ਸਮਰਾਲਾ ''ਚ ਸੜਕਾਂ ''ਤੇ ਉਤਰੇ ਸੈਂਕੜੇ ਕਿਸਾਨ, ਪਿੰਡਾਂ ''ਚ ਵੀ ਦਿਖਿਆ ਬੰਦ ਦਾ ਅਸਰ (ਤਸਵੀਰਾਂ)

Monday, Sep 27, 2021 - 11:58 AM (IST)

ਸਮਰਾਲਾ (ਗਰਗ) : ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਕਿਸਾਨ ਮੋਰਚੇ ਵੱਲੋਂ ਦਿੱਤੇ ਗਏ ਭਾਰਤ ਬੰਦ ਦੇ ਸੱਦੇ ਨੂੰ ਸਾਰੇ ਵਰਗਾਂ ਦਾ ਭਰਪੂਰ ਸਮਰਥਨ ਮਿਲਿਆ ਹੈ। ਪੰਜਾਬ ਦੀਆਂ ਕਿਸਾਨ ਜੱਥੇਬੰਦੀਆਂ ਵੱਲੋ ਸੂਬੇ ਭਰ ਵਿਚ 300 ਦੇ ਕਰੀਬ ਥਾਵਾਂ 'ਤੇ ਸਵੇਰ 6 ਵਜੇ ਤੋਂ ਰਸਤੇ ਰੋਕੇ ਹੋਏ ਹਨ। ਸਮਰਾਲਾ ਵਿਚ ਵੀ ਸੈਂਕੜੇ ਹੀ ਕਿਸਾਨਾਂ ਨੇ 5-6 ਥਾਵਾਂ 'ਤੇ ਧਰਨੇ ਦਿੰਦੇ ਹੋਏ ਸਾਰੇ ਪ੍ਰਮੁੱਖ ਮਾਰਗ ਬੰਦ ਕੀਤੇ ਹੋਏ ਹਨ। ਸੂਬੇ ਵਿਚ ਰੇਲ ਆਵਾਜਾਈ ਵੀ ਕਿਸਾਨਾਂ ਵਲੋਂ ਰੇਲਵੇ ਟਰੈਕ 'ਤੇ ਲਾਏ ਧਰਨਿਆਂ ਕਾਰਨ ਠੱਪ ਹੈ। ਕਿਸਾਨਾਂ ਦੇ ਬੰਦ ਨੂੰ ਵੇਖਦੇ ਹੋਏ ਸਰਕਾਰੀ ਅਤੇ ਨਿੱਜੀ ਬੱਸ ਸਰਵਿਸ ਵੀ ਬੰਦ ਰੱਖੀ ਗਈ ਹੈ। ਸਾਰੇ ਕਾਰੋਬਾਰੀ ਅਦਾਰੇ ਅਤੇ ਬਾਜ਼ਾਰ ਪੂਰੀ ਤਰ੍ਹਾਂ ਬੰਦ ਹਨ।

PunjabKesari

ਇੱਥੋਂ ਤੱਕ ਕਿ ਪਿੰਡਾਂ ਵਿੱਚ ਵੀ ਬੰਦ ਦਾ ਵੱਡਾ ਅਸਰ ਵਿਖਾਈ ਦੇ ਰਿਹਾ ਹੈ। ਪਿੰਡਾਂ ਦੀਆਂ ਦੁਕਾਨਾਂ ਤੱਕ ਬੰਦ ਪਈਆਂ ਹਨ ਅਤੇ ਰਾਹ ਵੀ ਕਿਸਾਨਾਂ ਵੱਲੋਂ ਜਾਮ ਕੀਤੇ ਹੋਏ ਹਨ। ਉਧਰ ਸਮਰਾਲਾ ਦੇ ਨੀਲੋਂ ਪੁਲ, ਘੁਲਾਲ ਟੋਲ ਪਲਾਜ਼ਾ, ਕੁੱਬੇ ਟੋਲ ਪਲਾਜ਼ਾ, ਸਮਰਾਲਾ ਬਾਈਪਾਸ ਸਮੇਤ ਹੋਰ ਕਈ ਥਾਵੀਂ ਕਿਸਾਨਾਂ ਦੇ ਧਰਨੇ ਜਾਰੀ ਹਨ। ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਆਗੂਆਂ ਦੀ ਅਗਵਾਈ ਵਿਚ ਨੀਲੋ ਪੁਲ 'ਤੇ ਕਿਸਾਨਾਂ ਦਾ ਜ਼ੋਰਦਾਰ ਪ੍ਰਦਰਸ਼ਨ ਜਾਰੀ ਹੈ। ਕਿਸਾਨਾਂ ਨੇ ਖੇਤੀ ਕਨੂੰਨ ਰੱਦ ਕਰਵਾਉਣ ਲਈ ਹਰ ਕੁਰਬਾਨੀ ਦਿੰਦੇ ਹੋਏ  ਆਰ-ਪਾਰ ਦੀ ਲੜਾਈ ਲਈ ਦਿੱਲੀ ਜਾਣ ਦਾ ਐਲਾਨ ਕੀਤਾ ਹੈ।
ਮਾਛੀਵਾੜਾ ’ਚ ਭਾਰਤ ਬੰਦ ਨੂੰ ਭਰਪੂਰ ਸਮਰਥਨ

ਮਾਛੀਵਾੜਾ ਸਾਹਿਬ (ਟੱਕਰ) : ਸੰਯੁਕਤ ਕਿਸਾਨ ਮੋਰਚੇ ਵੱਲੋਂ ਖੇਤੀਬਾੜੀ ਕਾਲੇ ਕਾਨੂੰਨਾਂ ਖ਼ਿਲਾਫ਼ ਭਾਰਤ ਬੰਦ ਸੱਦੇ ਨੂੰ ਮਾਛੀਵਾੜਾ ’ਚ ਭਰਪੂਰ ਸਮਰਥਨ ਮਿਲਿਆ ਅਤੇ ਜਿੱਥੇ ਸ਼ਹਿਰ ਦੀਆਂ ਸਾਰੀਆਂ ਦੁਕਾਨਾਂ ਮੁਕੰਮਲ ਬੰਦ ਰਹੀਆਂ, ਉੱਥੇ ਆਵਾਜਾਈ ਵੀ ਠੱਪ ਰਹੀ। ਮਾਛੀਵਾੜਾ ਦੇ ਖਾਲਸਾ ਚੌਂਕ ਵਿਖੇ ਕਿਸਾਨਾਂ, ਧਾਰਮਿਕ ਤੇ ਸਮਾਜਿਕ ਜੱਥੇਬੰਦੀਆਂ ਵੱਲੋਂ ਲਗਾਏ ਰੋਸ ਧਰਨੇ ਨੂੰ ਸੰਬੋਧਨ ਕਰਦਿਆਂ ਕਿਸਾਨ ਆਗੂ ਜੱਥੇਦਾਰ ਮਨਮੋਹਣ ਸਿੰਘ ਖੇੜਾ ਨੇ ਕਿਹਾ ਕਿ ਦੇਸ਼ ਦੇ ਹੰਕਾਰੀ ਪ੍ਰਧਾਨ ਮੰਤਰੀ ਮੋਦੀ ਨੂੰ ਲੋਕਾਂ ਦੇ ਰੋਹ ਅੱਗੇ ਝੁੱਕਣਾ ਪਵੇਗਾ ਅਤੇ ਖੇਤੀਬਾੜੀ ਕਾਲੇ ਕਾਨੂੰਨ ਰੱਦ ਕਰਨੇ ਪੈਣਗੇ।

PunjabKesari

ਉਨ੍ਹਾਂ ਕਿਹਾ ਕਿ ਕਾਲੇ ਕਾਨੂੰਨਾਂ ਖ਼ਿਲਾਫ਼ ਪੰਜਾਬ ਤੋਂ ਸ਼ੁਰੂ ਹੋਈ ਇਹ ਚਿੰਗਾਰੀ ਅੱਜ ਪੂਰੇ ਦੇਸ਼ ਵਿਚ ਫੈਲ ਰਹੀ ਹੈ, ਜਿਸ ਨਾਲ ਹਰੇਕ ਵਰਗ ਜਿਸ ’ਚ ਦੁਕਾਨਦਾਰ, ਮਜ਼ਦੂਰ, ਵਪਾਰੀ, ਨੌਜਵਾਨ ਵੀ ਸ਼ਮੂਲੀਅਤ ਕਰ ਰਹੇ ਹਨ। ਬੁਲਾਰਿਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਉਨ੍ਹਾਂ ਦਾ ਅੰਦੋਲਨ ਜਿੱਤ ਦੇ ਬਿਲਕੁਲ ਨੇੜੇ ਹੈ ਅਤੇ ਇਹ ਕਾਨੂੰਨ ਰੱਦ ਹੋਣਗੇ। ਇਸ ਮੌਕੇ ਅਮਰੀਕ ਸਿੰਘ ਧਾਰੀਵਾਲ, ਕਾਮਰੇਡ ਜਗਦੀਸ਼ ਰਾਏ ਬੌਬੀ, ਸੁਖਵਿੰਦਰ ਸਿੰਘ ਗਿੱਲ, ਨਿਰੰਜਨ ਸਿੰਘ ਨੂਰ, ਕਾਮਰੇਡ ਦਰਸ਼ਨ ਲਾਲ, ਮਹਿੰਦਰ ਸਿੰਘ ਮਾਂਗਟ ਵੀ ਮੌਜੂਦ ਸਨ।


Babita

Content Editor

Related News