ਸ਼੍ਰੋਮਣੀ ਕਮੇਟੀ ਦੀ ਸਥਾਪਨਾ ਸ਼ਤਾਬਦੀ ਦੇ ਸਮਾਗਮ ਹੋਣਗੇ ਖ਼ਾਸ : ਭਾਈ ਲੌਂਗੋਵਾਲ

Friday, Nov 06, 2020 - 10:26 PM (IST)

ਸ਼੍ਰੋਮਣੀ ਕਮੇਟੀ ਦੀ ਸਥਾਪਨਾ ਸ਼ਤਾਬਦੀ ਦੇ ਸਮਾਗਮ ਹੋਣਗੇ ਖ਼ਾਸ : ਭਾਈ ਲੌਂਗੋਵਾਲ

ਅੰਮ੍ਰਿਤਸਰ,(ਦੀਪਕ)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੰਸਥਾ ਦੀ ਸਥਾਪਨਾ ਦੇ ਕੁਰਬਾਨੀਆਂ ਭਰੇ ਇਤਿਹਾਸ ਦੀ ਰੌਸ਼ਨੀ 'ਚ ਸ਼ਤਾਬਦੀ ਸਮਾਗਮ ਸਜਾਉਣ ਲਈ ਤਿਆਰੀਆਂ ਜਾਰੀ ਹਨ। ਸ਼੍ਰੋਮਣੀ ਕਮੇਟੀ ਦਾ 100 ਸਾਲਾ ਸਥਾਪਨਾ ਦਿਵਸ 15 ਨਵੰਬਰ ਨੂੰ ਆ ਰਿਹਾ ਹੈ, ਜਿਸ ਨੂੰ ਸਮਰਪਿਤ ਵਿਸ਼ੇਸ਼ ਸਮਾਗਮਾਂ ਦਾ ਪ੍ਰਬੰਧ ਕੀਤਾ ਜਾਵੇਗਾ। ਮੁੱਖ ਸਮਾਗਮ 17 ਨਵੰਬਰ ਨੂੰ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਹੋਵੇਗਾ। ਇਸ ਤੋਂ ਪਹਿਲਾਂ 15 ਨਵੰਬਰ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕੀਤਾ ਜਾਵੇਗਾ।

ਸ਼ਤਾਬਦੀ ਸਮਾਗਮਾਂ ਸਬੰਧੀ ਅੱਜ ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਅਹੁਦੇਦਾਰਾਂ ਅਤੇ ਅਧਿਕਾਰੀਆਂ ਨਾਲ ਇਕੱਤਰਤਾ ਕੀਤੀ ਅਤੇ ਵੱਖ-ਵੱਖ ਅਧਿਕਾਰੀਆਂ ਨੂੰ ਜ਼ਿੰਮੇਵਾਰੀਆਂ ਸੌਂਪੀਆਂ। ਇਸ ਦੌਰਾਨ ਭਾਈ ਲੌਂਗੋਵਾਲ ਨੇ ਗੱਲਬਾਤ ਕਰਦਿਆਂ ਕਿਹਾ ਕਿ ਕੌਮ ਦੀ ਪ੍ਰਤੀਨਿਧ ਸੰਸਥਾ ਸ਼੍ਰੋਮਣੀ ਕਮੇਟੀ ਦੀ ਸਥਾਪਨਾ ਸ਼ਤਾਬਦੀ ਮੌਕੇ ਕੀਤੇ ਜਾਣ ਵਾਲੇ ਸਮਾਗਮਾਂ ਵਿਚ ਸਿੱਖ ਸੰਸਥਾ ਦੀ ਸਥਾਪਨਾ ਦੇ ਕੁਰਬਾਨੀਆਂ ਭਰੇ ਇਤਿਹਾਸ ਨੂੰ ਉਭਾਰਿਆ ਜਾਵੇਗਾ। ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਇਤਿਹਾਸ ਅਤੇ ਕਾਰਜਾਂ ਨੂੰ ਰੂਪਮਾਨ ਕੀਤਾ ਜਾਵੇਗਾ। ਸ਼ਤਾਬਦੀ ਸਮਾਗਮਾਂ ਦੀ ਸ਼ੁਰੂਆਤ ਬੀਤੇ ਕੱਲ੍ਹ ਚਿੱਤਰਕਲਾ ਕਾਰਜਸ਼ਾਲਾ ਨਾਲ ਕੀਤੀ ਗਈ ਹੈ। ਇਸ ਤੋਂ ਇਲਾਵਾ ਸ਼੍ਰੋਮਣੀ ਕਮੇਟੀ ਨਾਲ ਸਬੰਧਤ ਇਤਿਹਾਸਕ ਦਸਤਾਵੇਜ਼ ਪ੍ਰਕਾਸ਼ਿਤ ਕੀਤਾ ਜਾ ਰਿਹਾ ਹੈ, ਜਿਸ ਨੂੰ ਵੱਡੀ ਗਿਣਤੀ ਵਿਚ ਛਪਵਾ ਕੇ ਵੰਡਿਆ ਜਾਵੇਗਾ। ਉਨ੍ਹਾਂ ਕਿਹਾ ਕਿ ਇਹ ਸਮਾਗਮ ਖਾਸ ਹੋਣਗੇ। ਇਕੱਤਰਤਾ ਮੌਕੇ ਸ਼੍ਰੋਮਣੀ ਕਮੇਟੀ ਦੇ ਜੂਨੀਅਰ ਮੀਤ ਪ੍ਰਧਾਨ ਗੁਰਬਖ਼ਸ਼ ਸਿੰਘ ਖਾਲਸਾ, ਮੈਂਬਰ ਗੁਰਚਰਨ ਸਿੰਘ ਗਰੇਵਾਲ, ਸਤਵਿੰਦਰ ਸਿੰਘ ਟੌਹੜਾ, ਭਾਈ ਅਜਾਇਬ ਸਿੰਘ ਅਭਿਆਸੀ, ਸਕੱਤਰ ਮਹਿੰਦਰ ਸਿੰਘ ਆਹਲੀ, ਵਧੀਕ ਸਕੱਤਰ ਸੁਖਦੇਵ ਸਿੰਘ ਭੂਰਾਕੋਹਨਾ, ਪਰਮਜੀਤ ਸਿੰਘ ਸਰੋਆ, ਪ੍ਰਤਾਪ ਸਿੰਘ, ਮੈਨੇਜਰ ਮੁਖਤਾਰ ਸਿੰਘ ਚੀਮਾ ਅਤੇ ਮੀਤ ਸਕੱਤਰ ਬਲਵਿੰਦਰ ਸਿੰਘ ਕਾਹਲਵਾਂ ਆਦਿ ਹਾਜ਼ਰ ਸਨ।
 


author

Deepak Kumar

Content Editor

Related News