CM ਭਗਵੰਤ ਮਾਨ ਵੱਲੋਂ ਮੋਟਰਸਾਈਕਲ-ਰੇਹੜੀਆਂ ਨਾ ਬੰਦ ਕਰਨ ਦੇ ਫ਼ੈਸਲੇ ਮਗਰੋਂ ਪੰਜਾਬ ਦੇ ਲੋਕ ਬਾਗੋ-ਬਾਗ
Monday, Apr 25, 2022 - 10:58 AM (IST)
ਸੰਗਰੂਰ (ਸਿੰਗਲਾ) : ਏ. ਡੀ. ਜੀ. ਪੀ. ਪੰਜਾਬ ਟ੍ਰੈਫਿਕ ਵੱਲੋਂ ਬੀਤੇ ਦਿਨੀਂ ਪੰਜਾਬ ਭਰ ਵਿਚ ਮੋਟਰਸਾਈਕਲ-ਰੇਹੜੀਆਂ ’ਤੇ ਪਾਬੰਦੀ ਲਗਾਉਣ ਤੋਂ ਬਾਅਦ ਪੈਦਾ ਹੋਏ ਵਿਵਾਦ ’ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਬੇਸ਼ੱਕ ਹੀ ਵਿਸ਼ਰਾਮ ਚਿੰਨ੍ਹ ਲਗਾ ਦਿੱਤੇ ਸਨ। ਉਨ੍ਹਾਂ ਵੱਲੋਂ ਉੱਚ ਅਧਿਕਾਰੀਆਂ ਨਾਲ ਮੀਟਿੰਗ ਕਰ ਕੇ ਫ਼ੈਸਲਾ ਕੀਤਾ ਗਿਆ ਹੈ ਕਿ ਪੰਜਾਬ ਦੇ ਹਜ਼ਾਰਾਂ ਲੋਕਾਂ ਲਈ ਮਿਹਨਤ-ਮਜ਼ਦੂਰੀ ਕਰ ਕੇ ਰੁਜ਼ਗਾਰ ਦਾ ਸਾਧਨ ਬਣੀਆਂ ਇਹ ਰੇਹੜੀਆਂ ਬੰਦ ਨਹੀਂ ਕੀਤੀਆਂ ਜਾਣਗੀਆਂ। ਭਗਵੰਤ ਮਾਨ ਨੇ ਟਵੀਟ ਕਰਦੇ ਹੋਏ ਲਿਖਿਆ ਹੈ ਕਿ ਪੰਜਾਬ ਵਿਚ ਹਜ਼ਾਰਾਂ ਲੋਕ ਦਿਨ-ਰਾਤ ਮਿਹਨਤ ਕਰ ਕੇ ਮੋਟਰਸਾਈਕਲ-ਰੇਹੜੀ ਤੋਂ ਆਪਣੀ ਦੋ ਵਕ਼ਤ ਦੀ ਰੋਟੀ ਕਮਾਉਂਦੇ ਹਨ। ਮੈਂ ਵਿਭਾਗ ਦੀ ਮੀਟਿੰਗ ਤਲਬ ਕਰ ਕੇ ਹੁਕਮ ਦੇ ਦਿੱਤੇ ਹਨ ਕਿ ਕੋਈ ਵੀ ਮੋਟਰਸਾਈਕਲ-ਰੇਹੜੀ ਬੰਦ ਨਹੀਂ ਹੋਣੀ ਚਾਹੀਦੀ। ਸਾਡੀ ਸਰਕਾਰ ਦਾ ਮਕਸਦ ਸਾਰਿਆਂ ਨੂੰ ਰੁਜ਼ਗਾਰ ਦੇਣਾ ਹੈ, ਕਿਸੇ ਦਾ ਰੁਜ਼ਗਾਰ ਖੋਹਣਾ ਨਹੀਂ।
ਇੱਥੇ ਇਹ ਗੱਲ ਅਤਿ ਜ਼ਿਕਰਯੋਗ ਹੈ ਕਿ ਬੀਤੇ ਦਿਨ ਏ. ਡੀ. ਜੀ. ਪੀ. ਪੰਜਾਬ ਟ੍ਰੈਫਿਕ ਪੁਲਸ ਵੱਲੋਂ ਸਖ਼ਤ ਹੁਕਮ ਜਾਰੀ ਕੀਤੇ ਗਏ ਹਨ ਕਿ ਮੋਟਰਸਾਈਕਲਾਂ ਦੀਆਂ ਬਣਾਈਆਂ ‘ਜੁਗਾੜੂ ਰੇਹੜੀਆਂ’ ਤੁਰੰਤ ਬੰਦ ਕੀਤੀਆਂ ਜਾਣ ਅਤੇ ਪੰਜਾਬ ਦੇ ਸਮੂਹ ਜ਼ਿਲ੍ਹਿਆਂ ਦੇ ਐੱਸ. ਐੱਸ. ਪੀ. ਨੂੰ ਸਪੈਸ਼ਲ ਲਿਖ਼ਤੀ ਪੱਤਰ ਜਾਰੀ ਕਰ ਕੇ ਆਰਡਰ ਵੀ ਦਿੱਤੇ ਗਏ ਹਨ ਕਿ ਇਨ੍ਹਾਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇ। ਹੁਕਮਾਂ ’ਚ ਕਿਹਾ ਗਿਆ ਹੈ ਕਿ ਮੋਟਰਸਾਈਕਲਾਂ ਦੀਆਂ ਜਗਾੜੂ ਰੇਹੜੀਆਂ ਬਣਾ ਕੇ ਲੋਕਾਂ ਵੱਲੋਂ ਸਵਾਰੀਆਂ ਦੀ ਢੋਆ-ਢੁਆਈ ਕੀਤੀ ਜਾਂਦੀ ਹੈ। ਇਸ ਕਾਰਨ ਇਹ ਰੇਹੜੀਆਂ ਲੋਕਾਂ ਦੀ ਜਾਨ ਲਈ ਖ਼ਤਰਾ ਵੀ ਬਣ ਰਹੀਆਂ ਹਨ।
ਜੁਗਾੜੂ ਰੇਹੜੀਆਂ ਦੀ ਵਰਤੋਂ ਸੀਮੈਂਟ, ਬੱਜਰੀ, ਇੱਟਾਂ, ਰੇਤ, ਸਰੀਆ ਅਤੇ ਇਲੈਕਟ੍ਰਾਨਿਕ ਦਾ ਸਮਾਨ ਢੋਣ ਲਈ ਵੀ ਕੀਤੀ ਜਾਂਦੀ ਹੈ। ਭਾਰੀ ਸਮਾਨ ਲੱਦੀਆਂ ਇਹ ਰੇਹੜੀਆਂ ਹਾਦਸਿਆਂ ਦਾ ਕਾਰਨ ਬਣ ਰਹੀਆਂ ਹਨ। ਇਸੇ ਤਹਿਤ ਏ. ਡੀ. ਜੀ. ਪੀ. ਪੰਜਾਬ ਟ੍ਰੈਫਿਕ ਨੇ ਇਨ੍ਹਾਂ ਰੇਹੜੀਆਂ ਨੂੰ ਬੰਦ ਕਰਨ ਲਈ ਵਿਸ਼ੇਸ਼ ਮੁਹਿੰਮ ਚਲਾਉਣ ਦੀਆਂ ਹਦਾਇਤਾਂ ਦਿੱਤੀਆਂ ਹਨ। ਉਕਤ ਹਦਾਇਤਾਂ ਅਨੁਸਾਰ ਉਨ੍ਹਾਂ ਦੇ ਚਲਾਨ ਕੱਟੇ ਜਾ ਰਹੇ ਹਨ। ਉੱਥੇ ਹੀ ਕੁੱਝ ਨੂੰ ਵਾਰਨਿੰਗ ਵੀ ਦਿੱਤੀ ਗਈ ਹੈ ਕਿ ਜੇਕਰ ਅਗਲੀ ਵਾਰ ਤੋਂ ਉਹ ਇਸ ਵ੍ਹੀਕਲ ਨਾਲ ਦਿਖਾਈ ਦਿੰਦੇ ਹਨ ਤਾਂ ਵ੍ਹੀਕਲ ਫੜ੍ਹ ਕੇ ਜ਼ਬਤ ਕਰ ਦਿੱਤਾ ਜਾਵੇਗਾ ਪਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਮਗਰੋਂ ਲਏ ਗਏ ਸਖ਼ਤ ਫ਼ੈਸਲੇ ਤੋਂ ਬਾਅਦ ਹੁਣ ਪੰਜਾਬ ਦੇ ਲੱਖਾਂ ਮੋਟਰਸਾਈਕਲ-ਰੇਹੜੀਆਂ ਵਾਲੇ ਖ਼ੁਸ਼ ਦਿਖਾਈ ਦੇ ਰਹੇ ਹਨ।