ਬਿਜਲੀ ਮਾਮਲੇ ’ਤੇ ਕੈਪਟਨ ਸਰਕਾਰ ਨੂੰ ਨਸੀਹਤ ਦੇਣ ਵਾਲੇ ਸਿੱਧੂ ’ਤੇ ਭਗਵੰਤ ਮਾਨ ਨੇ ਕਹੀ ਵੱਡੀ ਗੱਲ

Tuesday, Jul 06, 2021 - 03:09 PM (IST)

ਚੰਡੀਗੜ੍ਹ (ਰਮਨਜੀਤ) : ਆਮ ਆਦਮੀ ਪਾਰਟੀ (ਆਪ) ਦੀ ਪੰਜਾਬ ਪ੍ਰਧਾਨ ਭਗਵੰਤ ਮਾਨ ਨੇ ਕਾਂਗਰਸ ਦੇ ਨੇਤਾ ਨਵਜੋਤ ਸਿੰਘ ਸਿੱਧੂ ਨੂੰ ਸੂਬੇ ਦਾ ਬਿਜਲੀ ਮੰਤਰੀ ਬਣਾਉਣ ਦੀ ਵਕਾਲਤ ਕੀਤੀ। ਉਨ੍ਹਾਂ ਕਿਹਾ ਕਿ ਇਸ ਨਾਲ ਪੰਜਾਬ ਦਾ ਭਲਾ ਹੋ ਸਕਦਾ ਹੈ। ਭਗਵੰਤ ਮਾਨ ਨੇ ਨਾਲ ਹੀ ਸੂਬੇ ਦੇ ਲੋਕਾਂ ਨੂੰ ਨਿੱਜੀ ਬਿਜਲੀ ਕੰਪਨੀਆਂ ਦਾ 25 ਸਾਲਾਂ ਤਕ ਕਰਜ਼ਾਈ ਬਣਾਉਣ ਲਈ ਸ਼੍ਰੋਮਣੀ ਅਕਾਲੀ ਦਲ ਤੇ ਕਾਂਗਰਸ ਪਾਰਟੀ ਨੂੰ ਕਰੜੇ ਹੱਥੀਂ ਲਿਆ। ਪੱਤਰਕਾਰਾਂ ਨਾਲ ਗੱਲਬਾਤ ਵਿਚ ਭਗਵੰਤ ਮਾਨ ਨੇ ਨਵਜੋਤ ਸਿੰਘ ਸਿੱਧੂ ਦਾ ਨਾਮ ਲਏ ਬਿਨਾਂ ਕਿਹਾ ਕਿ ਕਾਂਗਰਸ ਦੇ ਨੇਤਾ ਅਰਵਿੰਦ ਕੇਜਰੀਵਾਲ ਵਲੋਂ ਕੁਝ ਦਿਨ ਪਹਿਲਾਂ ਐਲਾਨ ਕੀਤੇ ਗਏ ਬਿਜਲੀ ਮਾਡਲ ਦੀ ਕਾਫ਼ੀ ਸ਼ਲਾਘਾ ਕਰ ਰਹੇ ਹਨ ਅਤੇ ਇਹ ਵੀ ਕਹਿ ਰਹੇ ਹਨ ਕਿ ਲੋਕਾਂ ਨੂੰ 300 ਯੂਨਿਟ ਮੁਫ਼ਤ ਅਤੇ 24 ਘੰਟੇ ਬਿਜਲੀ ਦੇਣਾ ਬਿਲਕੁਲ ਸੰਭਵ ਹੈ। ਮਾਨ ਨੇ ਕਿਹਾ ਕਿ ਜੋ ਨੇਤਾ ਇਹ ਕਹਿ ਰਹੇ ਹੋਣ, ਉਨ੍ਹਾਂ ਨੂੰ ਪੰਜਾਬ ਦਾ ਬਿਜਲੀ ਮੰਤਰੀ ਬਣਾ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਪੰਜਾਬ ਦੇ ਲੋਕਾਂ ਦਾ ਭਲਾ ਹੋਵੇਗਾ।

ਇਹ ਵੀ ਪੜ੍ਹੋ : ਸਿਆਸੀ ਬਿਆਨਬਾਜ਼ੀ ਤੋਂ ਉਲਟ ਬੋਲਦੇ ਹਨ ਤੱਥ, ਪੰਜਾਬ ’ਚ ਬਿਜਲੀ ਸਪਲਾਈ ਪ੍ਰਾਈਵੇਟ ਥਰਮਲਾਂ ’ਤੇ ਨਿਰਭਰ!

ਆਮ ਆਦਮੀ ਪਾਰਟੀ (ਆਪ) ਦੀ ਪੰਜਾਬ ਵਿਚ ਸਰਕਾਰ ਬਣਨ ’ਤੇ ਬਾਦਲਾਂ ਵਲੋਂ ਪ੍ਰਾਈਵੇਟ ਬਿਜਲੀ ਕੰਪਨੀਆਂ ਦੇ ਨਾਲ ਕੀਤੇ ਗਏ ਪੰਜਾਬ ਵਿਰੋਧੀ ਬਿਜਲੀ ਸਮਝੌਤੇ ਜ਼ਰੂਰ ਰੱਦ ਕਰਨ ਦੀ ਗੱਲ ਦੁਹਰਾਉਂਦਿਆਂ ਮਾਨ ਨੇ ਕਿਹਾ ਕਿ ਜੇਕਰ ਇਹ ਸਮਝੌਤੇ ਰੱਦ ਨਾ ਕੀਤੇ ਤਾਂ ਅਗਲੇ 25 ਸਾਲਾਂ ਵਿਚ ਪੰਜਾਬ ਦੇ ਲੋਕਾਂ ਨੂੰ ਸਵਾ 2 ਲੱਖ ਕਰੋੜ ਰੁਪਏ ਇਨ੍ਹਾਂ ਬਿਜਲੀ ਕੰਪਨੀਆਂ ਨੂੰ ਦੇਣੇ ਪੈਣਗੇ। ਮਾਨ ਨੇ ਕਿਹਾ ਕਿ 2022 ਦੀਆਂ ਚੋਣ ਸਮੇਂ ਆਮ ਆਦਮੀ ਪਾਰਟੀ ਪੰਜਾਬ ਦੇ ਲੋਕਾਂ ਲਈ ਇਕ ਕਾਰਗਰ ‘ਰੋਡ ਮੈਪ’ ਲੈ ਕੇ ਆਵੇਗੀ, ਜਿਸ ਨਾਲ ਪੰਜਾਬ ਦੇ ਲੋਕ ਆਰਥਿਕ ਤੌਰ ’ਤੇ ਖ਼ੁਸ਼ਹਾਲ ਅਤੇ ਸੱਭਿਆਚਾਰਕ ਪੱਖ ਤੋਂ ਅਮੀਰ ਹੋਣ। ਮਾਨ ਨੇ ਕਿਹਾ ਕਿ ਆਕਲੀ ਦਲ-ਭਾਜਪਾ ਦੀ ਸਰਕਾਰ ਨੇ ਪ੍ਰਾਈਵੇਟ ਬਿਜਲੀ ਕੰਪਨੀਆਂ ਦੇ ਨਾਲ ਪੰਜਾਬ ਵਿਰੋਧੀ ਸਮਝੌਤੇ ਕੀਤੇ ਸਨ ਅਤੇ ਹੁਣ ਕਾਂਗਰਸ ਸਰਕਾਰ ਨੇ ਵੀ ਇਹ ਘਾਤਕ ਸਮਝੌਤੇ ਲਾਗੂ ਕੀਤੇ ਹੋਏ ਹਨ। ਉਨ੍ਹਾਂ ਰਾਜਨੀਤਿਕ ਪਾਰਟੀਆਂ ਦੇ ਚੋਣ ਵਾਅਦਿਆਂ ਨੂੰ ਕਾਨੂੰਨੀ ਮਾਨਤਾ ਦੀ ਗੱਲ ਕਹਿੰਦਿਆਂ ਮੰਗ ਕੀਤੀ ਕਿ ਚੋਣ ਕਮਿਸ਼ਨ ਨੂੰ ਸਾਰੀਆਂ ਪਾਰਟੀਆਂ ਦੇ ਚੋਣ ਘੋਸ਼ਣਾ ਪੱਤਰ ਰਜਿਸਟਰਡ ਕਰਨੇ ਚਾਹੀਦੇ ਹਨ ਤੇ ਵਾਅਦਾ ਪੂਰਾ ਨਾ ਹੋਣ ’ਤੇ ਪਾਰਟੀ ਨੂੰ ਰੱਦ ਕਰਨ ਦਾ ਨੋਟਿਸ ਵੀ ਜਾਰੀ ਹੋਣਾ ਚਾਹੀਦਾ ਹੈ।

ਇਹ ਵੀ ਪੜ੍ਹੋ : ਭੇਤ ਭਰੇ ਹਲਾਤ ’ਚ ਰੇਲਵੇ ਦਾ ਕਰਮਚਾਰੀ ਹੋਇਆ ਲਾਪਤਾ 

ਨੋਟ — ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ
 


Anuradha

Content Editor

Related News