ਪਸ਼ਚਾਤਾਪ ਦਿਵਸ ਸਮਾਗਮ 'ਚ ਪੰਥਕ ਆਗੂਆਂ ਨੇ ਵਿਰੋਧੀਆਂ ਨੂੰ ਲਿਆ ਨਿਸ਼ਾਨੇ 'ਤੇ
Sunday, Jun 02, 2019 - 10:05 AM (IST)
ਜੈਤੋ (ਸਤਵਿੰਦਰ) - ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੀ ਬੇਅਦਬੀ ਨੂੰ 4 ਸਾਲ ਪੂਰੇ ਹੋ ਗਏ ਹਨ, ਜਿਸ ਸੰਦਰਭ 'ਚ ਸਿੱਖ ਸੰਗਤ ਨੇ ਇਸ ਦਿਨ ਨੂੰ ਬਰਗਾੜੀ ਵਿਖੇ 'ਪਸ਼ਚਾਤਾਪ ਦਿਵਸ' ਵਜੋਂ ਮਨਾਇਆ ਗਿਆ। ਸਿੱਖ ਸੰਗਤ ਵਲੋਂ ਬਰਗਾੜੀ ਦੇ ਇਤਿਹਾਸਕ ਗੁਰਦੁਆਰਾ ਪਾਤਸ਼ਾਹੀ 10ਵੀਂ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ। ਇਸ ਸਮੇਂ ਸ੍ਰੀ ਅਕਾਲ ਤਖ਼ਤ ਦੇ ਮੁਤਵਾਜ਼ੀ ਜਥੇਦਾਰ ਭਾਈ ਧਿਆਨ ਸਿੰਘ ਮੰਡ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਕੌਮੀ ਪ੍ਰਧਾਨ ਸਿਮਰਨਜੀਤ ਸਿੰਘ ਮਾਨ, ਕੌਮੀ ਜਨਰਲ ਸਕੱਤਰ ਭਾਈ ਜਸਕਰਨ ਸਿੰਘ ਕਾਹਨ ਸਿੰਘ ਵਾਲਾ ਨੇ ਅਕਾਲੀ-ਭਾਜਪਾ, ਕਾਂਗਰਸ, ਦਮਦਮੀ ਟਕਸਾਲ ਅਤੇ ਕਿਸਾਨ ਯੂਨੀਅਨਾਂ ਨੂੰ ਆਪਣੇ ਨਿਸ਼ਾਨੇ 'ਤੇ ਲੈਂਦਿਆਂ ਸਖ਼ਤ ਸ਼ਬਦਾਂ 'ਚ ਨਿੰਦਾ ਕੀਤੀ। ਉਨ੍ਹਾਂ ਸਿੱਖ ਕੌਮ 'ਤੇ ਗਿਲਾ ਕੀਤਾ ਕਿ ਉਹ ਵੋਟਾਂ ਸਮੇਂ ਉਨ੍ਹਾਂ ਨੂੰ ਵਿਸਾਰ ਦਿੰਦੇ ਹਨ।
ਸਿਮਰਨਜੀਤ ਸਿੰਘ ਮਾਨ ਨੇ ਵੋਟਰਾਂ 'ਤੇ ਖੁੱਲ੍ਹ ਕੇ ਆਪਣਾ ਗੁੱਸਾ ਕੱਢਿਆ। ਉਨ੍ਹਾਂ ਸਵਾਲ ਚੁੱਕਿਆ ਕਿ ਤੱਕੜੀ, ਝਾੜੂ, ਪੰਜੇ, ਕਮਲ ਅਤੇ ਅਜਿਹੇ ਹੋਰ ਚੋਣ ਨਿਸ਼ਾਨਾਂ ਨੂੰ ਵੋਟ ਪਾਉਣ ਵਾਲੇ ਜਵਾਬ ਦੇਣ ਕਿ 'ਸਿਮਰਨਜੀਤ ਸਿੰਘ ਮਾਨ ਨੂੰ ਹਰ ਕਦਮ 'ਤੇ ਸੂਲੀ ਉੱਪਰ ਟੰਗਣਾ ਕਦੋਂ ਤੱਕ ਜਾਰੀ ਰੱਖਣਾ ਹੈ'। ਉਨ੍ਹਾਂ ਲੱਖੋਵਾਲ ਅਤੇ ਰਾਜੇਵਾਲ ਕਿਸਾਨ ਯੂਨੀਅਨਾਂ 'ਤੇ ਹਕੂਮਤਾਂ ਨਾਲ ਮਿਲ ਕੇ ਚੱਲਣ ਦਾ ਦੋਸ਼ ਲਾਉਂਦਿਆਂ ਪ੍ਰਸ਼ਨ ਪੁੱਛਿਆ ਕਿ ਹੁਣ ਤੱਕ ਇਨ੍ਹਾਂ ਜਥੇਬੰਦੀਆਂ ਨੇ ਪਾਰਲੀਮੈਂਟ 'ਚ ਕਿਸਾਨਾਂ ਦੇ ਹਿੱਤਾਂ ਦੀ ਗੱਲ ਕਰਨ ਲਈ ਕੋਈ ਮੈਂਬਰ ਪੈਦਾ ਕਿਉਂ ਨਹੀਂ ਕੀਤਾ। ਉਨ੍ਹਾਂ ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ 'ਤੇ ਹਮਲੇ ਲਈ ਕਾਂਗਰਸ ਹਕੂਮਤ ਸਮੇਤ ਬਾਦਲ, ਟੌਹੜਾ ਅਤੇ ਲੌਂਗੋਵਾਲ 'ਤੇ 'ਮਿਲੀਭੁਗਤ' ਦੇ ਦੋਸ਼ ਲਾਏ। ਐੱਸ. ਆਈ. ਟੀ. ਸਬੰਧੀ ਸੁਖਬੀਰ ਬਾਦਲ ਵਲੋਂ ਗ੍ਰਿਫ਼ਤਾਰੀ ਦੇ ਕੀਤੇ ਚੈਲੇਂਜ ਨੂੰ ਮਾਨ ਨੇ ਲੰਬੇ ਹੱਥੀਂ ਲਿਆ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਮੁਤਵਾਜ਼ੀ ਜਥੇਦਾਰ ਧਿਆਨ ਸਿੰਘ ਮੰਡ ਨੇ ਅਫਸੋਸ ਪ੍ਰਗਟ ਕੀਤਾ ਕਿ ਭਗਵੰਤ ਮਾਨ, ਸੁਖਪਾਲ ਖਹਿਰਾ, ਬੀਬੀ ਖਾਲੜਾ, ਸਿਮਰਨਜੀਤ ਸਿੰਘ ਮਾਨ, ਰਣਜੀਤ ਬ੍ਰਹਮਪੁਰਾ ਅਤੇ ਬਸਪਾ ਆਗੂ ਰਾਜੂ ਨਾਲ ਮੀਟਿੰਗਾਂ ਕਰਕੇ ਰਵਾਇਤੀ ਪਾਰਟੀਆਂ ਨੂੰ ਸਾਂਝੀ ਟੱਕਰ ਦੇਣ ਦੀਆਂ ਕੋਸ਼ਿਸ਼ਾਂ ਕੀਤੀਆਂ ਪਰ ਸਫ਼ਲ ਨਹੀਂ ਹੋ ਸਕੀਆਂ। ਇਸ ਮੌਕੇ ਯੂਨਾਈਟਿਡ ਅਕਾਲੀ ਦਲ ਦੇ ਜਨਰਲ ਸਕੱਤਰ ਗੁਰਦੀਪ ਸਿੰਘ ਬਠਿੰਡਾ, ਭਾਈ ਪਰਮਜੀਤ ਸਿੰਘ ਸਹੋਲੀ ਆਦਿ ਨੇ ਵੀ ਸੰਬੋਧਨ ਕੀਤਾ।