ਭਗਵੰਤ ਮਾਨ ਤੇ ਅਰਵਿੰਦ ਕੇਜਰੀਵਾਲ ਵੱਲੋਂ ਪੰਜਾਬ ’ਚ ‘ਘਰ-ਘਰ ਮੁਫ਼ਤ ਰਾਸ਼ਨ ਸਕੀਮ’ ਦੀ ਸ਼ੁਰੂਆਤ

Sunday, Feb 11, 2024 - 04:50 AM (IST)

ਭਗਵੰਤ ਮਾਨ ਤੇ ਅਰਵਿੰਦ ਕੇਜਰੀਵਾਲ ਵੱਲੋਂ ਪੰਜਾਬ ’ਚ ‘ਘਰ-ਘਰ ਮੁਫ਼ਤ ਰਾਸ਼ਨ ਸਕੀਮ’ ਦੀ ਸ਼ੁਰੂਆਤ

ਮੰਡੀ ਗੋਬਿੰਦਗੜ੍ਹ/ਸਰਹਿੰਦ/ਜਲੰਧਰ (ਸੁਰੇਸ਼ ਸ਼ਰਮਾ, ਜੋਗਿੰਦਰਪਾਲ, ਜੱਜੀ, ਧਵਨ)- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅੱਜ ਪਿੰਡ ਸਲਾਨਾ ਦੁੱਲਾ ਸਿੰਘ ਦੀ ਦਵਿੰਦਰ ਕੌਰ ਨੂੰ ਰਾਸ਼ਨ ਦੀ ਕਿੱਟ ਸੌਂਪ ਕੇ ਸੂਬੇ ਵਿਚ ‘ਘਰ-ਘਰ ਮੁਫਤ ਰਾਸ਼ਨ’ ਪਹੁੰਚਾਉਣ ਲਈ ਇਨਕਲਾਬੀ ਕਦਮ ਦੀ ਸ਼ੁਰੂਆਤ ਕੀਤੀ। ਇਸ ਲੋਕ-ਹਿਤੈਸ਼ੀ ਯੋਜਨਾ ਨੂੰ ਸ਼ੁਰੂ ਕਰਨ ਵਾਲੇ ਪੰਜਾਬ ਦੇ ਮੁੱਖ ਮੰਤਰੀ ਨੇ ਉਮੀਦ ਪ੍ਰਗਟ ਕੀਤੀ ਕਿ ਹੁਣ ਲੋਕਾਂ ਨੂੰ ਘਰ ਬੈਠੇ ਹੀ ਰਾਸ਼ਨ ਮਿਲਣਾ ਸ਼ੁਰੂ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਹੁਣ ਉਹ ਦਿਨ ਬੀਤ ਚੁੱਕੇ ਹਨ ਜਦੋਂ ਲੋਕਾਂ ਨੂੰ ਕੌਮੀ ਸੁਰੱਖਿਆ ਐਕਟ ਤਹਿਤ ਮਿਲਦਾ ਰਾਸ਼ਨ ਲੈਣ ਲਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ।

ਹੁਣ ਲਾਭਪਾਤਰੀਆਂ ਨੂੰ ਉਨ੍ਹਾਂ ਦੇ ਘਰਾਂ ਵਿਚ ਹੀ ਪੈਕ ਹੋਏ ਆਟੇ ਦੀ ਵੰਡ ਸ਼ੁਰੂ ਹੋਣ ਨਾਲ ਨਵੇਂ ਯੁੱਗ ਦੀ ਸ਼ੁਰੂਆਤ ਹੋਵੇਗੀ, ਜਿਸ ਅਧੀਨ ਹੁਣ ਲੋਕਾਂ ਨੂੰ ਰਾਸ਼ਨ ਲੈਣ ਲਈ ਲੰਮੀਆਂ ਕਤਾਰਾਂ ਵਿਚ ਖੜ੍ਹੇ ਹੋਣ ਦੀ ਲੋੜ ਨਹੀਂ ਪਵੇਗੀ। ਇਸ ਨਾਲ ਨਾ ਸਿਰਫ ਲੋਕਾਂ ਨੂੰ ਘਰ ਬੈਠੇ ਪੌਸ਼ਟਿਕ ਅਨਾਜ ਮਿਲਣਾ ਯਕੀਨੀ ਹੋਵੇਗਾ, ਸਗੋਂ ਉਨ੍ਹਾਂ ਦੇ ਸਮੇਂ, ਪੈਸੇ ਤੇ ਊਰਜਾ ਦੀ ਵੀ ਬਚਤ ਹੋਵੇਗੀ। ਰਾਸ਼ਨ ਦੇਣ ਦੌਰਾਨ ਲਾਭਪਾਤਰੀਆਂ ਨੂੰ ਰਾਸ਼ਨ ਦੇ ਭਾਰ ਵਾਲੀ ਰਸੀਦ ਦੇਣ ਸਮੇਤ ਸਾਰੀਆਂ ਜ਼ਰੂਰੀ ਵਿਵਸਥਾਵਾਂ ਦੀ ਬਾਇਓਮੈਟ੍ਰਿਕ ਤਸਦੀਕ ਹੋਵੇਗੀ।

ਇਹ ਖ਼ਬਰ ਵੀ ਪੜ੍ਹੋ - ਜਲੰਧਰ ਦੇ ਮਸ਼ਹੂਰ ਨਿੱਜੀ ਸਕੂਲ ਨੂੰ ਸਿੱਖਿਆ ਵਿਭਾਗ ਦਾ ਨੋਟਿਸ, 'ਪੰਜਾਬ ਐਕਟ' ਦੀ ਹੋ ਰਹੀ ਉਲੰਘਣਾ

ਘਰ-ਘਰ ਰਾਸ਼ਨ ਪਹੁੰਚਾਉਣ ਦੀ ਯੋਜਨਾ ਮਾਡਲ ਫੇਅਰ ਪ੍ਰਾਈਸ ਸ਼ਾਪਸ ਵਲੋਂ ਸ਼ੁਰੂ ਕੀਤੀ ਜਾਵੇਗੀ ਅਤੇ ਇਨ੍ਹਾਂ ਨੂੰ ਪੰਜਾਬ ਸਟੇਟ ਕੋਆਪ੍ਰੇਟਿਵ ਸਪਲਾਈ ਐਂਡ ਮਾਰਕੀਟਿੰਗ ਫੈਡਰੇਸ਼ਨ ਲਿਮਟਿਡ (ਮਾਰਕਫੈੱਡ) ਵਲੋਂ ਸਰਵਉੱਚ ਸਹਿਕਾਰੀ ਸੰਸਥਾ ਵਜੋਂ ਚਲਾਇਆ ਜਾਵੇਗਾ। ਕੌਮੀ ਖੁਰਾਕ ਸੁਰੱਖਿਆ ਐਕਟ ਤਹਿਤ ਸਹਿਕਾਰੀ ਸੰਸਥਾਵਾਂ ਨੂੰ ਪਹਿਲ ਦਿੱਤੀ ਜਾਂਦੀ ਹੈ।

ਇਸ ਵੇਲੇ ਇਸ ਕਿਸਮ ਦੀਆਂ 600 ਮਾਡਲ ਫੇਅਰ ਪ੍ਰਾਈਸ ਸ਼ਾਪਸ ਤਿਆਰ ਹਨ, ਜਦੋਂਕਿ ਮਗਨਰੇਗਾ ਰਾਹੀਂ ਇਸੇ ਤਰ੍ਹਾਂ ਦੀਆਂ 200 ਹੋਰ ਦੁਕਾਨਾਂ ਤਿਆਰ ਕੀਤੀਆਂ ਜਾਣਗੀਆਂ। ਇਸ ਸਕੀਮ ਦੀ ਵਿਲੱਖਣਤਾ ਇਹ ਹੈ ਕਿ ਲਾਭਪਾਤਰੀ ਨੂੰ ਉਸ ਦੇ ਪਿੰਡ ਵਿਚ ਰਾਸ਼ਨ ਦੀ ਸਪਲਾਈ ਬਾਰੇ ਐੱਮ. ਐੱਮ. ਐੱਸ. ਰਾਹੀਂ ਅਗਾਊਂ ਸੂਚਿਤ ਕੀਤਾ ਜਾਵੇਗਾ।

ਜੇ ਇਸ ਸਕੀਮ ਅਧੀਨ ਕੋਈ ਫੀਡਬੈਕ, ਸੁਝਾਅ ਜਾਂ ਸ਼ਿਕਾਇਤ ਹੋਵੇ ਤਾਂ ਟੋਲ ਫ੍ਰੀ ਨੰਬਰ 1100 ’ਤੇ ਸੂਚਿਤ ਕੀਤਾ ਜਾ ਸਕਦਾ ਹੈ। ਲਾਭਪਾਤਰੀਆਂ ਵਲੋਂ ਕਣਕ ਦੇ ਆਟੇ ਨੂੰ ਬਦਲਵਾਉਣ ਜਾਂ ਰਾਸ਼ਨ ਘਰ ਪਹੁੰਚਾਉਣ ’ਤੇ ਉਨ੍ਹਾਂ ਪਾਸੋਂ ਕੋਈ ਵੀ ਖਰਚਾ ਨਹੀਂ ਲਿਆ ਜਾਵੇਗਾ। ਯੋਗ ਲਾਭਪਾਤਰੀਆਂ ਨੂੰ ਹਰ ਮਹੀਨੇ ਰਾਸ਼ਨ ਦੀ ਸਪਲਾਈ ਕੀਤੀ ਜਾਵੇਗੀ। ਇਹ ਯੋਜਨਾ ਪਿਛਲੇ ਸਮੇਂ ’ਚ ਹੋ ਰਹੀਆਂ ਚੋਰੀਆਂ ਅਤੇ ਅਨਾਜ ਦੀ ਜਮ੍ਹਾਖੋਰੀ ਨੂੰ ਰੋਕਣ ਵੱਲ ਵੱਡਾ ਕਦਮ ਹੈ। ਨਵੀਂ ਸਕੀਮ ਸੂਬੇ ਭਰ ਵਿਚ ਪਹਿਲੇ ਪੜਾਅ ’ਚ 25 ਲੱਖ ਲਾਭਪਾਤਰੀਆਂ ਨੂੰ ਵੱਡੀ ਰਾਹਤ ਦੇਣ ਦੇ ਨਾਲ-ਨਾਲ ਪਿੰਡਾਂ ਦੇ 1500 ਨੌਜਵਾਨਾਂ ਨੂੰ ਰੋਜ਼ਗਾਰ ਦੇ ਮੌਕੇ ਵੀ ਮੁਹੱਈਆ ਕਰਾਏਗੀ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News