ਪਾਵਨ ਸਰੂਪ ਚੋਰੀ ਹੋਣ ਦੇ ਰੋਸ ਵਜੋਂ ਪੰਜਾਬ ਸਰਕਾਰ ਖ਼ਿਲਾਫ਼ ਲੌਂਗੋਵਾਲ ਤੇ ਰੱਖੜਾ ਦਾ ਧਰਨਾ ਜਾਰੀ

08/08/2020 6:16:37 PM

ਪਟਿਆਲਾ (ਜੋਸਨ): ਗੁਰਦੁਆਰਾ ਸ੍ਰੀ ਅਰਦਾਸਪੁਰਾ ਸਾਹਿਬ ਕਲਿਆਣ ਵਿਖੇ 100 ਸਾਲਾ ਪੁਰਾਤਨ ਪਾਵਨ ਸਫ਼ਰੀ ਸਰੂਪ ਚੋਰੀ ਕੀਤੇ ਜਾਣ ਦੇ ਰੋਸ 'ਚ ਸ਼੍ਰੋਮਣੀ ਅਕਾਲੀ ਦਲ ਵਲੋਂ ਲੜੀਵਾਰ ਆਰੰਭ ਕੀਤੇ ਗਏ ਰੋਸ ਮੁਜ਼ਾਹਰੇ ਦੇ ਦੂਜੇ ਦਿਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਅਤੇ ਸਾਬਕਾ ਮੰਤਰੀ ਸੁਰਜੀਤ ਸਿੰਘ ਰੱਖੜਾ ਅਗਵਾਈ 'ਚ ਐੱਸ.ਐੱਸ.ਪੀ. ਪਟਿਆਲਾ ਦਫਤਰ ਦੇ ਬਾਹਰ ਧਰਨਾ ਦਿੱਤਾ ਗਿਆ। ਇਸ ਮੌਕੇ ਵੱਡੀ ਗਿਣਤੀ 'ਚ ਸ਼੍ਰੋਮਣੀ ਕਮੇਟੀ ਮੈਂਬਰਾਂ ਨੇ ਧਰਨੇ 'ਚ ਸ਼ਿਰਕਤ ਕਰਕੇ ਸ਼ਾਂਤਮਈ ਢੰਗ ਨਾਲ ਆਪਣਾ ਰੋਸ ਪ੍ਰਗਟ ਕੀਤਾ। ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੋਂਗੋਵਾਲ ਦੀ ਅਗਵਾਈ 'ਚ ਧਰਨੇ ਦੀ ਸ਼ੁਰੂਆਤ ਮੂਲ ਮੰਤਰ ਅਤੇ ਵਾਹਿਗੁਰੂ ਦੇ ਜਾਪ ਨਾਲ ਕੀਤੀ ਗਈ। ਇਸ ਮੌਕੇ ਧਰਨੇ ਨੂੰ ਸੰਬੋਧਨ ਕਰਦਿਆਂ ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਕਿਹਾ ਕਿ ਗੁਰਦੁਆਰਾ ਸ੍ਰੀ ਅਰਦਾਸਪੁਰਾ ਸਾਹਿਬ ਕਲਿਆਣ ਤੋਂ ਪੁਰਾਤਨ ਸਫਰੀ ਸਰੂਪ ਚੋਰੀ ਹੋਏ ਨੂੰ ਤਿੰਨ ਹਫਤਿਆਂ ਤੋਂ ਵੱਧ ਦਾ ਸਮਾਂ ਲੰਘ ਚੁੱਕਿਆ, ਪਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਕੋਈ ਠੋਸ ਕਦਮ ਨਾ ਚੁੱਕਿਆ ਜਾਣਾ ਇਹ ਸਪੱਸ਼ਟ ਕਰਦਾ ਹੈ ਕਿ ਸਿੱਖਾਂ ਦੇ ਮਸਲਿਆਂ ਪ੍ਰਤੀ ਕਾਂਗਰਸ ਸਰਕਾਰ ਕਦੇ ਵੀ ਗੰਭੀਰ ਨਹੀਂ ਹੋਈ ਹੈ।

ਇਹ ਵੀ ਪੜ੍ਹੋ: ਸਰਕਾਰੀ ਥਾਂ 'ਤੇ ਦੇਹ ਵਪਾਰ ਦੇ ਧੰਦੇ ਦਾ ਪਰਦਾਫਾਸ਼, ਕਈ ਸ਼ਹਿਰਾਂ ਦੀਆਂ ਕੁੜੀਆਂ ਸਨ ਸ਼ਾਮਲ

PunjabKesari

ਕਾਂਗਰਸ ਦੇ ਰਾਜ 'ਚ ਅੱਜ ਵੀ ਸਿੱਖਾਂ ਨਾਲ ਵਧੀਕੀਆਂ ਦਾ ਸਿਲਸਿਲਾ ਜਾਰੀ : ਰੱਖੜਾ 
ਇਸ ਮੌਕੇ ਸਾਬਕਾ ਮੰਤਰੀ ਸੁਰਜੀਤ ਸਿੰਘ ਰੱਖੜਾ ਨੇ ਕਿਹਾ ਕਿ ਕਾਂਗਰਸ ਦੇ ਰਾਜ 'ਚ ਅੱਜ ਵੀ ਸਿੱਖਾਂ ਨਾਲ ਵਧੀਕੀਆਂ ਦਾ ਸਿਲਸਿਲਾ ਜਾਰੀ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਮਹਾਰਾਣੀ ਪ੍ਰਨੀਤ ਕੌਰ ਵਲੋਂ ਧਾਰੀ ਚੁੱਪ ਇਹ ਸਪੱਸ਼ਟ ਕਰਦੀ ਹੈ ਕਿ ਕਾਂਗਰਸ ਅੱਜ ਵੀ ਪੰਥ ਵਿਰੋਧੀ ਤਾਕਤਾਂ ਨੂੰ ਹੱਲਾਸ਼ੇਰੀ ਦੇ ਰਹੀ ਹੈ, ਜਿਸ ਕਾਰਨ ਅਜਿਹੀਆਂ ਮੰਦਭਾਗੀ ਘਟਨਾਵਾਂ ਕਾਰਨ ਸੰਗਤਾਂ 'ਚ ਵੱਡਾ ਰੋਸ ਪਾਇਆ ਜਾ ਰਿਹਾ ਹੈ। ਰੱਖੜਾ ਨੇ ਕਿਹਾ ਕਿ ਸਿੱਖਾਂ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਕਮੇਟੀ ਸਿੱਖਾਂ ਦੀ ਅਜਿਹੀ ਨੁਮਾਇੰਦਾ ਜਮਾਤ ਹੈ, ਜੋ ਅਨੇਕਾਂ ਹੀ ਕੁਰਬਾਨੀਆਂ ਅਤੇ ਇਤਿਹਾਸ ਸਿਰਜ ਕੇ ਹੋਂਦ 'ਚ ਆਈ ਹੈ। ਉਨ੍ਹਾਂ ਕਿਹਾ ਕਿ ਅਸੀਂ ਆਪਣੇ ਗੁਰੂ ਸਾਹਿਬਾਨ ਦਾ ਅਪਮਾਨ ਬਰਦਾਸ਼ਤ ਨਹੀਂ ਕਰਾਂਗੇ।ਰੱਖੜਾ ਨੇ ਪੰਜਾਬ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਇਹ ਧਰਨਾ ਉਦੋਂ ਤੱਕ ਜਾਰੀ ਰਹੇਗਾ, ਜਦ ਤੱਕ ਪੁਰਾਤਨ ਸਫਰੀ ਸਰੂਪ ਚੋਰੀ ਕਰਨ ਵਾਲੇ ਦੋਸ਼ੀਆਂ ਨੂੰ ਲੋਕਾਂ ਦੀ ਕਟਹਿਰੇ 'ਚ ਬੇਨਕਾਬ ਨਹੀਂ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਸਿੱਖਾਂ ਦੀਆਂ ਭਾਵਨਾਵਾਂ, ਸੰਗਤਾਂ ਦੀ ਆਸਥਾ ਨੂੰ ਠੇਸ ਪਹੁੰਚਾਉਣ ਵਾਲੇ ਦੋਸ਼ੀਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾਵਾਂ ਦਿੱਤੀਆਂ ਜਾਣੀਆਂ। ਭਾਈ ਲੌਂਗੋਵਾਲ ਨੇ ਕਿਹਾ ਕਿ ਜੇ ਚੋਰੀ ਹੋਇਆ ਪੁਰਾਤਨ ਸਫਰੀ ਸਰੂਪ ਨਾ ਮਿਲਿਆ ਤਾਂ ਸਖ਼ਤ ਐਕਸ਼ਨ ਨਾਲ ਵੱਡਾ ਸੰਘਰਸ਼ ਛੇੜਾਂਗੇ।ਧਰਨੇ ਦੌਰਾਨ ਸੀਨੀਅਰ ਮੀਤ ਪ੍ਰਧਾਨ ਰਾਜਿੰਦਰ ਸਿੰਘ ਮਹਿਤਾ, ਜੂਨੀਅਰ ਮੀਤ ਪ੍ਰਧਾਨ ਗੁਰਬਖਸ਼ ਸਿੰਘ ਖਾਲਸਾ, ਜਨਰਲ ਸਕੱਤਰ ਹਰਜਿੰਦਰ ਸਿੰਘ ਧਾਮੀ, ਅੰਤ੍ਰਿੰਗ ਕਮੇਟੀ ਮੈਂਬਰ ਜਸਮੇਰ ਸਿੰਘ ਲਾਛੜੂ, ਜਥੇਦਾਰ ਜਗਸੀਰ ਸਿੰਘ ਮਾਗੇਆਣਾ, ਜਥੇਦਾਰ ਮਗਵਿੰਦਰ ਸਿੰਘ ਖਾਪਰਖੇੜੀ ਤੋਂ ਇਲਾਵਾ ਸਮੂਹ ਸ਼੍ਰੋਮਣੀ ਕਮੇਟੀ ਸਟਾਫ ਵੀ ਹਾਜ਼ਰ ਰਿਹਾ।

ਇਹ ਵੀ ਪੜ੍ਹੋ: ਵੱਡੀ ਵਾਰਦਾਤ: 4 ਵਿਅਕਤੀਆਂ ਵਲੋਂ 13 ਸਾਲਾ ਕੁੜੀ ਨਾਲ ਸਮੂਹਿਕ ਜਬਰ-ਜ਼ਿਨਾਹ

PunjabKesari

ਭਾਈ ਲੌਂਗੋਵਾਲ ਅਤੇ ਸੁਰਜੀਤ ਸਿੰਘ ਰੱਖੜਾ ਦੀ ਅਗਵਾਈ 'ਚ ਵਫ਼ਦ ਨੇ ਸੌਂਪਿਆ ਮੈਮੋਰੰਡਮ
100 ਸਾਲਾ ਪੁਰਾਤਨ ਸਫਰੀ ਸਰੂਪ ਚੋਰੀ ਹੋਣ ਦੇ ਸਿਲਸਿਲੇ 'ਚ ਸ਼੍ਰੋਮਣੀ ਕਮੇਟੀ ਭਾਈ ਗੋਬਿੰਦ ਸਿੰਘ ਲੌਂਗੋਵਾਲ ਅਤੇ ਸਾਬਕਾ ਮੰਤਰੀ ਸੁਰਜੀਤ ਸਿੰਘ ਰੱਖੜਾ ਦੀ ਅਗਵਾਈ 'ਚ ਸ਼੍ਰੋਮਣੀ ਕਮੇਟੀ ਮੈਂਬਰਾਂ ਦੇ ਵਫ਼ਦ ਨੇ ਆਈ.ਜੀ.ਜਤਿੰਦਰ ਸਿੰਘ ਔਲਖ, ਐਸ.ਐਸ.ਪੀ. ਵਿਕਰਮਜੀਤ ਸਿੰਘ ਦੁੱਗਲ ਨੂੰ ਪੁਰਾਤਨ ਸਫਰੀ ਸਰੂਪ ਚੋਰੀ ਕਰਨ ਵਾਲੇ ਦੋਸ਼ੀਆਂ ਖਿਲਾਫ਼ ਕਾਰਵਾਈ ਨੂੰ ਲੈ ਕੇ ਮੈਮੋਰੰਡਮ ਵੀ ਸੌਂਪਿਆ। ਵਫ਼ਦ 'ਚ ਸੀਨੀਅਰ ਮੀਤ ਪ੍ਰਧਾਨ ਰਾਜਿੰਦਰ ਸਿੰਘ ਮਹਿਤਾ, ਜੂਨੀਅਰ ਮੀਤ ਪ੍ਰਧਾਨ ਗੁਰਬਖਸ਼ ਸਿੰਘ ਖਾਲਸਾ, ਜਨਰਲ ਸਕੱਤਰ ਹਰਜਿੰਦਰ ਸਿੰਘ ਧਾਮੀ, ਹੈਡ ਗ੍ਰੰਥੀ ਭਾਈ ਪ੍ਰਨਾਮ ਸਿੰਘ, ਮੈਨੇਜਰ ਕਰਨੈਲ ਸਿੰਘ ਨਾਭਾ ਆਦਿ ਸ਼ਾਮਲ ਸਨ। ਇਸ ਮੌਕੇ ਜ਼ਿਲ੍ਹਾ ਪ੍ਰਸ਼ਾਸਨ ਨੇ ਵਫ਼ਦ ਨੂੰ ਸਖਤ ਕਾਰਵਾਈ ਕੀਤੇ ਜਾਣ ਦਾ ਭਰੋਸਾ ਵੀ ਦਿਵਾਇਆ।

ਇਹ ਵੀ ਪੜ੍ਹੋ: ਜਨਾਨੀ ਵਲੋਂ ਦੂਜੀ ਵਾਰ ਕਰਾਇਆ ਪ੍ਰੇਮ ਵਿਆਹ ਵੀ ਨਹੀਂ ਆਇਆ ਰਾਸ, ਨਸ਼ੇੜੀ ਪਤੀ ਦੇ ਤਸ਼ੱਦਦ ਕਾਰਨ ਬੁਰਾ ਹਾਲ


Shyna

Content Editor

Related News