ਏਸ਼ੀਆਈ ਖੇਡਾਂ ’ਚ ਡਬਲ ਸੋਨ ਤਮਗਾ ਜੇਤੂ ਓਲੰਪੀਅਨ ਹਰੀ ਚੰਦ ਦੀ ਮੌਤ ’ਤੇ CM ਮਾਨ ਨੇ ਜਤਾਇਆ ਦੁੱਖ਼
Monday, Jun 13, 2022 - 01:28 PM (IST)
ਹੁਸ਼ਿਆਰਪੁਰ (ਵੈੱਬ ਡੈਸਕ, ਵਰਿੰਦਰ ਪੰਡਿਤ)— ਏਸ਼ੀਆਈ ਖੇਡਾਂ ’ਚ ਡਬਲ ਸੋਨ ਤਮਗਾ ਜੇਤੂ ਰਹੇ ਓਲੰਪੀਅਨ ਹਰੀ ਚੰਦ ਦੀ ਮੌਤ ’ਤੇ ਭਗਵੰਤ ਮਾਨ ਵੱਲੋਂ ਦੁੱਖ਼ ਦਾ ਪ੍ਰਗਟਾਵਾ ਕੀਤਾ ਗਿਆ ਹੈ। ਟਵਿੱਟਰ ’ਤੇ ਪੋਸਟ ਸਾਂਝੀ ਕਰਦਿਆਂ ਭਗਵੰਤ ਮਾਨ ਨੇ ਲਿਖਿਆ ਕਿ ਏਸ਼ੀਆਈ ਖੇਡਾਂ ’ਚ ਦੋਹਰਾ ਸੋਨ ਤਮਗਾ ਜੇਤੂ ਹੁਸ਼ਿਆਰਪੁਰ ਜ਼ਿਲ੍ਹੇ ਤੋਂ ਭਾਰਤੀ ਓਲੰਪੀਅਨ ਹਰੀ ਚੰਦ ਜੀ ਦੇ ਦਿਹਾਂਤ ਦੀ ਖ਼ਬਰ ਮਿਲੀ। ਭਾਰਤੀ ਐਥਲੈਟਿਕਸ ਦੀ ਸ਼ਾਨ ਰਹੇ ਹਰੀ ਚੰਦ ਹਮੇਸ਼ਾ ਆਪਣੀ ਖੇਡ ਲਈ ਯਾਦ ਕੀਤੇ ਜਾਣਗੇ ਅਤੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਵੀ ਪ੍ਰੇਰਿਤ ਕਰਨਗੇ। ਵਿੱਛੜੀ ਰੂਹ ਨੂੰ ਆਤਮਿਕ ਸ਼ਾਂਤੀ ਦੀ ਅਰਦਾਸ ਕਰਦਾ ਹਾਂ।
ਜ਼ਿਕਰਯੋਗ ਹੈ ਕਿ ਏਸ਼ੀਆ ਖੇਡਾਂ 'ਚ 2 ਗੋਲਡ ਮੈਡਲ ਜਿੱਤਣ ਵਾਲੇ ਓਲੰਪੀਅਨ ਐਥਲੀਟ ਹਰੀ ਚੰਦ ਦਾ ਬੀਤੀ ਰਾਤ ਦਿਹਾਂਤ ਹੋ ਗਿਆ। ਲੰਬੀ ਦੂਰੀ ਦੇ ਦੌੜਾਕ ਅਰਜੁਨ ਐਵਾਰਡੀ 69 ਵਰ੍ਹਿਆਂ ਦੇ ਹਰੀ ਚੰਦ ਕੁਝ ਦਿਨਾਂ ਤੋਂ ਬੀਮਾਰ ਚੱਲ ਰਹੇ ਸਨ। ਉਹ ਸੀ. ਆਰ. ਪੀ. ਐੱਫ਼. 'ਚੋਂ ਕਮਾਂਡੈਂਟ ਦੇ ਰੂਪ ਵਿਚ ਸੇਵਾਮੁਕਤ ਹੋਏ ਸਨ। ਖੇਡਾਂ ਦੇ ਖ਼ੇਤਰ ਵਿਚ ਆਪਣੀ ਸਖ਼ਤ ਮਿਹਨਤ ਸਦਕਾ ਆਪਣੇ ਪਿੰਡ, ਜ਼ਿਲ੍ਹੇ, ਸੂਬੇ ਅਤੇ ਦੇਸ਼ ਦਾ ਨਾਮ ਰੌਸ਼ਨ ਕਰਨ ਵਾਲੇ ਹਰੀ ਚੰਦ ਨੇ ਆਪਣੇ ਅੰਤਿਮ ਸਾਹਾਂ ਤੱਕ ਵੀ ਖਿਡਾਰੀਆਂ ਦਾ ਮਾਰਗ ਦਰਸ਼ਨ ਕੀਤਾ ਅਤੇ ਉਹ ਗਰਾਉਂਡ ਨਾਲ ਜੁੜੇ ਰਹੇ। ਪਿੰਡ ਘੋੜੇਵਾਹਾ ਵਿਚ 1 ਅਪ੍ਰੈਲ 1953 ਨੂੰ ਜਨਮੇ ਹਰੀ ਚੰਦ ਨੇ ਪਿੰਡ ਦੇ ਸਕੂਲ ਵਿਚ ਹੀ ਪੜ੍ਹਾਈ ਕਰਦੇ ਹੋਏ ਖੇਡ ਦੇ ਖ਼ੇਤਰ ਵਿਚ ਸਖ਼ਤ ਮਿਹਨਤ ਕਰਕੇ ਬੁਲੰਦੀ ਹਾਸਲ ਕੀਤੀ।
ਇਹ ਵੀ ਪੜ੍ਹੋ: ਮੂਸੇਵਾਲਾ ਦੇ ਨਾਂ ’ਤੇ ਸੰਗਰੂਰ ਜ਼ਿਮਨੀ ਚੋਣ ਲੜੇਗੀ ਕਾਂਗਰਸ, ਰਾਜਾ ਵੜਿੰਗ ਨੇ ਜਾਰੀ ਕੀਤਾ 'ਚੋਣ ਗਾਣਾ'
ਇਹ ਹਨ ਉਨ੍ਹਾਂ ਦੀਆਂ ਪ੍ਰਾਪਤੀਆਂ
ਹਰੀ ਚੰਦ ਨੇ 1978 ਵਿਚ ਬੈਂਕਾਕ ਥਾਈਲੈਂਡ ਵਿਚ ਹੋਈਆ ਏਸ਼ੀਆ ਖੇਡਾਂ ਵਿਚ 5 ਹਜ਼ਾਰ ਮੀਟਰ ਅਤੇ 10000 ਮੀਟਰ ਦੌੜ ਵਿਚ ਗੋਲਡ ਮੈਡਲ ਜਿੱਤ ਕੇ ਦੇਸ਼ ਦਾ ਨਾਮ ਰੌਸ਼ਨ ਕੀਤਾ ਸੀ। ਇਸ ਤੋਂ ਇਲਾਵਾ ਉਨ੍ਹਾਂ ਸਿਓਲ ਸਾਊਥ ਕੋਰੀਆ ਵਿਚ 1975 'ਚ ਹੋਈ ਏਸ਼ੀਅਨ ਐਥਲੈਟਿਕ ਚੈਂਪੀਅਨਸ਼ਿਪ ਵਿਚ 10000 ਮੀਟਰ ਦੌੜ ਵਿਚ ਨਵਾਂ ਰਿਕਾਰਡ ਬਣਾਉਂਦੇ ਹੋਏ ਗੋਲਡ ਮੈਡਲ ਜਿੱਤਿਆ ਅਤੇ 5000 ਮੀਟਰ ਵਿਚ ਕਾਂਸੇ ਦਾ ਮੈਡਲ ਜਿੱਤਿਆ। ਉਨ੍ਹਾਂ ਉਲੰਪਿਕ ਖੇਡਾਂ ਵਿਚ 1976 ਮੌਂਟਰੀਅਲ ਕੈਨੇਡਾ ਵਿਚ 10 ਹਜ਼ਾਰ ਮੀਟਰ ਅਤੇ 1980 ਵਿਚ ਮਾਸਕੋ ਸੋਵੀਅਤ ਯੂਨੀਅਨ ਵਿਚ ਮੈਰਾਥਨ ਦੌੜ 'ਚ ਭਾਗ ਲੈਂਦੇ ਹੋਏ ਨਵਾਂ ਕੌਮੀ ਰਿਕਾਰਡ ਬਣਾਇਆ। ਅਨੇਕਾਂ ਕੌਮੀ ਅਤੇ ਕੌਮਾਂਤਰੀ ਮੁਕਾਬਲੇ ਜਿੱਤਣ ਵਾਲੇ ਹਰੀ ਚੰਦ ਵੱਲੋਂ 10 ਹਜ਼ਾਰ ਮੀਟਰ ਦੌੜ ਵਿਚ ਬਣਾਇਆ ਕੌਮੀ ਰਿਕਾਰਡ ਲਗਤਾਰ 28 ਸਾਲ ਸਥਾਪਿਤ ਰਿਹਾ।
ਇਹ ਵੀ ਪੜ੍ਹੋ: ਅੰਮ੍ਰਿਤਸਰ ’ਚ ਵੱਡੀ ਵਾਰਦਾਤ, ਕੁਝ ਦਿਨ ਪਹਿਲਾਂ ਦੁਬਈ ਤੋਂ ਪਰਤੇ ਵਿਅਕਤੀ ਦਾ ਗੋਲ਼ੀਆਂ ਮਾਰ ਕੇ ਕਤਲ
ਇਸ ਦੌਰਾਨ 1979 ਉਨ੍ਹਾਂ ਨੂੰ ਮੀਡੀਆ ਨੇ ਬੈਸਟ ਐਥਲੀਟ ਐਲਾਨਿਆ ਸੀ ਅਤੇ ਉਨ੍ਹਾਂ ਨੂੰ 1975 ਵਿਚ ਅਰਜੁਨ ਐਵਾਰਡ ਨਾਲ ਨਿਵਾਜਿਆ ਗਿਆ। ਐਥਲੈਟਿਕ ਵਿਚ ਡਿਪਲੋਮਾ ਕਰਨ ਵਾਲੇ ਹਰੀ ਚੰਦ ਸੀ. ਆਰ. ਪੀ. ਐੱਫ਼. ਵਿੱਚੋਂ ਕਮਾਂਡੈਂਟ ਵਜੋਂ ਸੇਵਾਮੁਕਤ ਹੋਏ ਸਨ। ਉਹ ਸੇਵਾਮੁਕਤੀ ਤੋਂ ਬਾਅਦ ਵੀ ਟਾਂਡਾ ਕਾਲਜ ਐਥਲੈਟਿਕ ਸੈਂਟਰ ਦੇ ਮਾਰਗਦਰਸ਼ਕ ਰਹੇ।
ਉਨ੍ਹਾਂ ਦਾ ਅੰਤਿਮ ਸੰਸਕਾਰ ਪਿੰਡ ਘੋੜੇਵਾਹਾ ਵਿਖੇ ਸਰਕਾਰੀ ਸਨਮਾਨ ਨਾਲ 14 ਜੂਨ ਨੂੰ ਕੀਤਾ ਜਾਵੇਗਾ। ਉਨ੍ਹਾਂ ਦੀ ਮੌਤ 'ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸਮੇਤ ਟਾਂਡਾ ਐਥਲੈਟਿਕ ਸੈਂਟਰ ਸਰਕਾਰੀ ਕਾਲਜ ਟਾਂਡਾ ਕੋਚ ਕੁਲਵੰਤ ਸਿੰਘ, ਕਮਲਜੀਤ ਸਿੰਘ, ਕੋਚ ਬ੍ਰਿਜ ਮੋਹਨ ਸ਼ਰਮਾ, ਟਾਂਡਾ ਯੁਨਾਈਟਡ ਸਪੋਰਟਸ ਕਲੱਬ ਦੇ ਪ੍ਰਧਾਨ ਗੁਰਸੇਵਕ ਮਾਰਸ਼ਲ, ਟਾਂਡਾ ਬਾਸਕਿਟਬਾਲ ਕਲੱਬ ਦੇ ਪ੍ਰਧਾਨ ਭਗਤ ਸਿੰਘ ਅਮਰੀਕਾ, ਓਂਕਾਰ ਸਿੰਘ ਧੁੱਗਾ, ਪ੍ਰਦੀਪ ਵਿਰਲੀ, ਹਰਚਰਨ ਸਿੰਘ ਧਾਲੀਵਾਲ, ਬਿਕਰਮਜੀਤ ਸਿੰਘ ਲਾਲੀ, ਰਾਕੇਸ਼ ਵੋਹਰਾ ਅਤੇ ਹੋਰ ਖੇਡ ਪ੍ਰੇਮੀਆਂ ਨੇ ਦੁੱਖ਼ ਦਾ ਪ੍ਰਗਟਾਵਾ ਕੀਤਾ ਹੈ।
ਇਹ ਵੀ ਪੜ੍ਹੋ: ਜਲੰਧਰ 'ਚ ਕਾਂਗਰਸ ਦਾ ਹੱਲਾ ਬੋਲ, ਰਾਜਾ ਵੜਿੰਗ ਦੀ ਅਗਵਾਈ 'ਚ ਘੇਰਿਆ ਈ. ਡੀ. ਦਫ਼ਤਰ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ