ਬਕਾਇਆ ਵਜ਼ੀਫਿਆਂ ਨੇ ਲੱਖਾਂ ਵਿਦਿਆਰਥੀਆਂ ਦਾ ਡੋਬਿਆ ਭਵਿੱਖ : ਭਗਵੰਤ ਮਾਨ
Monday, Sep 16, 2019 - 08:22 PM (IST)

ਚੰਡੀਗੜ੍ਹ,(ਰਮਨਜੀਤ): ਆਮ ਆਦਮੀ ਪਾਰਟੀ (ਆਪ) ਦੇ ਪ੍ਰਧਾਨ ਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਅਨੁਸੂਚਿਤ ਜਾਤੀ (ਐੱਸ. ਸੀ.) ਨਾਲ ਸਬੰਧਤ ਵਿਦਿਆਰਥੀਆਂ ਨੂੰ ਪ੍ਰੀ-ਮੈਟ੍ਰਿਕ ਤੇ ਪੋਸਟ ਮੈਟ੍ਰਿਕ ਸਕਾਲਰਸ਼ਿਪ (ਵਜ਼ੀਫ਼ਾ) ਸਕੀਮ ਤਹਿਤ ਮਿਲਣ ਵਾਲੇ ਵਜ਼ੀਫ਼ਿਆਂ ਦੇ ਬਕਾਇਆ ਖੜ੍ਹੇ ਅਰਬਾਂ ਰੁਪਏ ਅਜੇ ਤੱਕ ਜਾਰੀ ਨਾ ਕੀਤੇ ਜਾਣ ਪਿੱਛੇ ਡੂੰਘੀ ਸਾਜ਼ਿਸ਼ ਦਾ ਦੋਸ਼ ਲਾਇਆ ਹੈ। ਉਨ੍ਹਾਂ ਕਿਹਾ ਕਿ ਕਾਂਗਰਸ, ਅਕਾਲੀ ਦਲ (ਬਾਦਲ) ਤੇ ਭਾਜਪਾ ਵਰਗੀਆਂ ਰਵਾਇਤੀ ਪਾਰਟੀਆਂ ਨੇ ਕਦੇ ਨਹੀਂ ਚਾਹਿਆ ਕਿ ਗ਼ਰੀਬਾਂ ਤੇ ਦਲਿਤ ਸਮਾਜ ਦੇ ਬੱਚੇ ਪੜ੍ਹ-ਲਿਖ ਕੇ ਆਪਣੇ ਪੈਰਾਂ 'ਤੇ ਖੜ੍ਹੇ ਹੋਣ। ਇਨ੍ਹਾਂ ਦੀ ਸ਼ੁਰੂ ਤੋਂ ਨੀਤੀ ਰਹੀ ਹੈ ਕਿ ਗਰੀਬ ਤੇ ਆਮ ਆਦਮੀ ਹੋਰ ਗਰੀਬ ਕੀਤਾ ਜਾਵੇ ਕਿਉਂਕਿ ਗ਼ਰੀਬਾਂ ਤੇ ਆਮ ਲੋਕਾਂ ਨੂੰ ਇਹ ਆਪਣੀਆਂ 'ਸਿਆਸੀ ਫ਼ੈਕਟਰੀਆਂ' ਲਈ ਮਹਿਜ਼ ਕੱਚਾ ਮਾਲ ਸਮਝਦੀਆਂ ਹਨ, ਜਿਸ ਨੂੰ ਵੋਟਾਂ ਸਮੇਂ ਆਪਣੇ ਵੱਲ ਖਿੱਚਿਆ ਜਾ ਸਕੇ।
ਅੱਜ ਇਥੇ ਭਗਵੰਤ ਮਾਨ ਨੇ ਕਿਹਾ ਕਿ ਉਨ੍ਹਾਂ ਨੂੰ ਹਰ ਰੋਜ਼ ਸੈਂਕੜੇ ਵਿਦਿਆਰਥੀ ਮਿਲ ਕੇ ਤੇ ਫੋਨਾਂ ਰਾਹੀਂ ਗੁਹਾਰ ਲਾਉਂਦੇ ਹਨ ਕਿ ਸਬੰਧਤ ਕਾਲਜਾਂ ਤੋਂ ਸਾਡੇ ਸਰਟੀਫਿਕੇਟ ਜਾਰੀ ਕਰਵਾਏ ਜਾਣ ਤਾਂ ਕਿ ਅਸੀਂ ਅਗਲੇਰੀ ਉਚ-ਵਿੱਦਿਆ ਲਈ ਦਾਖਲਾ ਲੈ ਸਕੀਏ। ਭਗਵੰਤ ਮਾਨ ਨੇ ਕਿਹਾ ਕਿ ਸੂਬਾ ਤੇ ਕੇਂਦਰ ਸਰਕਾਰਾਂ ਦੀ ਬਦਨੀਤੀ ਨੇ ਲੱਖਾਂ ਵਿਦਿਆਰਥੀਆਂ ਦੇ ਨਾਲ-ਨਾਲ ਸੈਂਕੜੇ ਸਰਕਾਰੀ ਤੇ ਗੈਰ-ਸਰਕਾਰੀ ਕਾਲਜਾਂ-ਯੂਨੀਵਰਸਿਟੀਆਂ ਨੂੰ ਵੀ ਡੋਬ ਦਿੱਤਾ ਹੈ ਕਿਉਂਕਿ ਸਰਕਾਰ ਵਲੋਂ ਸਕਾਲਰਸ਼ਿਪ ਲਈ ਸਬੰਧਤ ਕਾਲਜਾਂ-ਯੂਨੀਵਰਸਿਟੀਆਂ ਨੂੰ ਫ਼ੰਡ ਹੀ ਨਹੀਂ ਜਾਰੀ ਕੀਤੇ, ਜੋ 1000 ਕਰੋੜ ਰੁਪਏ ਤੋਂ ਜ਼ਿਆਦਾ ਹਨ। ਮਾਨ ਨੇ ਕਿਹਾ ਕਿ ਇਨ੍ਹਾਂ 'ਚ ਪੰਜਾਬੀ ਯੂਨੀਵਰਸਿਟੀਆਂ ਅਤੇ ਦੂਸਰੀਆਂ ਸਰਕਾਰੀ ਯੂਨੀਵਰਸਿਟੀਆਂ ਤੇ ਸਰਕਾਰੀ ਪ੍ਰੋਫੈਸ਼ਨਲ ਕਾਲਜ ਵੀ ਸ਼ਾਮਲ ਹਨ। ਭਗਵੰਤ ਮਾਨ ਨੇ ਕਿਹਾ ਕਿ ਉਹ ਇਸ ਮਾਮਲੇ ਨੂੰ ਲੈ ਕੇ ਛੇਤੀ ਹੀ ਕੇਂਦਰੀ ਮਨੁੱਖੀ ਸਰੋਤ ਮੰਤਰੀ ਪ੍ਰਕਾਸ਼ ਜਾਵਡੇਕਰ ਨਾਲ ਮੁਲਾਕਾਤ ਕਰ ਕੇ ਇਸ ਮਸਲੇ ਦੇ ਹੱਲ ਲਈ ਦਬਾਅ ਪਾਉਣਗੇ।