ਮੁੱਖ ਮੰਤਰੀ ਭਗਵੰਤ ਮਾਨ ਦੇ ਮੁਫਤ ਬਿਜਲੀ ਵਾਲੇ ਫ਼ੈਸਲੇ ਦਾ ਟੀਟੂ ਬਾਣੀਏ ਵਲੋਂ ਵਿਰੋਧ, ਡੀ. ਸੀ. ਨੂੰ ਦੇਣਗੇ ਮੰਗ ਪੱਤਰ
Tuesday, Apr 19, 2022 - 02:59 PM (IST)
ਮੁੱਲਾਂਪੁਰ ਦਾਖਾ (ਕਾਲੀਆ) : ਸਾਡਾ ਭਾਰਤ ਹਰ ਧਰਮ ਅਤੇ ਫਿਰਕੇ ਦਾ ਦੇਸ਼ ਹੈ ਅਤੇ ਹਰ ਵਰਗ ਦੇ ਲੋਕ ਗਰੀਬ ਅਤੇ ਅਮੀਰ ਹੁੰਦੇ ਹਨ ਪਰ ਸਾਡੇ ਸਿਆਸਤਦਾਨਾਂ ਨੇ ਆਪਣੀਆਂ ਸਿਆਸੀ ਰੋਟੀਆਂ ਸੇਕਣ ਲਈ ਜਾਤਪਾਤ ’ਚ ਵੰਡੀਆਂ ਪਾ ਕੇ ਆਪਣੀਆਂ ਗੱਦੀਆਂ ਨੂੰ ਮਹਿਫੂਜ਼ ਰੱਖਣ ਦਾ ਸਿਲ-ਸਿਲਾ ਆਰੰਭਿਆ ਹੋਇਆ ਹੈ। ਇਸ ਦੀ ਤਾਜ਼ਾ ਉਦਾਹਰਨ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਜਾਤਪਾਤ ’ਚ ਵੰਡੀਆਂ ਪਾ ਕੇ ਮੁਫਤ ਬਿਜਲੀ ਦੀ ਸਹੂਲਤ ਦੇਣ ਦਾ ਐਲਾਨ ਕੀਤਾ ਗਿਆ ਹੈ ਜਿਸ ਦਾ ਮੈਂ ਡੱਟ ਕੇ ਵਿਰੋਧ ਕਰਦਾ ਹਾਂ ਅਤੇ ਇਸ ਸਬੰਧੀ ਇਕ ਮੰਗ ਪੱਤਰ 20 ਅਪ੍ਰੈਲ ਨੂੰ ਡਿਪਟੀ ਕਮਿਸ਼ਨਰ ਲੁਧਿਆਣਾ ਨੂੰ ਦੇਵਾਂਗਾ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਲੋਕ ਮੁੱਦਿਆਂ ਨੂੰ ਉਠਾਉਣ ਵਾਲੇ ਟੀਟੂ ਬਾਣੀਆ ਨੇ ਅੱਜ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ।
ਉਨ੍ਹਾਂ ਕਿਹਾ ਕਿ ਜਦੋਂ ਪ੍ਰਮਾਤਮਾ ਨੇ ਸਾਨੂੰ ਇਨਸਾਨੀ ਜਾਮਾ ਪਹਿਨਾਉਣ ਮੌਕੇ ਕੋਈ ਪੱਖਪਾਤ ਨਹੀਂ ਕੀਤਾ ਤਾਂ ਸਰਕਾਰਾਂ ਪੱਖਪਾਤ ਕਿਉਂ ਕਰ ਰਹੀਆਂ ਹਨ। ਉਨ੍ਹਾਂ ਭਗਵੰਤ ਮਾਨ ’ਤੇ ਟਿੱਪਣੀ ਕਰਦਿਆਂ ਕਿਹਾ ਕਿ ਵੋਟਾਂ ਮੌਕੇ ਕੀ ਜਨਰਲ ਵਰਗ ਨੇ ਤੁਹਾਨੂੰ ਵੋਟਾਂ ਨਹੀ ਪਾਈਆਂ ਜੋ ਬਦਲਾਅ ਲਈ ਪਾਈਆਂ ਹਨ ਤਾਂ ਫਿਰ ਰਵਾਇਤੀ ਪਾਰਟੀਆਂ ਵਾਂਗ ਪੱਖਪਾਤ ਕਿਉ? ਹੁਣ ਵੀ ਬਦਲਾਅ ਕਰਕੇ ਸਭ ਵਰਗਾਂ ਨੂੰ ਬਰਾਬਰ ਬਿਜਲੀ ਦੀ ਸਹੂਲਤ ਦੇਣੀ ਚਾਹੀਦੀ ਹੈ। ਨਾ ਕਿ ਵਿਤਕਰੇ ਵਾਲੀ ਭਾਵਨਾ ਰੱਖ ਕੇ ਜਨਰਲ ਵਰਗ ਦੇ ਗਰੀਬ ਤੋਂ ਗਰੀਬ ਲੋਕਾਂ ਨਾਲ ਸਰਾਸਰ ਧੱਕੇਸ਼ਾਹੀ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਰਾਜ ਤਾਂ ਲੋਕ ਹੀ ਦਿਵਾਉਂਦੇ ਹਨ ਅਤੇ ਲੋਕ ਖੋਹ ਵੀ ਲੈਂਦੇ ਹਨ। ਇਸ ਲਈ ਸਾਫ ਸੁਥਰੀ ਅਤੇ ਚੰਗੀ ਨੀਅਤ ਨਾਲ ਰਾਜਨੀਤੀ ਕਰੋ। ਅਜਿਹਾ ਨਾ ਹੋਵੇ ਕਿ ਭਵਿੱਖ ਵਿਚ ਰਵਾਇਤੀ ਪਾਰਟੀਆਂ ਵਾਂਗ ਤੁਹਾਡਾ ਵੀ ਸੁਪੜਾ ਸਾਫ ਹੋ ਜਾਵੇ।