ਭਾਖੜਾ ਨਹਿਰ ''ਚ ਡਿੱਗੀ ਕਾਰ, ਭੈਣ-ਭਰਾ ਦੀ ਮੌਤ

Saturday, Feb 15, 2020 - 07:35 PM (IST)

ਰੂਪਨਗਰ/ਸ੍ਰੀ ਕੀਰਤਪੁਰ ਸਾਹਿਬ,(ਵਿਜੇ ਸ਼ਰਮਾ/ਸੱਜਣ ਸੈਣੀ) : ਪਿੰਡ ਆਲੋਵਾਲ ਨਜ਼ਦੀਕ ਇੱਕ ਕਾਰ ਭਾਖੜਾ ਨਹਿਰ 'ਚ ਡਿੱਗ ਜਾਣ ਕਾਰਨ ਕਾਰ ਸਵਾਰ ਭੈਣ-ਭਰਾ ਦੀ ਮੌਤ ਹੋ ਜਾਣ ਦੀ ਸੂਚਨਾ ਮਿਲੀ ਹੈ। ਜਦ ਕਿ ਕਾਰ ਚਾਲਕ ਫੌਜੀ ਨੌਜਵਾਨ ਤੈਰ ਕੇ ਨਹਿਰ 'ਚੋਂ ਬਾਹਰ ਆ ਗਿਆ। ਸੂਚਨਾ ਮਿਲਣ ਤੋਂ ਬਾਅਦ ਥਾਣਾ ਸ੍ਰੀ ਕੀਰਤਪੁਰ ਸਾਹਿਬ ਤੋਂ ਐਸ. ਐਚ. ਓ ਸੰਨੀ ਖੰਨਾ ਤੇ ਭਰਤਗੜ੍ਹ ਪੁਲਿਸ ਚੌਂਕੀ ਇੰਚਾਰਜ ਏ. ਐਸ. ਆਈ ਹਰਬੰਸ ਸਿੰਘ ਪੁਲਸ ਪਾਰਟੀ ਨਾਲ ਮੌਕੇ 'ਤੇ ਪਹੁੰਚ ਗਏ ਅਤੇ ਬਚਾਅ ਕਾਰਜ ਸ਼ੁਰੂ ਕਰ ਦਿਤੇ।
ਨਹਿਰ 'ਚੋਂ ਤਾਰੀ ਲਗਾ ਕੇ ਬਾਹਰ ਆਏ ਕਾਰ ਚਾਲਕ ਫੌਜੀ ਨੌਜਵਾਨ ਹੌਲਦਾਰ ਸੁਖਵਿੰਦਰ ਸਿੰਘ ਪੁੱਤਰ ਹਰਬੰਸ ਸਿੰਘ ਵਾਸੀ ਪਿੰਡ ਆਲੋਵਾਲ ਥਾਣਾ ਸ੍ਰੀ ਕੀਰਤਪੁਰ ਸਾਹਿਬ ਨੇ ਦੱਸਿਆ ਕਿ ਉਹ ਅੱਜ ਬਾਅਦ ਦੁਪਹਿਰ ਆਪਣੀ ਇੰਡੀਗੋ ਕਾਰ ਵਿਚ ਆਪਣੇ ਪਿਤਾ ਹਰਬੰਸ ਸਿੰਘ (55) ਪੁੱਤਰ ਪ੍ਰਕਾਸ਼ ਸਿੰਘ ਨੂੰ ਦਵਾਈ ਲੈ ਕੇ ਆਪਣੇ ਜੱਦੀ ਪਿੰਡ ਆਲੋਵਾਲ ਨੂੰ ਆ ਰਿਹਾ ਸੀ, ਰਸਤੇ ਵਿਚ ਉਸਦੀ ਭੂਆ ਗੀਤਾ ਦੇਵੀ (60) ਪਤਨੀ ਰਾਮ ਗੋਪਾਲ ਵਾਸੀ ਬੱਦੀ ਜਿਲ੍ਹਾ ਸੋਲਨ (ਹਿ.ਪ੍ਰ) ਵੀ ਉਨ੍ਹਾਂ ਨੂੰ ਮਿਲ ਗਈ, ਉਸ ਨੂੰ ਵੀ ਉਨ੍ਹਾਂ ਨੇ ਕਾਰ ਵਿਚ ਬਿਠਾ ਲਿਆ। ਪਿੰਡ ਆਲੋਵਾਲ ਨੇੜੇ ਆ ਕੇ ਕਾਰ ਦਾ ਸੰਤੁਲਨ ਵਿਗੜ ਗਿਆ ਤੇ ਕਾਰ ਬੇਕਾਬੂ ਹੋ ਕੇ ਨਹਿਰ ਵਿਚ ਡਿੱਗ ਗਈ। ਉਸ ਨੂੰ ਪਾਣੀ ਵਿਚ ਤੈਰਨਾ ਆਉਂਦਾ ਸੀ, ਜਿਸ ਕਾਰਨ ਉਹ ਨਹਿਰ 'ਚੋਂ ਬਾਹਰ ਨਿਕਲ ਆਇਆ । ਕਾਰ ਵਿਚ ਸਵਾਰ ਆਪਣੇ ਪਿਤਾ ਤੇ ਭੂਆ ਨੂੰ ਬਚਾਉਣ ਦੀ ਉਸ ਨੇ ਬਹੁਤ ਕੋਸ਼ਿਸ਼ ਕੀਤੀ ਪਰ ਕਾਰ ਪਾਣੀ ਵਿਚ ਡੁੱਬ ਗਈ।ਮੌਕੇ 'ਤੇ ਮੌਜੂਦ ਥਾਣਾ ਮੁਖੀ ਸੰਨੀ ਖੰਨਾ ਨੇ ਦੱਸਿਆ ਕਿ ਨਹਿਰ 'ਚ ਰੁੜ੍ਹੇ ਭੈਣ-ਭਰਾ ਤੇ ਕਾਰ ਨੂੰ ਬਾਹਰ ਕੱਢਣ ਲਈ ਰੋਪੜ ਤੋਂ ਗੋਤਾਖੋਰ ਬੁਲਾਏ ਗਏ, ਜਿੰਨਾਂ ਨੇ ਨਹਿਰ ਵਿਚ ਰੁੜ੍ਹੀ ਕਾਰ ਅਤੇ ਕਾਰ ਸਵਾਰ ਭੈਣ-ਭਰਾ ਦੀ ਤਲਾਸ਼ ਸ਼ੁਰੂ ਕਰ ਦਿਤੀ।
ਕਾਰ ਤੇ ਲਾਸ਼ਾਂ ਬਰਾਮਦ
ਦੇਰ ਸ਼ਾਮ ਬਚਾਅ ਕਾਰਜ ਵਿਚ ਜੁਟੇ ਗੋਤਾਖੋਰਾਂ ਨੇ ਭਾਖੜਾ ਨਹਿਰ ਵਿਚ ਰੁੜ੍ਹੀ ਕਾਰ ਅਤੇ ਕਾਰ ਵਿਚ ਸਵਾਰ ਹਰਬੰਸ ਸਿੰਘ ਤੇ ਉਸ ਦੀ ਭੈਣ ਗੀਤਾ ਦੇਵੀ ਦੀਆਂ ਲਾਸ਼ਾਂ ਬਰਾਮਦ ਕਰ ਲਈਆਂ ਸਨ। ਥਾਣਾ ਮੁਖੀ ਸੰਨੀ ਖੰਨਾ ਕੀਰਤਪੁਰ ਸਾਹਿਬ ਅਤੇ ਭਰਤਗੜ੍ਹ ਪੁਲਸ ਚੌਂਕੀ ਇੰਚਾਰਜ ਹਰਬੰਸ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਦੋਵੇਂ ਲਾਸ਼ਾਂ ਨੂੰ ਕਬਜ਼ੇ ਵਿਚ ਲੈ ਕੇ ਸਿਵਲ ਹਸਪਤਾਲ ਰੂਪਨਗਰ ਭੇਜ ਦਿੱਤਾ ਹੈ ਅਤੇ 174 ਦੀ ਕਾਰਵਾਈ ਕੀਤੀ ਜਾ ਰਹੀ ਹੈ।


Related News