ਕਿਉਂ ਹੋ ਰਿਹਾ ਹੈ ਜਥੇਦਾਰ ਕੁਲਦੀਪ ਸਿੰਘ ਗੜਗੱਜ ਦਾ ਵਿਰੋਧ? ਭਾਈ ਸਰਬਜੀਤ ਧੁੰਦਾ ਨੇ ਆਖ਼ੀਆਂ ਵੱਡੀਆਂ ਗੱਲਾਂ

Wednesday, Mar 12, 2025 - 01:28 PM (IST)

ਕਿਉਂ ਹੋ ਰਿਹਾ ਹੈ ਜਥੇਦਾਰ ਕੁਲਦੀਪ ਸਿੰਘ ਗੜਗੱਜ ਦਾ ਵਿਰੋਧ? ਭਾਈ ਸਰਬਜੀਤ ਧੁੰਦਾ ਨੇ ਆਖ਼ੀਆਂ ਵੱਡੀਆਂ ਗੱਲਾਂ

ਅੰਮ੍ਰਿਤਸਰ/ਰੂਪਨਗਰ (ਵੈੱਬ ਡੈਸਕ): ਸਿੱਖ ਪ੍ਰਚਾਰਕ ਭਾਈ ਸਰਬਜੀਤ ਸਿੰਘ ਧੁੰਦਾ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਨਵ-ਨਿਯੁਕਤ ਜਥੇਦਾਰ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਸਿੰਘ ਸਾਹਿਬ ਕੁਲਦੀਪ ਸਿੰਘ ਗੜਗੱਜ ਦੇ ਹੱਕ ਵਿਚ ਨਿੱਤਰੇ ਹਨ। ਉਨ੍ਹਾਂ ਨੇ ਕੁਲਦੀਪ ਸਿੰਘ ਗੜਗੱਜ ਦਾ ਵਿਰੋਧ ਕਰਨ ਵਾਲਿਆਂ 'ਤੇ ਵੀ ਤਿੱਖੇ ਨਿਸ਼ਾਨੇ ਵਿੰਨ੍ਹੇ ਹਨ। ਜੈਤੋ ਦੇ ਪਿੰਡ ਕਰੀਰਵਾਲਾ ਵਿਚ ਬੋਲਦਿਆਂ ਭਾਈ ਸਰਬਜੀਤ ਸਿੰਘ ਧੁੰਦਾ ਨੇ ਕਿਹਾ ਕਿ ਭਾਈ ਕੁਲਦੀਪ ਸਿੰਘ ਗੜਗੱਜ ਦਾ ਪਿਛੋਕੜ ਮਿਸ਼ਨਰੀ ਕਾਲਜ ਨਾਲ ਸਬੰਧਤ ਹੈ। ਉਨ੍ਹਾਂ ਦੀ ਨਿਯੁਕਤੀ 'ਤੇ ਸੰਪਰਦਾਈ ਸਭ ਤੋਂ ਵੱਧ ਰੌਲ਼ਾ ਪਾ ਰਹੇ ਹਨ। 

ਇਹ ਖ਼ਬਰ ਵੀ ਪੜ੍ਹੋ - ਪੰਜਾਬੀਓ! 20 ਦਿਨਾਂ ਦੇ ਅੰਦਰ-ਅੰਦਰ ਨਿਬੇੜ ਲਓ ਆਹ ਕੰਮ, ਨਹੀਂ ਤਾਂ ਪੈ ਸਕਦੈ ਪਛਤਾਉਣਾ

ਭਾਈ ਸਰਬਜੀਤ ਸਿੰਘ ਧੁੰਦਾ ਨੇ ਕਿਹਾ ਕਿ ਸਾਨੂੰ ਆਸ ਹੈ ਕਿ ਭਾਈ ਕੁਲਦੀਪ ਸਿੰਘ ਗੜਗੱਜ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਮਰਿਆਦਾ ਦੀ ਗੱਲ ਜ਼ਰੂਰ ਕਰਨਗੇ। ਹੋ ਸਕਦੈ ਹੈ ਕਿ ਹੁਣ ਮੂਲ ਨਾਨਕਸ਼ਾਹੀ ਕਲੰਡਰ ਲਾਗੂ ਹੋ ਜਾਵੇ। ਇਹ ਕਲੰਡਰ ਪਾਲ ਸਿੰਘ ਪੁਰੇਵਾਲ ਨੇ ਇੰਨਾਂ ਲੰਮਾਂ ਸਮਾਂ ਮਿਹਨਤ ਕਰਕੇ ਤਿਆਰ ਕੀਤਾ ਤੇ 2003 ਵਿਚ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਲਾਗੂ ਵੀ ਹੋ ਗਿਆ ਸੀ, ਪਰ 2006 ਵਿਚ ਉਸ ਨੂੰ ਖਾਰਿਜ ਕਰ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਜੇ ਕੋਈ ਚੰਗਾ ਵਿਅਕਤੀ ਅੱਗੇ ਆਉਂਦਾ ਹੈ ਤਾਂ ਸਾਰਿਆਂ ਨੂੰ ਸਹਿਯੋਗ ਕਰਨਾ ਚਾਹੀਦਾ ਹੈ। 

ਇਹ ਖ਼ਬਰ ਵੀ ਪੜ੍ਹੋ - MP ਅੰਮ੍ਰਿਤਪਾਲ ਸਿੰਘ ਨੂੰ ਮਿਲੇਗੀ 54 ਦਿਨ ਦੀ ਛੁੱਟੀ! ਸੰਸਦੀ ਪੈਨਲ ਨੇ ਕੀਤੀ ਸਿਫ਼ਾਰਸ਼

ਭਾਈ ਧੁੰਦਾ ਨੇ ਕਿਹਾ ਕਿ ਜਦੋਂ ਕੋਈ ਨਵਾਂ ਜਥੇਦਾਰ ਚੁਣਿਆ ਜਾਂਦਾ ਹੈ ਤਾਂ ਨਿਹੰਗ ਜਥੇਬੰਦੀਆਂ, ਟਕਸਾਲ, ਨਾਨਕਸਰੀਏ ਸਮੇਤ ਸਾਰੀਆਂ ਸੰਪਰਦਾਵਾਂ ਨੂੰ ਸੱਦਾ ਦਿੱਤਾ ਜਾਂਦਾ ਹੈ। ਪਰ ਕਿਸੇ ਮਿਸ਼ਨਰੀ ਕਾਲਜ ਨੂੰ ਸੱਦਾ ਨਹੀਂ ਭੇਜਿਆ ਜਾਂਦਾ। ਇਸ ਦਾ ਮਤਲਬ ਉਹ ਸਾਨੂੰ ਕੌਮ ਦਾ ਹਿੱਸਾ ਹੀ ਨਹੀਂ ਮੰਨਦੇ। ਜਦਕਿ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਛਪਣ ਵਾਲੀ ਮਰਿਆਦਾ ਦਾ ਸਭ ਤੋਂ ਵੱਧ ਪ੍ਰਚਾਰ ਮਿਸ਼ਨਰੀ ਕਾਲਜਾਂ ਵੱਲੋਂ ਕੀਤਾ ਜਾਂਦਾ ਹੈ, ਪਰ ਸੱਦਿਆ ਉਨ੍ਹਾਂ ਨੂੰ ਜਾਂਦਾ ਹੈ ਜਿਹੜੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਮਰਿਆਦਾ ਤੋਂ ਭਗੌੜੇ ਹੋਣ। ਜਦੋਂ ਸੰਪਰਦਾਵਾਂ ਦੇ ਵਿਅਕਤੀਆਂ ਨੂੰ ਗ੍ਰੰਥੀ, ਹੈੱਡ ਗ੍ਰੰਥੀ ਜਾਂ ਜਥੇਦਾਰ ਲਗਾਇਆ ਜਾਂਦਾ ਹੈ, ਤਾਂ ਮਿਸ਼ਨਰੀ ਕਾਲਜ ਦਾ ਕੋਈ ਬੁਲਾਰਾ ਰੌਲ਼ਾ ਨਹੀਂ ਪਾਉਂਦਾ। ਹੁਣ ਜੇ ਕੋਈ ਇਕ ਬੰਦਾ ਮਿਸ਼ਨਰੀ ਕਾਲਜ 'ਚੋਂ ਪੜ੍ਹੇ ਵਿਅਕਤੀ ਨੂੰ ਜਥੇਦਾਰ ਲਗਾਇਆ ਗਿਆ ਹੈ ਤਾਂ ਇਹ ਲੋਕ ਰੌਲ਼ਾ ਪਾ ਰਹੇ ਹਨ। 

ਉਨ੍ਹਾਂ ਕਿਹਾ ਕਿ ਕਈ ਲੋਕ ਭਾਈ ਕੁਲਦੀਪ ਸਿੰਘ ਗੜਗੱਜ ਨੂੰ ਸਵੇਰੇ-ਸਵੇਰੇ ਜਥੇਦਾਰ ਬਣਾਏ ਜਾਣ 'ਤੇ ਵੀ ਸਵਾਲ ਚੁੱਕ ਰਹੇ ਹਨ, ਪਰ ਜੇ ਇਹ ਲੋਕ ਦਿਨੇ ਰੌਲ਼ਾ ਪਾਉਂਦੇ ਹਨ ਤਾਂ ਉਨ੍ਹਾਂ ਨੇ ਕੋਈ ਨਾ ਕੋਈ ਰਾਹ ਤਾਂ ਲੱਭਣਾ ਹੀ ਸੀ। ਇਸ ਦੇ ਨਾਲ ਹੀ ਸਰਬਜੀਤ ਸਿੰਘ ਧੁੰਦਾ ਨੇ ਇਹ ਵੀ ਕਿਹਾ ਕਿ ਕੁਲਦੀਪ ਸਿੰਘ ਗੜਗੱਜ ਵੀ ਹੁਣ ਜਥੇਦਾਰ ਬਣਨ ਤੋਂ ਬਾਅਦ ਜਥੇਬੰਦੀਆਂ ਦਾ ਨਾਂ ਜ਼ਿਆਦਾ ਲੈ ਰਹੇ ਹਨ, ਮਿਸ਼ਨਰੀ ਕਾਲਜਾਂ ਦਾ ਨਾਂ ਉਹ ਵੀ ਨਹੀਂ ਲੈ ਰਹੇ। ਜਿਹੜੇ ਲੋਕ ਉਨ੍ਹਾਂ ਦਾ ਵਿਰੋਧ ਕਰ ਰਹੇ ਹਨ, ਉਹ ਉਨ੍ਹਾਂ ਨੂੰ ਹੀ ਇਕੱਠੇ ਹੋਣ ਦੀ ਅਪੀਲ ਕਰੀ ਜਾ ਰਹੇ ਹਨ, ਪਰ ਜਿਹੜੇ ਉਨ੍ਹਾਂ ਦਾ ਵਿਰੋਧ ਨਹੀਂ ਕਰ ਰਹੇ, ਉਨ੍ਹਾਂ ਦੇ ਮੁਖ ਵਿਚੋਂ ਉਨ੍ਹਾਂ ਦਾ ਨਾਂ ਵੀ ਨਹੀਂ ਨਿਕਲ ਰਿਹਾ। ਇੰਝ ਨਹੀਂ ਹੋਣਾ ਚਾਹੀਦਾ। ਉਨ੍ਹਾਂ ਨਵ-ਨਿਯੁਕਤ ਜਥੇਦਾਰ ਨੂੰ ਕਿਹਾ ਕਿ ਲੱਤਾਂ ਉੱਪਰ ਥੋੜ੍ਹਾ ਭਾਰ ਝੱਲ ਕੇ ਇਸ ਅਹੁਦੇ ਨੂੰ ਸੰਭਾਲਣਾ ਪੈਣਾ ਹੈ, ਦੂਜੇ ਜਥੇਦਾਰਾਂ ਤਰ੍ਹਾਂ ਅਹੁਦੇ ਤੋਂ ਉਤਰਨ ਤੋਂ ਬਾਅਦ ਰੌਲ਼ਾ ਪਾਉਣ ਦਾ ਕੋਈ ਫ਼ਾਇਦਾ ਨਹੀਂ। 

ਇਹ ਖ਼ਬਰ ਵੀ ਪੜ੍ਹੋ - CM ਮਾਨ ਨੇ ਸੱਦ ਲਈ ਕੈਬਨਿਟ ਮੀਟਿੰਗ, ਹੋ ਸਕਦੇ ਨੇ ਕਈ ਅਹਿਮ ਫ਼ੈਸਲੇ

ਸਰਬੀਜਤ ਸਿੰਘ ਧੁੰਦਾ ਨੇ ਇਹ ਵੀ ਕਿਹਾ ਕਿ ਜੇ ਸ਼੍ਰੋਮਣੀ ਅਕਾਲੀ ਦਲ ਆਪਣੀ ਸੱਚੀ ਪਛਾਣ ਨੂੰ ਕਾਇਮ ਰੱਖਦਾ ਅਤੇ ਪੰਜਾਬ ਦੇ ਮੁੱਦਿਆਂ ਬਾਰੇ ਗੱਲ ਕਰਦਾ ਤਾਂ ਉਨ੍ਹਾਂ ਨੂੰ ਇਸ ਤਰ੍ਹਾਂ ਡਿੱਗ ਕੇ ਵੋਟਾਂ ਮੰਗਣ ਦੀ ਲੋੜ ਨਹੀਂ ਸੀ ਪੈਣੀ। ਪਰ ਜਦੋਂ ਅਕਾਲੀ ਦਲ ਇਕ ਟੱਬਰ ਦਾ ਬਣ ਕੇ ਰਹਿ ਗਿਆ ਤਾਂ ਉਸ ਦਾ ਸਭ ਤੋਂ ਵੱਧ ਨੁਕਸਾਨ ਹੋਇਆ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News