ਰੋਡ ਸ਼ੋਅ 'ਚ ਗਰਜੇ ਭਗਵੰਤ ਮਾਨ, ਕਿਹਾ-ਗੁਜਰਾਤ ’ਚ ਭਾਜਪਾ ਖ਼ਿਲਾਫ਼ ਲੋਕਾਂ ’ਚ ਨਫ਼ਰਤ ਦੀ ਭਾਵਨਾ
Friday, Dec 02, 2022 - 01:12 PM (IST)
ਜਲੰਧਰ (ਧਵਨ)- ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਹੈ ਕਿ ਗੁਜਰਾਤ ’ਚ ਭਾਜਪਾ ਦੇ ਲਗਾਤਾਰ 27 ਸਾਲਾਂ ਤੋਂ ਸੱਤਾ ਵਿਚ ਰਹਿਣ ਕਾਰਨ ਸਰਕਾਰ ਵਿਰੋਧੀ ਲਹਿਰ ਤੇਜ਼ ਹੋ ਗਈ ਹੈ ਅਤੇ ਲੋਕਾਂ ਵਿਚ ਰੋਸ ਵੇਖਿਆ ਜਾ ਰਿਹਾ ਹੈ। ਗੁਜਰਾਤ ਵਿਚ ਰੋਡ ਸ਼ੋਅ ’ਚ ਹਿੱਸਾ ਲੈਂਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਸ ਵਾਰ ਗੁਜਰਾਤ ਇਤਿਹਾਸ ਰਚਣ ਜਾ ਰਿਹਾ ਹੈ। ਜਨਤਾ ਵਿਚ ਤਬਦੀਲੀ ਨੂੰ ਲੈ ਕੇ ਉਤਸ਼ਾਹ ਅਤੇ ਉਮੰਗ ਦੀ ਭਾਵਨਾ ਵੇਖੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਹਰ ਘਰ ਵਿਚ ਔਰਤ ਰਸੋਈ ਚਲਾਉਣਾ ਜਾਣਦੀ ਹੈ। ਜੇ ਮਹਿੰਗਾਈ ਵਧਦੀ ਹੈ ਤਾਂ ਇਸ ਦਾ ਸਿੱਧਾ ਅਸਰ ਔਰਤਾਂ ’ਤੇ ਪੈਂਦਾ ਹੈ ਕਿਉਂਕਿ ਖਾਣ-ਪੀਣ ਦੀਆਂ ਚੀਜ਼ਾਂ ਮਹਿੰਗੀਆਂ ਹੋਣ ਕਾਰਨ ਔਰਤਾਂ ’ਤੇ ਆਰਥਿਕ ਬੋਝ ਵਧ ਜਾਂਦਾ ਹੈ। ਭਗਵੰਤ ਮਾਨ ਨੇ ਕਿਹਾ ਕਿ ਦਰੱਖ਼ਤ ਵੀ ਹਰ ਸਾਲ ਆਪਣੇ ਪੱਤੇ ਬਦਲ ਲੈਂਦੇ ਹਨ। ਹੁਣ ਗੁਜਰਾਤ ਵਾਸੀਆਂ ਨੂੰ ਵੀ ਭਾਜਪਾ ਦਾ ਪੱਲਾ ਛੱਡ ਦੇਣਾ ਚਾਹੀਦਾ ਹੈ। ਜਨਤਾ ਅੰਦਰ ਗੁੱਸਾ ਹੈ, ਜਿਸ ਦਾ ਪਤਾ ਆਮ ਆਦਮੀ ਪਾਰਟੀ ਵੱਲੋਂ ਕੱਢੇ ਗਏ ਰੋਡ ਸ਼ੋਅ ਤੋਂ ਲੱਗਦਾ ਹੈ।
ਇਹ ਵੀ ਪੜ੍ਹੋ : ਜਲੰਧਰ ਵਿਖੇ ਭਿਆਨਕ ਅੰਜਾਮ ਤੱਕ ਪੁੱਜੀ 'ਲਵ ਮੈਰਿਜ', ਪਤਨੀ ਦਾ ਕਤਲ ਕਰਨ ਮਗਰੋਂ ਖ਼ੁਦ ਵੀ ਗਲ਼ ਲਾਈ ਮੌਤ
ਉਨ੍ਹਾਂ ਕਿਹਾ ਕਿ ਭਾਵੇਂ ਚੋਣ ਸਰਵੇਖਣ ਆਮ ਆਦਮੀ ਪਾਰਟੀ ਖ਼ਿਲਾਫ਼ ਜਾ ਰਹੇ ਹਨ ਪਰ ਸਾਡੀ ਪਾਰਟੀ ਸਰਵੇਖਣਾਂ ’ਤੇ ਵਿਸ਼ਵਾਸ ਨਹੀਂ ਕਰਦੀ, ਸਗੋਂ ਅਸੀਂ ਸਿੱਧੇ ਤੌਰ ’ਤੇ ਸੱਤਾ ਵਿਚ ਆਉਂਦੇ ਹਾਂ। ਉਨ੍ਹਾਂ ਕਿਹਾ ਕਿ ਅਸੀਂ ਪੰਜਾਬ ਵਿਚ ਬਾਦਲਾਂ, ਨਵਜੋਤ ਸਿੱਧੂ ਅਤੇ ਚਰਨਜੀਤ ਸਿੰਘ ਚੰਨੀ ਦੀ ਹਾਰ ਦੀ ਭਵਿੱਖਬਾਣੀ ਵੀ ਕੀਤੀ ਸੀ। ਅਸੀਂ ਇਹ ਭਵਿੱਖਬਾਣੀ ਟੇਬਲਾਂ ’ਤੇ ਬੈਠ ਕੇ ਨਹੀਂ ਕਰਦੇ, ਸਗੋਂ ਰੋਡ ਸ਼ੋਅ ਅਤੇ ਰੈਲੀਆਂ ’ਚ ਆਉਣ ਵਾਲੇ ਲੋਕਾਂ ਨੂੰ ਪੁੱਛਦੇ ਹਾਂ ਕਿ ਉਹ ਕਿਸ ਨੂੰ ਵੋਟ ਪਾਉਣਗੇ। ਇਸ ਦੇ ਆਧਾਰ ’ਤੇ ਅਸੀਂ ਆਪਣੇ ਸਰਵੇਖਣ ਦੇ ਨਤੀਜੇ ਕੱਢਦੇ ਹਾਂ। ਮੁੱਖ ਮੰਤਰੀ ਨੇ ਕਿਹਾ ਕਿ ਆਮ ਆਦਮੀ ਪਾਰਟੀ ਵੱਲੋਂ ਲੋਕਾਂ ਨੂੰ ਮੁਫ਼ਤ ਬਿਜਲੀ, ਮੁਫ਼ਤ ਦਵਾਈਆਂ ਅਤੇ ਮੁਫ਼ਤ ਸਿੱਖਿਆ ਦੇਣ ਦੀ ਜੋ ਗਾਰੰਟੀ ਦਿੱਤੀ ਜਾਂਦੀ ਹੈ, ਉਸ ਦੇ ਲਈ ਅਸੀਂ ਪਹਿਲਾਂ ਸਬੰਧਤ ਸੂਬੇ ਦਾ ਪੂਰਾ ਆਰਥਿਕ ਵਿਸ਼ਲੇਸ਼ਣ ਕੀਤਾ ਹੋਇਆ ਹੁੰਦਾ ਹੈ। ਅਸੀਂ ਸਰਕਾਰੀ ਖਜ਼ਾਨੇ ’ਤੇ ਬੋਝ ਨਹੀਂ ਪਾਉਂਦੇ, ਸਗੋਂ ਭ੍ਰਿਸ਼ਟਾਚਾਰ ’ਤੇ ਰੋਕ ਲਗਾ ਕੇ ਉਸ ਤੋਂ ਬਚਣ ਵਾਲਾ ਪੈਸਾ ਮੁਫ਼ਤ ਬਿਜਲੀ, ਸਿੱਖਿਆ ਅਤੇ ਦਵਾਈਆਂ ’ਤੇ ਖ਼ਰਚ ਕਰਦੇ ਹਾਂ।
ਇਸ ਮੌਕੇ ਹਾਜ਼ਰ ਰਾਜ ਸਭਾ ਮੈਂਬਰ ਰਾਘਵ ਚੱਢਾ ਨੇ ਕਿਹਾ ਕਿ ਭਾਜਪਾ ਜੋ ਨਫ਼ਰਤ ਦੀ ਸਿਆਸਤ ਕਰ ਰਹੀ ਹੈ, ਉਸ ਵਿਚ ਅਸੀਂ ਵਿਸ਼ਵਾਸ ਨਹੀਂ ਰੱਖਦੇ। ਅਸੀਂ ਹਮੇਸ਼ਾ ਵਿਕਾਸ ਅਤੇ ਲੋਕ-ਭਲਾਈ ਦੀ ਗੱਲ ਕਰਦੇ ਹਾਂ। ਗੁਜਰਾਤ ਦੇ ਨੌਜਵਾਨਾਂ ਨੇ ਇਸ ਵਾਰ ਤਬਦੀਲੀ ਲਈ ਵੋਟ ਪਾਉਣੀ ਹੈ। ਉਨ੍ਹਾਂ ਕਿਹਾ ਕਿ ਜੇ ਕੋਈ ਨੌਜਵਾਨ 27 ਸਾਲ ਤਕ ਇਕੋ ਰੰਗ ਦੀ ਕਮੀਜ਼ ਪਹਿਨਦਾ ਹੈ ਤਾਂ ਉਹ ਬੋਰ ਹੋ ਜਾਂਦਾ ਹੈ, ਇਸ ਲਈ ਇਸ ਵਾਰ ਨੌਜਵਾਨਾਂ ਵਿਚ ਆਪਣੀ ਕਮੀਜ਼ ਦਾ ਰੰਗ ਬਦਲਣ ਦੀ ਇੱਛਾ ਹੈ। ਉਨ੍ਹਾਂ ਕਿਹਾ ਕਿ ਲੋਕਾਂ ਨੇ ਪਹਿਲਾਂ ਦਿੱਲੀ ਅਤੇ ਪੰਜਾਬ ਵਿਚ ਕੇਜਰੀਵਾਲ ਦੀਆਂ ਸਰਕਾਰਾਂ ਬਣਾਈਆਂ। ਹੁਣ ਗੁਜਰਾਤ ’ਚ ਨੌਜਵਾਨ ਵਰਗ ਅਜਿਹਾ ਹੀ ਤਜਰਬਾ ਕਰੇਗਾ।
ਇਹ ਵੀ ਪੜ੍ਹੋ : ਵਿਆਹ ਦੀ ਪਹਿਲੀ ਵਰ੍ਹੇਗੰਢ ਤੋਂ ਪਹਿਲਾਂ ਘਰ 'ਚ ਛਾਇਆ ਮਾਤਮ, ਜਲੰਧਰ ਵਿਖੇ ਮਾਪਿਆਂ ਦੇ ਇਕਲੌਤੇ ਪੁੱਤ ਦੀ ਡੇਂਗੂ ਨਾਲ ਮੌਤ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।