ਭ੍ਰਿਸ਼ਟਾਚਾਰ ਕਰਨ ਵਾਲੇ ਸਿਆਸੀ ਆਗੂਆਂ ਤੋਂ ਪੂਰਾ ਹਿਸਾਬ ਲਵਾਂਗੇ, ਪੰਜਾਬ ’ਚ ਅਕਾਲੀ ਦਲ ਹੋਇਆ ਜ਼ੀਰੋ : ਭਗਵੰਤ ਮਾਨ

Monday, Jul 08, 2024 - 11:16 AM (IST)

ਜਲੰਧਰ (ਧਵਨ)- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਦਾਅਵਾ ਕੀਤਾ ਹੈ ਕਿ ਜਲੰਧਰ ਪੱਛਮੀ ਵਿਧਾਨ ਸਭਾ ਹਲਕੇ ਦੀ ਜ਼ਿਮਨੀ ਚੋਣ ਆਮ ਆਦਮੀ ਪਾਰਟੀ ਜਿੱਤ ਚੁੱਕੀ ਹੈ ਅਤੇ ਹੁਣ 13 ਜੁਲਾਈ ਨੂੰ ਰਸਮੀ ਐਲਾਨ ਹੋਣਾ ਬਾਕੀ ਹੈ। ਉਹ ਐਤਵਾਰ ਜਲੰਧਰ ਪੱਛਮੀ ਵਿਚ ‘ਆਪ’ਉਮੀਦਵਾਰ ਮੋਹਿੰਦਰ ਭਗਤ ਦੇ ਹੱਕ ਵਿਚ ਵੱਖ-ਵੱਖ ਚੋਣ ਮੀਟਿੰਗਾਂ ਨੂੰ ਸੰਬੋਧਨ ਕਰ ਰਹੇ ਸਨ। ਮੁੱਖ ਮੰਤਰੀ ਨੇ ਕਿਹਾ ਕਿ ਦੇਸ਼ ਵਿਚ ਮਹਿੰਗਾਈ ਸਿਖ਼ਰਾਂ ’ਤੇ ਹੈ। ਵੱਖ-ਵੱਖ ਰੈਲੀਆਂ ਵਿਚ ਔਰਤਾਂ ਵੱਲੋਂ ਮਹਿੰਗਾਈ ਦਾ ਮੁੱਦਾ ਉਠਾਇਆ ਜਾ ਰਿਹਾ ਹੈ ਪਰ ਕੇਂਦਰ ਸਰਕਾਰ ਮਹਿੰਗਾਈ ਨੂੰ ਕਾਬੂ ਕਰਨ ਵਿਚ ਨਾਕਾਮ ਰਹੀ ਹੈ।

ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਕਈ ਸਿਆਸੀ ਪਾਰਟੀਆਂ ਧੱਕਾ ਕਰ ਰਹੀਆਂ ਹਨ ਪਰ ਰੱਬ ਉਨ੍ਹਾਂ ਦਾ ਸਾਥ ਦੇ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇਕਰ ਜਲੰਧਰ ਪੱਛਮੀ ਜ਼ਿਮਨੀ ਚੋਣ ਵਿਚ ਜਨਤਾ ਆਮ ਆਦਮੀ ਪਾਰਟੀ ਨੂੰ ਵੋਟਾਂ ਪਾਉਂਦੀ ਹੈ ਤਾਂ ਜਨਤਾ ਸਰਕਾਰ ਵਿਚ ਹਿੱਸੇਦਾਰ ਬਣ ਜਾਵੇਗੀ। ਉਨ੍ਹਾਂ ਕਿਹਾ ਕਿ ਉਹ ਦੁਖ਼ੀ ਹਨ ਕਿ ਜਲੰਧਰ ਪੱਛਮੀ ਦੀਆਂ ਗਲੀਆਂ ਅਤੇ ਮੁਹੱਲਿਆਂ ਵਿਚ ਸਟਰੀਟ ਲਾਈਟਾਂ, ਗੰਦਗੀ ਅਤੇ ਸੜਕਾਂ ਦੀ ਸਮੱਸਿਆ ਹੈ। ਉਨ੍ਹਾਂ ਕਿਹਾ ਕਿ ਕਾਂਗਰਸੀ ਉਮੀਦਵਾਰ ਸੁਰਿੰਦਰ ਕੌਰ ਡਿਪਟੀ ਮੇਅਰ ਰਹਿ ਚੁੱਕੀ ਹੈ ਅਤੇ ਡਿਪਟੀ ਮੇਅਰ ਹੋਣ ਦੇ ਬਾਵਜੂਦ ਉਹ ਆਪਣੇ ਵਾਰਡ ਵਿਚ ਕੰਮ ਨਹੀਂ ਕਰਵਾ ਸਕੀ।

ਇਹ ਵੀ ਪੜ੍ਹੋ- ਸੁਰਿੰਦਰ ਕੌਰ 'ਤੇ 'ਆਪ' ਦੇ ਵੱਡੇ ਦੋਸ਼, ਪਵਨ ਟੀਨੂੰ ਬੋਲੇ-ਡਿਪਟੀ ਮੇਅਰ ਰਹਿੰਦਿਆਂ ਕਟਵਾਏ ਨਾਜਾਇਜ਼ ਪਲਾਟ

ਉਨ੍ਹਾਂ ਕਿਹਾ ਕਿ ਨਿਗਮ ’ਤੇ ਕਾਂਗਰਸ ਦਾ ਕਬਜ਼ਾ ਹੈ ਪਰ ਉਸ ਨੇ ਸ਼ਹਿਰ ’ਚ ਵਿਕਾਸ ਨਹੀਂ ਕਰਵਾਇਆ। ਭਗਵੰਤ ਮਾਨ ਨੇ ਕਿਹਾ ਕਿ ਕਾਂਗਰਸ, ਭਾਜਪਾ ਅਤੇ ਅਕਾਲੀ ਆਪਸ ਵਿਚ ਮਿਲੇ ਹੋਏ ਹਨ। ਇਨ੍ਹਾਂ ਨੇ 5-5 ਸਾਲ ਸੂਬੇ ’ਤੇ ਰਾਜ ਕੀਤਾ ਅਤੇ ਸਿਰਫ਼ ਆਪਣੇ ਹਿੱਤਾਂ ਦੀ ਪੂਰਤੀ ਕਰਦੇ ਰਹੇ। ਇਨ੍ਹਾਂ ਨੇ ਜਨਤਾ ਦੇ ਹਿੱਤਾਂ ਵੱਲ ਕੋਈ ਧਿਆਨ ਨਹੀਂ ਦਿੱਤਾ। ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ’ਚ ਸਿਆਸੀ ਆਗੂਆਂ ਨੇ ਜਨਤਾ ਦਾ ਪੈਸਾ ਲੁੱਟਿਆ ਹੈ, ਜਿਸ ਦਾ ਉਨ੍ਹਾਂ ਨੂੰ ਹਿਸਾਬ ਦੇਣਾ ਪਵੇਗਾ। ਪੰਜਾਬ ਸਰਕਾਰ ਉਨ੍ਹਾਂ ਨੂੰ ਛੱਡਣ ਵਾਲੀ ਨਹੀਂ ਹੈ। ਉਨ੍ਹਾਂ ਕਿਹਾ ਕਿ ‘ਆਪ’ ਦੇ ਚੋਣ ਨਿਸ਼ਾਨ ਝਾੜੂ ਨਾਲ ਪੂਰੇ ਦੇਸ਼ ਵਿਚ ਗੰਦਗੀ ਸਾਫ਼ ਕੀਤੀ ਜਾਵੇਗੀ। ਜਲੰਧਰ ਪੱਛਮੀ ਦੇ ਚੋਣ ਨਤੀਜੇ 13 ਤਾਰੀਖ਼ ਨੂੰ ਆਉਣਗੇ ਅਤੇ ਉਹ ਮੋਹਿੰਦਰ ਭਗਤ ਨੂੰ ਮੰਤਰੀ ਬਣਾਉਣਗੇ।

ਅਕਾਲੀ ਦਲ ਦੇ ਮੁਖੀ ਸੁਖਬੀਰ ਬਾਦਲ ਨੂੰ ਕਰੜੇ ਹੱਥੀਂ ਲੈਂਦਿਆਂ ਉਨ੍ਹਾਂ ਕਿਹਾ ਕਿ ਉਨ੍ਹਾਂ ਜਲੰਧਰ ਪੱਛਮੀ ਤੋਂ ਆਪਣੇ ਉਮੀਦਵਾਰ ਦਾ ਸਮਰਥਨ ਨਹੀਂ ਕੀਤਾ, ਸਗੋਂ ਕਿਸੇ ਹੋਰ ਪਾਰਟੀ ਨੂੰ ਸਮਰਥਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਨੂੰ ਵੋਟ ਪਾਉਣ ਦਾ ਮਤਲਬ ਆਪਣੀ ਵੋਟ ਬਰਬਾਦ ਕਰਨਾ ਹੈ ਕਿਉਂਕਿ ਉਪ-ਚੋਣ ਵਿਚ ਜਿੱਤ ਜਾਂ ਹਾਰ ਨਾਲ ਸਰਕਾਰ ਨੂੰ ਕੋਈ ਫਰਕ ਨਹੀਂ ਪਵੇਗਾ ਪਰ ‘ਆਪ’ ਉਮੀਦਵਾਰ ਦੀ ਜਿੱਤ ਨਾਲ ਇਲਾਕੇ ਵਿਚ ਵਿਕਾਸ ਕਾਰਜ ਤੇਜ਼ੀ ਨਾਲ ਹੋਣਗੇ।

ਇਹ ਵੀ ਪੜ੍ਹੋ- ਮਾਂ ਵੱਲੋਂ ਖਾਲਿਸਤਾਨ ਨੂੰ ਲੈ ਕੇ ਦਿੱਤੇ ਗਏ ਬਿਆਨ ਮਗਰੋਂ ਅੰਮ੍ਰਿਤਪਾਲ ਨੇ ਦਿੱਤੀ ਸਫ਼ਾਈ, ਪੋਸਟ ਸ਼ੇਅਰ ਕਰਕੇ ਆਖੀਆਂ ਵੱਡੀਆਂ ਗੱਲਾਂ

ਸ਼ੀਤਲ ਅੰਗੁਰਾਲ ਨੂੰ ਵੋਟ ਨਾਲ ਜਵਾਬ ਦੇਵੇ ਜਨਤਾ
ਮਾਨ ਨੇ ਭਾਜਪਾ ਉਮੀਦਵਾਰ ਸ਼ੀਤਲ ਅੰਗੁਰਾਲ ’ਤੇ ਹਮਲਾ ਬੋਲਦਿਆਂ ਕਿਹਾ ਕਿ ਉਸ ਨੇ ਆਮ ਆਦਮੀ ਪਾਰਟੀ ਦੀ ਟਿਕਟ ’ਤੇ ਚੋਣ ਜਿੱਤ ਕੇ ਲੋਕਾਂ ਨਾਲ ਧੋਖਾ ਕੀਤਾ ਹੈ। ਉਨ੍ਹਾਂ ਕਿਹਾ ਕਿ ਸ਼ੀਤਲ ਅੰਗੁਰਾਲ ਨੂੰ ਆਮ ਆਦਮੀ ਪਾਰਟੀ ’ਚ ਰਹਿੰਦਿਆਂ 2 ਨੰਬਰ ਦੇ ਕੰਮ ਕਰਵਾਉਣ ’ਚ ਮੁਸ਼ਕਲ ਆ ਰਹੀ ਸੀ, ਇਸ ਲਈ ਉਹ ਭਾਜਪਾ ’ਚ ਸ਼ਾਮਲ ਹੋ ਗਿਆ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਇਨ੍ਹਾਂ ਚੋਣਾਂ ਵਿਚ ਉਸ ਨੂੰ ਅਜਿਹਾ ਸਬਕ ਸਿਖਾਓ ਕਿ ਦੋਬਾਰਾ ਕੋਈ ਵਿਧਾਇਕ ਇਸ ਤਰ੍ਹਾਂ ਅਸਤੀਫ਼ਾ ਦੇਣ ਦੀ ਹਿੰਮਤ ਨਾ ਕਰ ਸਕੇ।

ਇਹ ਵੀ ਪੜ੍ਹੋ-  ਵੱਡੀ ਖ਼ਬਰ: ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਮੋਹਿੰਦਰ ਸਿੰਘ ਕੇ. ਪੀ. ਦੀ ਪਤਨੀ ਦਾ ਹੋਇਆ ਦਿਹਾਂਤ
 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


shivani attri

Content Editor

Related News