ਜਲੰਧਰ ਜ਼ਿਮਨੀ ਚੋਣ ''ਚ ਜਿੱਤ ਮਗਰੋਂ ਮੁੱਖ ਮੰਤਰੀ ਭਗਵੰਤ ਮਾਨ ਦਾ ਪਹਿਲਾ ਬਿਆਨ

Saturday, May 13, 2023 - 06:02 PM (IST)

ਜਲੰਧਰ ਜ਼ਿਮਨੀ ਚੋਣ ''ਚ ਜਿੱਤ ਮਗਰੋਂ ਮੁੱਖ ਮੰਤਰੀ ਭਗਵੰਤ ਮਾਨ ਦਾ ਪਹਿਲਾ ਬਿਆਨ

ਜਲੰਧਰ/ਨਵੀਂ ਦਿੱਲੀ : ਜਲੰਧਰ ਜ਼ਿਮਨੀ ਚੋਣ 'ਚ ਆਮ ਆਦਮੀ ਪਾਰਟੀ ਦੀ ਵੱਡੀ ਜਿੱਤ 'ਤੇ ਮੁੱਖ ਮੰਤਰੀ ਭਗਵੰਤ ਮਾਨ ਦਾ ਪਹਿਲਾ ਬਿਆਨ ਸਾਹਮਣੇ ਆਇਆ ਹੈ। ਮੁੱਖ ਮੰਤਰੀ ਮਾਨ ਨੇ ਕਿਹਾ ਕਿ ਜਲੰਧਰ ਜਿੱਤ ਤੋਂ ਇਹ ਸਾਬਿਤ ਹੋ ਗਿਆ ਹੈ ਕਿ ਲੋਕਾਂ ਨੇ ਆਮ ਆਦਮੀ ਪਾਰਟੀ ਦੇ ਕੰਮਾਂ 'ਤੇ ਮੋਹਰ ਲਾਈ ਹੈ। ਸਾਡੀ 14 ਮਹੀਨਿਆਂ ਦੀ ਸਰਕਾਰ ਦੌਰਾਨ ਲਏ ਫ਼ੈਸਲੇ ਲੋਕਾਂ ਨੂੰ ਪਸੰਦ ਆਏ ਹਨ ਤੇ ਉਨ੍ਹਾਂ ਨੇ ਜਲੰਧਰ ਲੋਕ ਸਭਾ ਸੀਟ 'ਤੇ ਵੀ ਸਾਨੂੰ ਸੇਵਾ ਕਰਨ ਦਾ ਮੌਕਾ ਬਖ਼ਸ਼ਿਆ ਹੈ।

ਇਹ ਵੀ ਪੜ੍ਹੋ : ਜਲੰਧਰ 'ਚ ਭਾਜਪਾ ਦੀ ਵੱਡੀ ਹਾਰ, ਹੋਟਲ 'ਚੋਂ ਬਾਹਰ ਨਹੀਂ ਆ ਸਕੀਆਂ ਪਾਰਟੀ ਦੀਆਂ ਨੀਤੀਆਂ

ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਅਸੀਂ ਧਰਮਾਂ ਦੇ ਨਾਂ 'ਤੇ ਵੋਟਾਂ ਨਹੀਂ ਮੰਗੀਆਂ ਸਨ ਸਗੋਂ ਮੁੱਦਿਆਂ ਦੀ ਸਿਆਸਤ ਕੀਤੀ ਹੈ। ਜਲੰਧਰ ਚੋਣ ਪ੍ਰਚਾਰ ਦੌਰਾਨ ਅਸੀਂ ਕਿਸਾਨਾਂ, ਮਜ਼ਦੂਰਾਂ, ਵਪਾਰੀਆਂ ਨਾਲ ਗੱਲਬਾਤ ਕਰਦੇ ਰਹੇ ਤੇ ਉਨ੍ਹਾਂ ਦੀਆਂ ਸਮੱਸਿਆਵਾਂ ਸੁਣੀਆਂ ਤੇ ਹੱਲ ਕਰਨ ਦਾ ਭਰੋਸਾ ਦਿੱਤਾ ਕਿਉਂਕਿ ਅਸੀਂ ਪਹਿਲਾਂ ਕੀਤੇ ਵਾਅਦਿਆਂ 'ਤੇ ਖਰੇ ਉੱਤਰੇ ਹਾਂ ਇਸ ਕਰਕੇ ਜਲੰਧਰ ਦੇ ਵੋਟਰਾਂ ਨੇ ਸਾਡੇ 'ਤੇ ਭਰੋਸਾ ਜਤਾਇਆ ਤੇ ਸਾਨੂੰ ਵੱਡੀ ਜ਼ਿੰਮੇਵਾਰੀ ਸੌਂਪੀ ਹੈ।

ਇਹ ਵੀ ਪੜ੍ਹੋ : ਜਲੰਧਰ ਜ਼ਿਮਨੀ ਚੋਣ 'ਚ ਅਕਾਲੀ ਦਲ ਤੀਜੇ ਨੰਬਰ 'ਤੇ, ਖੜ੍ਹੀਆਂ ਹੋਈਆਂ ਵੱਡੀਆਂ ਚੁਣੌਤੀਆਂ

ਮੁੱਖ ਮੰਤਰੀ ਨੇ ਅੱਗੇ ਬੋਲਦਿਆਂ ਕਿਹਾ ਕਿ ਜਲੰਧਰ ਚੋਣ ਪ੍ਰਚਾਰ ਦੌਰਾਨ ਜਿਨ੍ਹਾਂ ਲੋਕਾਂ ਨੇ ਸਾਨੂੰ ਮਾਣ ਸਨਮਾਨ ਦਿੱਤਾ, ਸਾਡੀ ਇੱਜ਼ਤ ਕੀਤੀ, ਸਾਡੇ 'ਤੇ ਫੁੱਲਾਂ ਦੀ ਵਰਖਾ ਕੀਤੀ ਅਸੀਂ ਉਨ੍ਹਾਂ ਸਾਰਿਆਂ ਦਾ ਧੰਨਵਾਦ ਕਰਦੇ ਹਾਂ। ਵਿਰੋਧੀਆਂ ਬਾਰੇ ਬੋਲਦਿਆਂ ਮਾਨ ਨੇ ਕਿਹਾ ਕਿ ਜਿਨ੍ਹਾਂ ਨੇ ਸਾਨੂੰ ਗਾਲ੍ਹਾਂ ਕੱਢੀਆਂ, ਗ਼ਲਤ ਟਿੱਪਣੀਆਂ ਕੀਤੀਆਂ, ਉਨ੍ਹਾਂ ਦਾ ਵੀ ਭਲਾ ਹੋਵੇ। ਆਉਣ ਵਾਲੇ ਦਿਨਾਂ 'ਚ ਸ਼ਾਇਦ ਸਾਡੇ ਸਿਆਸੀ ਵਿਰੋਧੀ ਵੀ ਆਪਣਾ ਏਜੰਡਾ ਬਦਲ ਲੈਣ ਕਿਉਂਕਿ ਲੋਕਾਂ ਨੇ ਨਕਾਰਾਤਮਕ ਸਿਆਸਤ ਨੂੰ ਨਾਕਾਰ ਦਿੱਤਾ ਹੈ। ਹੁਣ ਲੋਕ ਵੱਡੀਆਂ ਵੱਡੀਆਂ ਗੱਲਾਂ ਕਰਨ ਵਾਲਿਆਂ, ਤਾਅਨੇ ਮਿਹਣੇ ਮਾਰਨ ਜਾਂ ਨਿੱਜੀ ਟਿੱਪਣੀਆਂ ਕਰਨ ਵਾਲਿਆਂ ਨੂੰ ਨਹੀਂ ਸਗੋਂ ਵਿਕਾਸ ਦੀ ਰਾਜਨੀਤੀ ਕਰਨ ਵਾਲਿਆਂ ਨੂੰ ਪਸੰਦ ਕਰਨ ਲੱਗੇ ਹਨ। 

ਮੁੱਖ ਮੰਤਰੀ ਨੇ ਕਿਹਾ ਕਿ ਜਲੰਧਰ ਵਾਲਿਆਂ ਨੇ ਸਾਡੇ 'ਤੇ ਭਰੋਸਾ ਕੀਤਾ ਹੈ, ਹੁਣ ਸਾਨੂੰ ਹੋਰ ਕੰਮ ਕਰਨਾ ਹੋਵੇਗਾ ਕਿਉਂਕਿ ਸਾਡੀ ਜ਼ਿੰਮੇਵਾਰੀ ਵਧ ਗਈ ਹੈ। ਅਸੀਂ 'ਰੰਗਲਾ ਪੰਜਾਬ' ਵੱਲ ਵਧ ਰਹੇ ਹਾਂ। ਇਸ ਜਿੱਤ ਨਾਲ ਸਾਡਾ ਹੌਂਸਲਾ ਵਧਿਆ ਹੈ ਕਿਉਂਕਿ ਬਾਕੀ ਸਾਰੀਆਂ ਪਾਰਟੀਆਂ ਇਕ ਪਾਸੇ ਸਨ ਤੇ ਆਮ ਆਦਮੀ ਪਾਰਟੀ ਇਕ ਪਾਸੇ। ਵੋਟਰਾਂ ਨੇ ਹੋਰ ਸਾਰਿਆਂ ਨੂੰ ਨਕਾਰ ਕੇ ਸਾਨੂੰ ਜਿੱਤ ਦਾ ਫਤਵਾ ਦਿੱਤਾ ਹੈ। ਅਸੀਂ ਆਸਾਂ-ਉਮੀਦਾਂ 'ਤੇ ਪੂਰਾ ਉਤਰਨ ਦੀ ਕੋਸ਼ਿਸ਼ ਕਰਾਂਗੇ।

ਅੰਤ ਵਿੱਚ ਮੁੱਖ ਮੰਤਰੀ ਨੇ ਚੋਣ ਪ੍ਰਚਾਰ ਦੌਰਾਨ ਘਰਾਂ ਤੋਂ ਬਾਹਰ ਨਿਕਲਣ ਵਾਲੇ ਹਰ ਵਰਕਰ ਨੂੰ ਜਿੱਤ ਦੀ ਵਧਾਈ ਦਿੰਦਿਆਂ ਕਿਹਾ ਕਿ ਇਹ ਜਿੱਤ ਉਨ੍ਹਾਂ ਦੀ ਹੈ। ਜਲੰਧਰ 'ਚ ਕਾਂਗਰਸ ਦਾ ਕੋਈ ਵੱਡਾ ਨੇਤਾ ਵੋਟ ਮੰਗਣ ਨਹੀਂ ਆਇਆ ਸੀ ਕਿਉਂਕਿ ਉਨ੍ਹਾਂ ਨੂੰ ਲੱਗਦਾ ਸੀ ਕਿ ਇਹ ਸੀਟ ਸਾਡੀ ਪੱਕੀ ਹੈ ਪਰ ਲੋਕਾਂ ਨੇ ਉਨ੍ਹਾਂ ਦਾ ਵਹਿਮ ਤੋੜ ਦਿੱਤਾ ਹੈ।

ਜ਼ਿਕਰਯੋਗ ਹੈ ਕਿ 10 ਮਈ ਨੂੰ ਹੋਈ ਜਲੰਧਰ ਜ਼ਿਮਨੀ ਚੋਣ ਵਿਚ ਆਮ ਆਦਮੀ ਪਾਰਟੀ ਦੀ ਜਿੱਤ ਤੈਅ ਹੋ ਚੁੱਕੀ ਹੈ। ਜਿੱਤ ਦਾ ਮਹਿਜ਼ ਰਸਮੀ ਐਲਾਨ ਹੋਣਾ ਹੀ ਬਾਕੀ ਹੈ। 'ਆਪ' ਉਮੀਦਵਾਰ ਨੂੰ ਜ਼ਬਰਦਸਤ ਲੀਡ ਮਿਲ ਰਹੀ ਹੈ। 'ਆਪ' ਵਰਕਰਾਂ ਨੇ ਵੀ ਜਸ਼ਨ ਮਨਾਉਣਾ ਸ਼ੁਰੂ ਕਰ ਦਿੱਤਾ ਹੈ। 2 ਵਜੇ ਤੱਕ ਸਾਹਮਣੇ ਆਏ ਰੁਝਾਨਾਂ ਵਿਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੁਸ਼ੀਲ ਕੁਮਾਰ ਰਿੰਕੂ ਕਾਂਗਰਸ ਦੇ ਉਮੀਦਵਾਰ ਕਰਮਜੀਤ ਕੌਰ ਨਾਲੋਂ ਅੱਗੇ ਚੱਲ ਰਹੇ ਹਨ। ਹੁਣ ਤੱਕ ਦੇ ਰੁਝਾਨਾਂ ਵਿਚ ਸੁਸ਼ੀਲ ਕੁਮਾਰ ਰਿੰਕੂ 60 ਹਜ਼ਾਰ ਦੇ ਕਰੀਬ ਵੋਟਾਂ ਨਾਲ ਅੱਗੇ ਚੱਲ ਰਹੇ ਹਨ। ਸੁਸ਼ੀਲ ਕੁਮਾਰ ਰਿੰਕੂ ਨੇ ਲਗਾਤਾਰ ਲੀਡ ਬਣਾਈ ਹੋਈ ਹੈ। ਉਥੇ ਹੀ ਕਾਂਗਰਸ ਦੀ ਪਾਰਟੀ ਦੂਜੇ ਨੰਬਰ 'ਤੇ ਚੱਲ ਰਹੀ ਹੈ। ਤੀਜੇ ਨੰਬਰ 'ਤੇ ਅਕਾਲੀ ਦਲ ਚੱਲ ਰਹੀ ਹੈ ਜਦਕਿ ਚੌਥੇ ਨੰਬਰ 'ਤੇ ਭਾਜਪਾ ਦੇ ਉਮੀਦਵਾਰ ਇੰਦਰ ਇਕਬਾਲ ਸਿੰਘ ਚੱਲ ਰਹੇ ਹਨ। 


ਸੁਸ਼ੀਲ ਰਿੰਕੂ (ਆਪ)- 302097 ਵੋਟਾਂ 
ਕਰਮਜੀਤ ਕੌਰ ਚੌਧਰੀ (ਕਾਂਗਰਸ)- 243450
ਸੁਖਵਿੰਦਰ ਸੁੱਖੀ (ਅਕਾਲੀ ਦਲ)- 158354
ਇੰਦਰ ਇਕਬਾਲ ਅਟਵਾਲ (ਭਾਜਪਾ)- 134706


author

Harnek Seechewal

Content Editor

Related News