CM ਬਣਨ ਮਗਰੋਂ ਪਹਿਲੀ ਵਾਰ ਲੁਧਿਆਣਾ ਪੁੱਜੇ ਭਗਵੰਤ ਮਾਨ ਨੇ ਵਿਰੋਧੀਆਂ 'ਤੇ ਲਾਏ ਰਗੜੇ

Thursday, May 05, 2022 - 12:38 PM (IST)

ਲੁਧਿਆਣਾ : ਇੱਥੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿਖੇ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਦੇ ਜਨਮ ਦਿਵਸ ’ਤੇ ਕਰਵਾਏ ਗਏ ਸੂਬਾ ਪੱਧਰੀ ਸਮਾਰੋਹ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਮੁੱਖ ਮਹਿਮਾਨ ਵੱਜੋਂ ਪਹੁੰਚੇ। ਉਨ੍ਹਾਂ ਨੇ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਦੇ ਜਨਮ ਦਿਵਸ ਮੌਕੇ ਸੰਬੋਧਨ ਕਰਦਿਆਂ ਕਿਹਾ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਹੱਥੋਂ ਅੰਮ੍ਰਿਤ ਛੱਕਣ ਵਾਲੇ ਅਤੇ ਬਾਬਾ ਬੰਦਾ ਬਹਾਦਰ ਦੀਆਂ ਫ਼ੌਜਾਂ ਨਾਲ ਸਹਿਯੋਗ ਕਰਨ ਵਾਲੇ ਬਾਬਾ ਜੱਸਾ ਸਿੰਘ ਰਾਮਗੜ੍ਹੀਆ ਬਹੁਤ ਬਹਾਦਰ ਸਨ ਅਤੇ ਬਹਾਦਰੀ ਉਨ੍ਹਾਂ ਨੂੰ ਵਿਰਸੇ 'ਚ ਮਿਲੀ ਸੀ। ਉਨ੍ਹਾਂ ਕਿਹਾ ਕਿ ਸਾਡਾ ਵਿਰਸਾ ਮਹਾਨ ਯੋਧਿਆਂ ਦੀ ਬਹਾਦਰੀ ਨਾਲ ਭਰਿਆ ਹੋਇਆ ਹੈ। ਭਗਵੰਤ ਮਾਨ ਨੇ ਕਿਹਾ ਕਿ ਜਦੋਂ ਵੀ ਧਾੜਵੀ ਦਿੱਲੀ ਲੁੱਟਣ ਲਈ ਆਉਂਦੇ ਸੀ ਤਾਂ ਪੰਜਾਬ 'ਚ ਵੱਸਦੇ ਸਾਡੇ ਬਜ਼ੁਰਗਾਂ ਨੂੰ ਉਨ੍ਹਾਂ ਨਾਲ 2 ਵਾਰ ਲੜਨਾ ਪੈਂਦਾ ਸੀ।

ਇਹ ਵੀ ਪੜ੍ਹੋ : ਪਟਿਆਲਾ ’ਚ ਦਸਤ ਰੋਗ ਨਾਲ 9 ਲੋਕ ਬੀਮਾਰ, DC ਨੇ ਦੱਸਿਆ ਇਹ ਕਾਰਨ

ਇਕ ਵਾਰ ਜਦੋਂ ਉਹ ਦਿੱਲੀ ਲੁੱਟਣ ਜਾਂਦੇ ਸਨ ਅਤੇ ਦੂਜੀ ਵਾਰ ਜਦੋਂ ਉਹ ਦਿੱਲੀ ਲੁੱਟ ਕੇ ਵਾਪਸ ਜਾਂਦੇ ਸਨ। ਉਨ੍ਹਾਂ ਕਿਹਾ ਕਿ ਪੰਜਾਬੀਆਂ ਨੇ ਹਮੇਸ਼ਾ ਜ਼ੁਲਮਾਂ ਖ਼ਿਲਾਫ਼ ਲੜਾਈਆਂ ਲੜੀਆਂ ਹਨ। ਉਨ੍ਹਾਂ ਕਿਹਾ ਕਿ ਜ਼ੁਲਮਾਂ ਖ਼ਿਲਾਫ਼ ਲੜਾਈ ਅੱਜ ਵੀ ਜਾਰੀ ਹੈ ਪਰ ਫ਼ਰਕ ਸਿਰਫ ਇੰਨਾ ਹੈ ਕਿ ਅੱਜ ਆਪਣੇ ਲੁੱਟ ਰਹੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਬਣਨ ਦੇ 50 ਦਿਨਾਂ ਦੇ ਅੰਦਰ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ 26,454 ਨੌਕਰੀਆਂ ਦਾ ਇਸ਼ਤਿਹਾਰ ਜਾਰੀ ਕੀਤਾ ਗਿਆ ਹੈ ਅਤੇ ਇਹ ਪਹਿਲਾਂ ਵੀ ਹੋ ਸਕਦਾ ਸੀ। ਭਗਵੰਤ ਮਾਨ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਲੋਕ ਪੱਖੀ ਫ਼ੈਸਲੇ ਲੈ ਰਹੀ ਹੈ ਅਤੇ ਆਉਣ ਵਾਲੇ ਦਿਨਾਂ 'ਚ ਬਜਟ ਸੈਸ਼ਨ ਆਵੇਗਾ, ਉਦੋਂ ਵੀ ਕਈ ਫ਼ੈਸਲਿਆਂ ਨੂੰ ਲਾਗੂ ਕੀਤਾ ਜਾਵੇਗਾ।

ਇਹ ਵੀ ਪੜ੍ਹੋ : ਮੁੱਖ ਮੰਤਰੀ ਨੇ 20 'ਆਪ' ਮੰਤਰੀਆਂ-ਵਿਧਾਇਕਾਂ ਨਾਲ ਕੀਤੀ ਬੈਠਕ, ਕਾਰਪੋਰੇਸ਼ਨ ਚੋਣਾਂ ਸਬੰਧੀ ਤਿਆਰ ਹੋਣ ਲਈ ਕਿਹਾ

ਇਸ ਮੌਕੇ ਭਗਵੰਤ ਮਾਨ ਵੱਲੋਂ ਆਪਣੇ ਵਿਰੋਧੀਆਂ 'ਤੇ ਵੀ ਖੂਬ ਰਗੜੇ ਲਾਏ ਗਏ। ਉਨ੍ਹਾਂ ਕਿਹਾ ਕਿ ਹਾਰੇ ਹੋਏ ਲੀਡਰ ਸਰਕਾਰੀ ਕੋਠੀਆਂ ਛੱਡਣ ਲਈ ਤਿਆਰ ਨਹੀਂ ਹੈ। ਉਨ੍ਹਾਂ ਕਿਹਾ ਕਿ 25 ਸਾਲਾਂ ਬਾਅਦ ਇਕ ਸਰਕਾਰੀ ਕੋਠੀ ਖ਼ਾਲੀ ਕਰਾਈ ਗਈ ਹੈ। ਭਗਵੰਤ ਮਾਨ ਨੇ ਕਿਹਾ ਕਿ ਜੇਕਰ ਸਰਕਾਰਾਂ ਸਭ ਕੰਮ ਕਰ ਦਿੰਦੀਆਂ ਤਾਂ ਉਨ੍ਹਾਂ ਨੂੰ ਅਤੇ ਅਰਵਿੰਦ ਕੇਜਰੀਵਾਲ ਨੂੰ ਸਿਆਸਤ 'ਚ ਆਉਣ ਦੀ ਕੀ ਲੋੜ ਸੀ। ਭਗਵੰਤ ਮਾਨ ਨੇ ਕਿਹਾ ਕਿ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਨੂੰ ਸ਼ੱਚੀ ਸ਼ਰਧਾਂਜਲੀ ਇਹੀ ਹੋਵੇਗੀ ਕਿ ਅਸੀਂ ਸਭ ਉਨ੍ਹਾਂ ਦੇ ਪਾਏ ਰਸਤੇ 'ਤੇ ਚੱਲੀਏ। ਭਗਵੰਤ ਮਾਨ ਨੇ ਕਿਹਾ ਕਿ ਅਸੀਂ ਖੇਤੀ ਨੂੰ ਲੈ ਕੇ ਵੀ ਵੱਡੇ ਫ਼ੈਸਲੇ ਲੈ ਰਹੇ ਹਾਂ ਅਤੇ ਇਸ ਦੇ ਲਈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮਾਹਿਰਾਂ ਨਾਲ ਰੋਜ਼ ਮੀਟਿੰਗਾਂ ਹੋ ਰਹੀਆਂ ਹਨ। ਉਨ੍ਹਾਂ ਕਿਹਾ ਕਿ ਲੋਕਾਂ ਦੇ ਸਹਿਯੋਗ ਨਾਲ ਹੀ ਸਭ ਕੁੱਝ ਹੋ ਸਕਦਾ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


Babita

Content Editor

Related News