ਭਗਵੰਤ ਮਾਨ ਦੀ ਅਕਾਲੀਆਂ ਨੂੰ ਦੋ ਟੁੱਕ, ਕਿੱਥੇ ਗਈਆਂ ਹੁਣ ਤੱਕੜੀ ਦੀਆਂ ਰੱਸੀਆਂ

Saturday, Feb 29, 2020 - 06:54 PM (IST)

ਭਗਵੰਤ ਮਾਨ ਦੀ ਅਕਾਲੀਆਂ ਨੂੰ ਦੋ ਟੁੱਕ, ਕਿੱਥੇ ਗਈਆਂ ਹੁਣ ਤੱਕੜੀ ਦੀਆਂ ਰੱਸੀਆਂ

ਫਰੀਦਕੋਟ (ਹਾਲੀ) : ਆਮ ਆਦਮੀ ਪਾਰਟੀ ਦੇ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਨੇ ਫਰੀਦਕੋਟ ਜ਼ਿਲੇ ਦੇ ਪਿੰਡ ਪੱਖੀ ਕਲਾਂ ਵਿਖੇ ਕੀਤੀ ਗਈ ਵਿਸ਼ਾਲ ਰੈਲੀ ਵਿਚ ਸੰਬੋਧਨ ਕਰਦਿਆਂ ਕਿਹਾ ਕਿ ਅਕਾਲੀ ਦਲ ਹਮੇਸ਼ਾ ਹੀ ਕਹਿੰਦਾ ਹੈ ਕਿ ਝਾੜੂ ਤੀਲਾ-ਤੀਲਾ ਹੋ ਗਿਆ ਪਰ ਤੀਲਾ-ਤੀਲਾ ਕਹਿਣ ਵਾਲਿਆਂ ਨੂੰ ਮੈਂ ਪੁੱਛਣਾ ਚਾਹੁੰਦਾ ਹਾਂ ਕਿ ਹੁਣ ਉਹ ਦੱਸਣ ਕਿ ਤੱਕੜੀ ਦੀਆਂ ਰੱਸੀਆਂ ਦਾ ਕੀ ਹਾਲ ਹੈ, ਇਨ੍ਹਾਂ ਰੱਸੀਆਂ 'ਚੋਂ ਢੀਂਡਸਾ ਪਰਿਵਾਰ ਆਪਣੀ ਰੱਸੀ ਚੁੱਕੀ ਫਿਰਦਾ ਅਤੇ ਬਾਕੀ ਅਕਾਲੀ ਆਪਣੀਆਂ-ਆਪਣੀਆਂ ਰੱਸੀਆਂ। ਇਸ ਸਮੇਂ ਉਨ੍ਹਾਂ ਨਾਲ ਪ੍ਰੋ. ਸਾਧੂ ਸਿੰਘ ਸਾਬਕਾ ਮੈਂਬਰ ਪਾਰਲੀਮੈਂਟ, ਗੁਰਦਿੱਤ ਸਿੰਘ ਸੇਖੋਂ ਹਲਕਾ ਇੰਚਾਰਜ, ਅਮਨ ਅਤੇ ਕਈ ਹੋਰ ਸਥਾਨਕ ਅਤੇ ਸੂਬਾਈ ਪੱਧਰ ਦੇ ਪਾਰਟੀ ਆਗੂ ਵੀ ਮੌਜੂਦ ਸਨ।

ੰਮਾਨ ਨੇ ਕਿਹਾ ਕਿ ਜਿਸ ਦਿਨ ਉਹ ਘਰ ਰਹੇ ਅਤੇ ਬਾਦਲਾਂ ਬਾਰੇ ਕੁਝ ਨਾ ਬੋਲੇ ਤਾਂ ਇੰਝ ਮਹਿਸੂਸ ਹੋਣ ਲੱਗਦਾ ਹੈ ਜਿਵੇਂ ਧਰਤੀ ਉੱਪਰ ਬੋਝ ਹੋਵੇ। ਉਨ੍ਹਾਂ ਕਿਹਾ ਕਿ ਵੱਡੇ ਅਤੇ ਛੋਟੇ ਬਾਦਲ ਬਾਰੇ ਉਨ੍ਹਾਂ ਨੂੰ ਇਸ ਲਈ ਬੋਲਣਾ ਪੈਂਦਾ ਕਿਉਂਕਿ ਉਨ੍ਹਾਂ ਨੇ ਕਈ ਸਾਲ ਲੋਕਾਂ ਨੂੰ ਇਸ ਤਰ੍ਹਾਂ ਲੁੱਟਿਆ ਕਿ ਪੰਜਾਬ ਦਾ ਭਵਿੱਖ ਧੁੰਦਲਾ ਕਰ ਦਿੱਤਾ ਅਤੇ ਆਪਣੀਆਂ ਜਾਇਦਾਦਾਂ ਵਿਚ ਭਾਰੀ ਵਾਧਾ ਕੀਤਾ ਹੈ। ਉਨ੍ਹਾਂ ਪੰਡਾਲ 'ਚ ਬੈਠੀਆਂ ਬੀਬੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਹੁਣ ਜਦੋਂ ਆਰਥਿਕ ਤੰਗੀਆਂ ਕਾਰਣ ਉਨ੍ਹਾਂ ਦੇ ਕੰਨ ਅਤੇ ਨੱਕ ਸੁੰਨੇ ਹਨ ਤਾਂ ਅਜਿਹੇ ਸਮੇਂ 'ਚ ਬਾਦਲਾਂ ਦੇ ਪਰਿਵਾਰ ਕੋਲ 23 ਕਿਲੋ ਸੋਨਾ ਅਤੇ ਸੋਨੇ ਦੇ ਗਹਿਣੇ ਹਨ ਜੋ ਕਿ ਪੰਜਾਬ ਦੇ ਲੋਕਾਂ ਦਾ ਰੋਜ਼ਗਾਰ, ਇਲਾਜ ਅਤੇ ਪੜ੍ਹਾਈ ਦੀਆਂ ਗ੍ਰਾਂਟਾਂ ਖਾ ਕੇ ਬਣਾਏ ਹਨ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਲੁੱਟਣ 'ਚ ਅਕਾਲੀ ਦਲ ਦਾ ਸਾਥ ਹੁਣ ਕੈਪਟਨ ਸਰਕਾਰ ਵੀ ਦੇ ਰਹੀ ਹੈ ਅਤੇ ਉਹ ਬਿਜਲੀ ਸਬੰਧੀ ਕੀਤੇ ਸਮਝੌਤਿਆਂ ਨੂੰ ਅਕਾਲੀਆਂ ਦੀ ਤਰਜ਼ 'ਤੇ ਅੱਗੇ ਚਲਾ ਰਹੀ ਹੈ ਜਦੋਂ ਕਿ ਬਿਜਲੀ ਦੀ ਪੈਦਾਵਰ ਕਰਨ ਵਾਲਾ ਪੰਜਾਬ ਲੋਕਾਂ ਨੂੰ ਮਹਿੰਗੀ ਬਿਜਲੀ ਦੇ ਰਿਹਾ ਹੈ ਅਤੇ ਖਰੀਦ ਕੇ ਲੋਕਾਂ ਨੂੰ ਮੁਫਤ ਬਿਜਲੀ ਦਿੱਲੀ ਸਰਕਾਰ ਦੇ ਰਹੀ ਹੈ।

ਅਕਾਲੀ ਦਲ ਨੇ ਹਮੇਸ਼ਾ ਹੀ ਸੰਕਟ ਸਮੇਂ ਧਰਮ ਦਾ ਸਹਾਰਾ ਲਿਆ ਹੈ ਅਤੇ ਲੋਕਾਂ ਨੂੰ ਪੰਥ ਦਾ ਵਾਸਤਾ ਪਾ ਕੇ ਵੋਟਾਂ ਲਈਆਂ ਹਨ ਪਰ ਹੁਣ ਸਮਾਂ ਆ ਗਿਆ ਹੈ ਕਿ ਇਨ੍ਹਾਂ ਦੋਨਾਂ ਰਵਾਇਤੀ ਪਾਰਟੀਆਂ ਨੂੰ ਚਲਦਾ ਕੀਤਾ ਜਾਵੇ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਵਾਰੀ ਆਮ ਆਦਮੀ ਪਾਰਟੀ ਨੂੰ ਮੌਕਾ ਦੇਣ ਤਾਂ ਉਹ ਵਾਅਦਾ ਕਰਦੇ ਹਨ ਕਿ ਜਿਸ ਤਰ੍ਹਾਂ ਦਿੱਲੀ ਵਿਚ ਈਮਾਨਦਾਰੀ ਅਤੇ ਭ੍ਰਿਸ਼ਟਾਚਾਰ ਮੁਕਤ ਸਰਕਾਰ ਦਿੱਤੀ ਜਾ ਰਹੀ ਹੈ, ਉਸੇ ਤਰ੍ਹਾਂ ਪੰਜਾਬ ਵਿਚ ਦਿੱਤੀ ਜਾਵੇਗੀ ਅਤੇ ਪੰਜਾਬ ਦੀ ਜਵਾਨੀ ਨੂੰ ਵਿਦੇਸ਼ ਜਾਣੋ ਰੋਕਿਆ ਜਾ ਸਕੇਗਾ। ਇਸ ਤੋਂ ਪਹਿਲਾਂ ਗੁਰਦਿੱਤ ਸਿੰਘ ਸੇਖੋਂ, ਪ੍ਰੋ. ਸਾਧੂ ਸਿੰਘ, ਅਮਨ ਵਗਿੰੜ, ਸ਼ਵਿੰਦਰ ਸੰਧੂ ਅਤੇ ਹੋਰਾਂ ਨੇ ਭਗਵੰਤ ਮਾਨ ਦਾ ਸਵਾਗਤ ਕੀਤਾ ਅਤੇ ਲੋਕਾਂ ਨੂੰ ਅਪੀਲ ਕੀਤੀ ਕਿ ਪੰਜਾਬ ਨੂੰ ਮੁੜ ਪੁਰਾਣਾ ਪੰਜਾਬ ਬਣਾਉਣ ਲਈ ਪਾਰਟੀ ਨੂੰ ਇਕ ਵਾਰ ਮੌਕਾ ਦਿੱਤਾ ਜਾਵੇ ਤਾਂ ਜੋ ਅਰਵਿੰਦ ਕੇਜਰੀਵਾਲ ਦੀ ਅਗਵਾਈ ਵਿਚ ਲੋਕ ਸ਼ਹੀਦਾਂ ਦੇ ਸੁਫਨਿਆਂ ਵਾਲਾ ਪੰਜਾਬ ਮੁੜ ਦੇਖ ਸਕਣ। ਇਸ ਸਮੇਂ ਕਾਂਗਰਸ ਅਤੇ ਅਕਾਲੀ ਦਲ ਛੱਡ ਕੇ ਆਏ ਕਈ ਵਰਕਰਾਂ ਨੂੰ ਆਮ ਆਦਮੀ ਪਾਰਟੀ ਵਿਚ ਸ਼ਾਮਲ ਕੀਤਾ ਗਿਆ।


author

Gurminder Singh

Content Editor

Related News