ਭ੍ਰਿਸ਼ਟਾਚਾਰੀਆਂ ਦੇ ਘਰੋਂ ਨੋਟ ਗਿਣਨ ਵਾਲੀਆਂ ਮਸ਼ੀਨਾਂ ਮਿਲੀਆਂ, ਰਿਸ਼ਵਤਖੋਰਾਂ ਨੂੰ ਮੁਆਫ਼ ਨਹੀਂ ਕਰਾਂਗੇ: ਭਗਵੰਤ ਮਾਨ

10/31/2022 11:33:19 AM

ਜਲੰਧਰ/ਗੁਜਰਾਤ (ਧਵਨ)- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸੂਬੇ ’ਚ ਭ੍ਰਿਸ਼ਟਾਚਾਰ ਖ਼ਿਲਾਫ਼ ਚਲਾਈ ਗਈ ਮੁਹਿੰਮ ਤਹਿਤ ਭ੍ਰਿਸ਼ਟਾਚਾਰੀਆਂ ਦੇ ਘਰਾਂ ਤੋਂ ਵਿਜੀਲੈਂਸ ਬਿਊਰੋ ਨੇ ਨੋਟ ਗਿਣਨ ਵਾਲੀਆਂ ਮਸ਼ੀਨਾਂ ਨੂੰ ਬਰਾਮਦ ਕੀਤਾ ਹੈ। ਐਤਵਾਰ ਗੁਜਰਾਤ ਦੇ ਭਾਵਨਗਰ ਚੋਣ ਸਭਾ ਨੂੰ ਸੰਬੋਧਨ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ’ਚ ‘ਆਪ’ ਸਰਕਾਰ ਬਣਨ ਤੋਂ ਬਾਅਦ ਭ੍ਰਿਸ਼ਟਾਚਾਰ ਖ਼ਿਲਾਫ਼ ਇਕ ਵਿਆਪਕ ਮੁਹਿੰਮ ਸ਼ੁਰੂ ਕੀਤੀ ਗਈ ਹੈ, ਜਿਸ ਨਾਲ ਸਾਬਕਾ ਕਾਂਗਰਸ ਮੰਤਰੀ ਡਰ ਕੇ ਭਾਜਪਾ ’ਚ ਸ਼ਾਮਲ ਹੋ ਗਏ।

ਇਹ ਵੀ ਪੜ੍ਹੋ: ਕਪੂਰਥਲਾ ’ਚ ਵਾਪਰੇ ਭਿਆਨਕ ਸੜਕ ਹਾਦਸੇ ਨੇ ਦੋ ਘਰਾਂ ’ਚ ਵਿਛਾਏ ਸੱਥਰ, ਦੋ ਦੋਸਤਾਂ ਦੀ ਦਰਦਨਾਕ ਮੌਤ

ਮੁੱਖ ਮੰਤਰੀ ਨੇ ਕਿਹਾ ਕਿ ਭਾਜਪਾ ’ਚ ਜਾਣ ਦੇ ਬਾਵਜੂਦ ਸਾਬਕਾ ਮੰਤਰੀਆਂ ’ਚ ਕੀਤੇ ਗਏ ਭ੍ਰਿਸ਼ਟਾਚਾਰ ਨੂੰ ਲੈ ਕੇ ਡਰ ਖ਼ਤਮ ਨਹੀਂ ਹੋਇਆ, ਇਸ ਲਈ ਇਕ ਮੰਤਰੀ ਤਾਂ ਆਪਣੇ ਆਪ ਹੀ ਵਿਜੀਲੈਂਸ ਅਧਿਕਾਰੀ ਨੂੰ ਰਿਸ਼ਵਤ ਦੇਣ ਲਈ 50 ਲੱਖ ਰੁਪਏ ਲੈ ਕੇ ਉਨ੍ਹਾਂ ਕੋਲ ਚਲਾ ਗਿਆ, ਜਿਸ ਤੋਂ ਬਾਅਦ ’ਚ ਵਿਜੀਲੈਂਸ ਨੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ। ਭਗਵੰਤ ਮਾਨ ਨੇ ਕਿਹਾ ਕਿ ਜਦੋਂ ਵਿਜੀਲੈਂਸ ਨੇ ਸਾਬਕਾ ਮੰਤਰੀਆਂ ਦੇ ਘਰਾਂ ਦੀ ਤਲਾਸ਼ੀ ਲਈ ਤਾਂ ਉਨ੍ਹਾਂ ਦੇ ਘਰਾਂ ਤੋਂ ਨੋਟ ਗਿਣਨ ਵਾਲੀਆਂ ਮਸ਼ੀਨਾਂ ਮਿਲੀਆਂ। ਭਗਵੰਤ ਮਾਨ ਨੇ ਕਿਹਾ ਕਿ ਇਕ ਪਾਸੇ ਗਰੀਬ ਵਰਗ ਹੈ, ਜਿਸ ਕੋਲ ਖਾਣ ਲਈ ਰੋਟੀ ਨਹੀਂ ਹੈ, ਪਹਿਨਣ ਲਈ ਕੱਪੜੇ ਨਹੀਂ ਹਨ ਅਤੇ ਉਸ ਕੋਲ ਨੋਟ ਵੀ ਨਹੀਂ ਹਨ। ਜਦਕਿ ਦੂਜੇ ਪਾਸੇ ਸਿਆਸਤ ’ਚ ਆ ਕੇ ਸਰਕਾਰੀ ਅਹੁਦਿਆਂ ’ਤੇ ਬੈਠਣ ਵਾਲੇ ਆਗੂਆਂ ਨੇ ਆਲੀਸ਼ਾਨ ਘਰ ਬਣਾ ਲਏ ਹਨ ਅਤੇ ਹੁਣ ਇਹ ਆਗੂ ਗਰੀਬਾਂ ਦੇ ਹੱਕਾਂ ਦਾ ਘਾਣ ਕਰ ਕੇ ਜੇਲਾਂ ’ਚ ਬੈਠੇ ਹਨ। ਪੰਜਾਬ ’ਚ ਇਕ ਈਮਾਨਦਾਰ ਸਰਕਾਰ ਕੰਮ ਕਰ ਰਹੀ ਹੈ, ਜਿਸ ਨੇ ਗੁੰਡਾਗਰਦੀ ਅਤੇ ਪੈਸਿਆਂ ’ਤੇ ਰੋਕ ਲਗਾਈ ਹੈ। ਉਨ੍ਹਾਂ ਕਿਹਾ ਕਿ ਭ੍ਰਿਸ਼ਟਾਚਾਰੀਆਂ ਵਿਰੁੱਧ ਮੁਹਿੰਮ ਨੂੰ ਹੋਰ ਤੇਜ਼ ਕੀਤਾ ਜਾਵੇਗਾ ਅਤੇ ਸਾਰੇ ਭ੍ਰਿਸ਼ਟਾਚਾਰੀਆਂ ਨੂੰ ਸਲਾਖਾਂ ਪਿੱਛੇ ਭੇਜਿਆ ਜਾਵੇਗਾ। ਚੋਣਾਂ ਤੋਂ ਪਹਿਲਾਂ ਅਰਵਿੰਦ ਕੇਜਰੀਵਾਲ ਵਲੋਂ ਪੰਜਾਬ ਦੇ ਲੋਕਾਂ ਨੂੰ ਜੋ ਗਾਰੰਟੀਆਂ ਦਿੱਤੀਆਂ ਗਈਆਂ ਸਨ, ਉਨ੍ਹਾਂ ਨੂੰ ਲਾਗੂ ਕੀਤਾ ਜਾ ਰਿਹਾ ਹੈ।

ਉਨ੍ਹਾਂ ਨੇ ਗੁਜਰਾਤ ਦਾ ਜ਼ਿਕਰ ਕਰਦਿਆਂ ਕਿਹਾ ਕਿ ਗੁਜਰਾਤ ਦੇ ਲੋਕ ਮਹਿੰਗਾਈ, ਗਰੀਬੀ, ਬੇਰੁਜ਼ਗਾਰੀ ਅਤੇ ਭ੍ਰਿਸ਼ਟਾਚਾਰ ਤੋਂ ਤੰਗ ਆ ਚੁੱਕੇ ਹਨ ਅਤੇ ਇਨ੍ਹਾਂ ਮੁੱਦਿਆਂ ’ਤੇ ਉਹ ਇਸ ਵਾਰ ਭਾਜਪਾ ਨੂੰ ਹਰਾਉਣ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਲੋਕ ਗੁਜਰਾਤ ’ਚ ਈਮਾਨਦਾਰ ਸਰਕਾਰ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਗੁਜਰਾਤ ’ਚ 27 ਸਾਲਾਂ ਤੋਂ ਭਾਜਪਾ ਦੀ ਸਰਕਾਰ ਚੱਲ ਰਹੀ ਹੈ ਪਰ ਇਸ ਵਾਰ ਬਦਲਾਅ ਸਾਫ਼ ਨਜ਼ਰ ਆ ਰਿਹਾ ਹੈ।

ਇਹ ਵੀ ਪੜ੍ਹੋ: ਜਲੰਧਰ: 6 ਮਹੀਨਿਆਂ ਦੀ ਬੱਚੀ ਦੇ ਕਤਲ ਮਾਮਲੇ 'ਚ ਨਵਾਂ ਖ਼ੁਲਾਸਾ, ਪਿਓ ਨੇ ਰੇਪ ਕਰ ਦਿੱਤੀ ਸੀ ਬੇਰਹਿਮ ਮੌਤ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


shivani attri

Content Editor

Related News