ਨੂੰ ਖੜ੍ਹੇ ਹੋ ਕੇ ਸਫ਼ਰ ਕਰਨ ਲਈ ਮਜਬੂਰ ਹੋਣਾ ਪੈ ਰਿਹਾ ਸੀ। ਇਸ ਦੌਰਾਨ ਕਈ ਲੋਕ ਬੱਸਾਂ ਦੇ ਅੰਦਰ ਵੀ ਨਹੀਂ ਦਾਖਲ ਹੋ ਪਾ ਰਹੇ ਸਨ। ਭਾਰੀ ਭੀੜ ਹੋਣ ਕਾਰਨ ਚਾਲਕ ਦਲਾਂ ਵੱਲੋਂ ਬੱਸਾਂ ਦੇ ਦਰਵਾਜ਼ੇ ਬੰਦ ਕਰ ਦਿੱਤੇ ਗਏ, ਇਸ ਕਾਰਨ ਬੱਸਾਂ ਦੀਆਂ ਛੱਤਾਂ ਉਪਰ ਸਫਰ ਕਰਨਾ ਕਈਆਂ ਲਈ ਮਜਬੂਰੀ ਬਣ ਗਿਆ ਅਤੇ ਉਹ ਹਾਦਸੇ ਦੀ ਪ੍ਰਵਾਹ ਕੀਤੇ ਬਿਨਾਂ ਬੱਸਾਂ ਦੇ ਉਪਰ ਚੜ੍ਹ ਗਏ।

ਇਹ ਵੀ ਪੜ੍ਹੋ:  ਜਲੰਧਰ: ਹੋਟਲ ’ਚ ਔਰਤ ਨਾਲ ਰੰਗਰਲੀਆਂ ਮਨਾ ਰਿਹਾ ਸੀ ਪਤੀ, ਮੌਕੇ ’ਤੇ ਪੁੱਜੀ ਪਤਨੀ ਨੇ ਰੰਗੇ ਹੱਥੀਂ ਕੀਤਾ ਕਾਬੂ

PunjabKesari

ਹੁਣ ਤੱਕ ਜੋ ਜਾਣਕਾਰੀ ਮਿਲੀ ਹੈ, ਉਸ ਮੁਤਾਬਕ ਸੋਮਵਾਰ ਦਾ ਦਿਨ ਵੀ ਬੱਸਾਂ ਦੇ ਮੁਸਾਫ਼ਿਰਾਂ ਲਈ ਪਰੇਸ਼ਾਨੀ ਵਾਲਾ ਹੋ ਸਕਦਾ ਹੈ ਕਿਉਂਕਿ ਕਈ ਸੰਗਠਨਾਂ ਵੱਲੋਂ ਇਸ ਯੋਜਨਾ ਦੇ ਵਿਰੋਧ ਵਿਚ ‘ਭਾਰਤ ਬੰਦ’ ਦਾ ਸੱਦਾ ਦਿੱਤਾ ਗਿਆ ਹੈ। ਬੱਸਾਂ ਦੇ ਚੱਲਣ ਨੂੰ ਲੈ ਕੇ ਦੁਚਿੱਤੀ ਵਾਲਾ ਮਾਹੌਲ ਬਣਿਆ ਹੋਇਆ ਹੈ ਅਤੇ ਕੋਈ ਵੀ ਅਧਿਕਾਰੀ ਕੁਝ ਕਹਿਣ ਨੂੰ ਤਿਆਰ ਨਹੀਂ। ਹਾਲਾਤ ਅਜਿਹੇ ਬਣੇ ਹੋਏ ਹਨ ਕਿ ਸੈਨਾ ਭਰਤੀ ਯੋਜਨਾ ਦੀਆਂ ਲਾਟਾਂ ਪੰਜਾਬ ਅਤੇ ਨੇੜਲੇ ਸੂਬਿਆਂ ਤੱਕ ਜਾ ਪਹੁੰਚੀਆਂ ਹਨ। ਬੀਤੇ ਦਿਨੀਂ ਹੋਈਆਂ ਘਟਨਾਵਾਂ ਨਾਲ ਸਫਰ ਨੂੰ ਲੈ ਕੇ ਲੋਕਾਂ ਵਿਚ ਤਣਾਅ ਦਾ ਮਾਹੌਲ ਦੇਖਣ ਨੂੰ ਮਿਲ ਰਿਹਾ ਹੈ। ਬੱਚਿਆਂ ਨਾਲ ਸਫ਼ਰ ਕਰਨ ਦੇ ਪ੍ਰੋਗਰਾਮ ਲੋਕਾਂ ਵੱਲੋਂ ਰੱਦ ਕੀਤੇ ਜਾ ਰਹੇ ਹਨ। ਟਰੇਨਾਂ ਦੀ ਆਵਾਜਾਈ ਨੂੰ ਰੋਕਣ ਲਈ ਹੈੱਡ ਆਫ਼ਿਸ ਤੋਂ ਮਨਜ਼ੂਰੀ ਮਿਲਣ ਤੋਂ ਬਾਅਦ ਟਰੇਨਾਂ ਨੂੰ ਆਸਾਨੀ ਨਾਲ ਰੱਦ ਕਰ ਦਿੱਤਾ ਜਾਂਦਾ ਹੈ ਪਰ ਬੱਸਾਂ ਦੀ ਆਵਾਜਾਈ ਨੂੰ ਰੋਕਣ ਦੇ ਪੂਰੇ ਅਧਿਕਾਰ ਰੱਖਣ ਵਾਲੇ ਅਧਿਕਾਰੀ ਪੰਜਾਬ ਵਿਚ ਹੀ ਮੌਜੂਦ ਹਨ। ਇਸ ਦੇ ਬਾਵਜੂਦ ਅਧਿਕਾਰੀਆਂ ਵੱਲੋਂ ਐਤਵਾਰ ਰਾਤ ਤੱਕ ਬੱਸਾਂ ਸਬੰਧੀ ਕੋਈ ਹੁਕਮ ਜਾਰੀ ਨਹੀਂ ਕੀਤੇ ਗਏ।

PunjabKesari

ਮਨਜ਼ੂਰੀ ਦੇਣ ਤੋਂ ਕੰਨੀਂ ਕਤਰਾਅ ਰਿਹਾ ਵਿਭਾਗ, ਮਾਹੌਲ ’ਤੇ ਨਿਰਭਰ ਹੋਵੇਗੀ ਆਵਾਜਾਈ
ਦੱਸਿਆ ਜਾ ਰਿਹਾ ਹੈ ਕਿ ਅਗਨੀਪਥ ਯੋਜਨਾ ਦਾ ਮਾਮਲਾ ਕੇਂਦਰ ਸਰਕਾਰ ਨਾਲ ਜੁੜਿਆ ਹੋਣ ਕਾਰਨ ਅਧਿਕਾਰੀ ਲਿਖਤੀ ਰੂਪ ਵਿਚ ਬੱਸਾਂ ਬੰਦ ਰੱਖਣ ਦੀ ਕੋਈ ਵੀ ਮਨਜ਼ੂਰੀ ਦੇਣ ਤੋਂ ਕੰਨੀਂ ਕਤਰਾਅ ਰਹੇ ਹਨ। ਅਧਿਕਾਰੀਆਂ ਦਾ ਕਹਿਣਾ ਹੈ ਕਿ ਖ਼ਬਰਾਂ ਜ਼ਰੀਏ ਉਨ੍ਹਾਂ ਨੂੰ ਇਸ ਗੱਲ ਦੀ ਜਾਣਕਾਰੀ ਮਿਲ ਚੁੱਕੀ ਹੈ ਕਿ 20 ਜੂਨ ਨੂੰ ‘ਭਾਰਤ ਬੰਦ’ ਦਾ ਸੱਦਾ ਦਿੱਤਾ ਗਿਆ ਸੀ। ਅਧਿਕਾਰੀਆਂ ਦਾ ਕਹਿਣਾ ਹੈ ਕਿ ਬੱਸਾਂ ਬੰਦ ਰੱਖਣ ਦਾ ਫ਼ੈਸਲਾ ਪਹਿਲਾਂ ਹੀ ਜਾਰੀ ਕਰਨਾ ਸੰਭਵ ਨਹੀਂ ਹੈ। ਇਸ ਕਾਰਨ ਜੀ. ਐੱਮ. ਨੂੰ ਆਪਣੇ ਪੱਧਰ ’ਤੇ ਹਾਲਾਤ ਨਾਲ ਨਜਿੱਠਣ ਲਈ ਕਿਹਾ ਗਿਆ ਹੈ। ਉਥੇ ਹੀ, ਜੀ. ਐੱਮ. ਰੈਂਕ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਬੱਸਾਂ ਚਲਾਉਣ ਦਾ ਫੈਸਲਾ ਮਾਹੌਲ ’ਤੇ ਨਿਰਭਰ ਕਰੇਗਾ। ਜੇਕਰ ਸਬੰਧਤ ਰੂਟ ਦੇ ਰਸਤੇ ਕਲੀਅਰ ਹੋਣਗੇ ਤਾਂ ਬੱਸਾਂ ਰਵਾਨਾ ਕਰ ਦਿੱਤੀਆਂ ਜਾਣਗੀਆਂ। ਜਿਨ੍ਹਾਂ ਰੂਟਾਂ ’ਤੇ ਜਾਮ ਅਤੇ ਰਸਤੇ ਬੰਦ ਹੋਣਗੇ, ਉਥੇ ਬੱਸਾਂ ਦੀ ਆਵਾਜਾਈ ਰੋਕ ਦਿੱਤੀ ਜਾਵੇਗੀ।

ਇਹ ਵੀ ਪੜ੍ਹੋ:  ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਵਧੀ ਬੁਲੇਟ ਪਰੂਫ਼ ਗੱਡੀਆਂ ਦੀ ਮੰਗ, ਜਾਣੋ ਕਿੰਨਾ ਆਉਂਦਾ ਹੈ ਖ਼ਰਚਾ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


shivani attri

Content Editor

Related News