ਸਿੱਧੂ ਮੂਸੇਵਾਲਾ ਦੇ ਪਿਤਾ ਵਲੋਂ ਦੇਸ਼ ਛੱਡਣ ਦੇ ਦਿੱਤੇ ਅਲਟੀਮੇਟਮ ’ਤੇ ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਬਿਆਨ

Monday, Oct 31, 2022 - 06:30 PM (IST)

ਸਿੱਧੂ ਮੂਸੇਵਾਲਾ ਦੇ ਪਿਤਾ ਵਲੋਂ ਦੇਸ਼ ਛੱਡਣ ਦੇ ਦਿੱਤੇ ਅਲਟੀਮੇਟਮ ’ਤੇ ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਬਿਆਨ

ਚੰਡੀਗੜ੍ਹ/ਪਠਾਨਕੋਟ : ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਵਲੋਂ ਪੁੱਤ ਦੀ ਮੌਤ ’ਤੇ ਇਨਸਾਫ਼ ਨਾ ਮਿਲਣ ਦੀ ਸੂਰਤ ਵਿਚ ਦੇਸ਼ ਛੱਡਣ ਦੇ ਸਰਕਾਰ ਨੂੰ ਦਿੱਤੇ ਇਕ ਮਹੀਨੇ ਦੇ ਅਲਟੀਮੇਟਮ ’ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪ੍ਰਤੀਕਰਮ ਦਿੱਤਾ ਹੈ। ਮੁੱਖ ਮੰਤਰੀ ਨੇ ਕਿਹਾ ਹੈ ਕਿ ਇਹ ਬਹੁਤ ਹੀ ਗੰਭੀਰ ਮਾਮਲਾ ਹੈ, ਜਿੰਨੇ ਵੀ ਇਸ ਕਤਲ ਕਾਂਡ ਵਿਚ ਸ਼ਾਰਪ ਸ਼ੂਟਰ ਅਤੇ ਮਾਸਟਰ ਮਾਈਂਡ ਸਨ ਸਾਰਿਆਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ। ਇਸ ਤੋਂ ਇਲਾਵਾ ਹਮਲਾਵਰਾਂ ਦਾ ਸਾਥ ਦੇਣ ਵਾਲੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਪਰਿਵਾਰ ਨੂੰ ਇਨਸਾਫ਼ ਦੇਣ ਵਿਚ ਸਰਕਾਰ ਕੋਈ ਕਮੀ ਨਹੀਂ ਛੱਡ ਰਹੀ ਹੈ। ਹਰ ਰੋਜ਼ ਕੋਈ ਨਾ ਕੋਈ ਗ੍ਰਿਫ਼ਤਾਰੀ ਹੋ ਰਹੀ ਹੈ, ਜਿਸ ਖ਼ਿਲਾਫ਼ ਵੀ ਸਾਨੂੰ ਕੋਈ ਸਬੂਤ ਮਿਲਦਾ ਹੈ, ਉਸ ਨੂੰ ਗ੍ਰਿਫ਼ਤਾਰ ਕੀਤਾ ਜਾ ਰਿਹਾ। ਇਨਸਾਫ਼ ਵਿਚ ਦੇਰੀ ਕਰਨ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। 

ਇਹ ਵੀ ਪੜ੍ਹੋ : ਗੁਰਦੁਆਰਾ ਸਾਹਿਬ ਮੱਥਾ ਟੇਕਣ ਜਾ ਰਹੇ ਮਾਂ-ਪੁੱਤ ਨਾਲ ਰਸਤੇ ’ਚ ਵਾਪਰੀ ਅਣਹੋਣੀ, ਇਕੱਠਿਆਂ ਹੋਈ ਮੌਤ

ਮੁੱਖ ਮੰਤਰੀ ਨੇ ਕਿਹਾ ਕਿ ਸਿੱਧੂ ਮੂਸੇਵਾਲਾ ਕਤਲ ਕਾਂਡ ਵਿਚ ਪੁਲਸ ਵਲੋਂ ਅਦਾਲਤ ਵਿਚ ਚਲਾਨ ਵੀ ਪੇਸ਼ ਕੀਤਾ ਜਾ ਚੁੱਕਾ ਹੈ। ਇਸ ਤੋਂ ਇਲਾਵਾ ਵਿਦੇਸ਼ ਵਿਚ ਬੈਠੇ ਗੈਂਗਸਟਰਾਂ ਨੂੰ ਭਾਰਤ ਲਿਆਉਣ ਲਈ ਵੀ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ, ਜਿਸ ਲਈ ਕੇਂਦਰ ਸਰਕਾਰ ਨਾਲ ਗੱਲ ਕੀਤੀ ਗਈ ਹੈ ਅਤੇ ਕੇਂਦਰ ਨੂੰ ਰੈੱਡ ਕਾਰਨਰ ਨੋਟਿਸ ਜਾਰੀ ਕਰਨ ਲਈ ਕਿਹਾ ਗਿਆ ਹੈ। 

ਇਹ ਵੀ ਪੜ੍ਹੋ : ਸੰਗਤ ਦੇ ਠਾਠਾਂ ਮਾਰਦੇ ਇਕੱਠ ’ਚ ਸ੍ਰੀ ਹਰਿਮੰਦਰ ਸਾਹਿਬ ਪਹੁੰਚੇ ਅੰਮ੍ਰਿਤਪਾਲ ਸਿੰਘ, ਦਿੱਤੇ ਵੱਡੇ ਬਿਆਨ

ਇਨਸਾਫ਼ ਦੀ ਉਮੀਦ ਨਹੀਂ, ਜੇ ਨਾ ਸੁਣੀ ਗੱਲ ਤਾਂ ਛੱਡਾਂਗਾ ਦੇਸ਼

ਸਿੱਧੂ ਮੂਸੇਵਾਲਾ ਕਤਲ ਮਾਮਲੇ ਵਿਚ ਇਨਸਾਫ ਨਾ ਮਿਲਣ ’ਤੇ ਉਸਦੇ ਪਿਤਾ ਨੇ ਐਤਵਾਰ ਨੂੰ ਸਰਕਾਰ ਨੂੰ ਅਲਟੀਮੇਟਮ ਦਿੱਤਾ ਹੈ। ਬਲਕੌਰ ਸਿੰਘ ਨੇ ਕਿਹਾ ਕਿ ਹੁਣ ਉਨ੍ਹਾਂ ਨੂੰ ਚਾਰੇ ਪਾਸਿਓਂ ਪੁੱਤਰ ਦੇ ਕਤਲ ਦਾ ਇਨਸਾਫ ਮਿਲਣ ਦੀ ਉਮੀਦ ਖ਼ਤਮ ਹੋ ਗਈ ਹੈ। ਐਤਵਾਰ ਨੂੰ ਸਿੱਧੂ ਮੂਸੇਵਾਲਾ ਦੇ ਪ੍ਰਸ਼ੰਸਕਾਂ ਨੂੰ ਆਪਣੇ ਨਿਵਾਸ ਸਥਾਨ ’ਤੇ ਸੰਬੋਧਨ ਕਰਦਿਆਂ ਉਸ ਦੇ ਪਿਤਾ ਬਲਕੌਰ ਸਿੰਘ ਸਿੱਧੂ ਨੇ ਕਿਹਾ ਕਿ ਸਿੱਧੂ ਦੇ ਕਤਲ ਨੂੰ 5 ਮਹੀਨੇ ਪੂਰੇ ਹੋ ਚੁੱਕੇ ਹਨ ਪਰ ਜੇਕਰ ਨਵੰਬਰ ਤਕ ਸਰਕਾਰ ਅਤੇ ਪੁਲਸ ਨੇ ਅਸਲੀ ਕਾਤਲਾਂ ਨੂੰ ਨਾ ਫੜਿਆ ਤਾਂ ਉਹ ਸਰਕਾਰ ਕੋਲੋਂ ਮਿਲੀ ਸੁਰੱਖਿਆ ਵਾਪਸ ਕਰ ਦੇਣਗੇ ਅਤੇ ਦੇਸ਼ ਛੱਡ ਵਿਦੇਸ਼ ਵਿਚ ਜਾ ਬੈਠਣਗੇ। ਉਨ੍ਹਾਂ ਕਿਹਾ ਕਿ ਇਨਸਾਫ ਦੇਣ ਦੀ ਬਜਾਏ ਕੇਂਦਰ ਅਤੇ ਪੰਜਾਬ ਸਰਕਾਰ ਉਲਟਾ ਸਿੱਧੂ ਮੂਸੇਵਾਲਾ ਦੇ ਸਾਥੀ ਕਲਾਕਾਰਾਂ ਨੂੰ ਤੰਗ ਕਰਨ ’ਚ ਲੱਗੀਆਂ ਹਨ।

ਇਹ ਵੀ ਪੜ੍ਹੋ : ਗੈਂਗਸਟਰ ਟੀਨੂੰ ਦੇ ਕਹਿਣ ’ਤੇ ਪ੍ਰਿਤਪਾਲ ਨੂੰ ਚੰਡੀਗੜ੍ਹ ’ਚ ਕਰਵਾਈ ਪੂਰੀ ਐਸ਼, ਹੋਟਲ ’ਚ ਕੁੜੀਆਂ ਵੀ ਭੇਜੀਆਂ ਗਈਆਂ

ਉਨ੍ਹਾਂ ਕਿਹਾ ਕਿ ਐੱਨ. ਆਈ. ਏ. ਨੇ ਸੰਮਨ ਜਾਰੀ ਕਰ ਕੇ ਮੂਸੇਵਾਲਾ ਦੀ ਮੂੰਹ ਬੋਲੀ ਭੈਣ ਅਫਸਾਨਾ ਖਾਨ ਨੂੰ ਪੁੱਛਗਿੱਛ ਲਈ ਬੁਲਾਇਆ ਪਰ ਲਾਰੈਂਸ ਦੀ ਬੀ-ਟੀਮ ਚੰਡੀਗੜ੍ਹ ਬੈਠੀ ਹੈ, ਉਸ ਨੂੰ ਸੰਮਨ ਜਾਰੀ ਕਿਉਂ ਨਹੀਂ ਕੀਤੇ ਗਏ। ਸਰਕਾਰ ਦਾ ਸਿੱਧੂ ਮੂਸੇਵਾਲਾ ਦੇ ਕਤਲ ਨਾਲ ਕੋਈ ਲੈਣਾ-ਦੇਣਾ ਨਹੀਂ, ਉਸ ਨੂੰ ਤਾਂ ਸਿਰਫ ਚੋਣਾਂ ਦਾ ਹੀ ਫਿਕਰ ਹੈ। ਉਨ੍ਹਾਂ ਕਿਹਾ ਕਿ ਨਵੰਬਰ ਤਕ ਜੇਕਰ ਸਰਕਾਰ ਅਤੇ ਪੁਲਸ ਨੇ ਅਸਲੀ ਕਾਤਲਾਂ ਨੂੰ ਨਾ ਫੜਿਆ ਤਾਂ ਉਸ ਤੋਂ ਬਾਅਦ ਉਹ ਆਪਣੇ ਤਰੀਕੇ ਨਾਲ ਸੰਘਰਸ਼ ਦੀ ਰੂਪ-ਰੇਖਾ ਉਲੀਕਣਗੇ ਅਤੇ ਸੁਰੱਖਿਆ ਵਾਪਸ ਕਰ ਕੇ ਵਿਦੇਸ਼ ਚਲੇ ਜਾਣਗੇ। ਇਸ ਤੋਂ ਇਲਾਵਾ ਉਨ੍ਹਾਂ ਸਿੱਧੂ ਮੂਸੇਵਾਲਾ ਕਤਲ ਕਾਂਡ ਨੂੰ ਲੈ ਕੇ ਦਰਜ ਕਰਵਾਈ ਐੱਫ. ਆਈ. ਆਰ. ਵੀ ਵਾਪਸ ਲੈਣ ਦੀ ਗੱਲ ਕਹੀ। ਉਨ੍ਹਾਂ ਕਿਹਾ ਕਿ ਉਨ੍ਹਾਂ ਡੀ. ਜੀ. ਪੀ. ਪੰਜਾਬ ਤੋਂ ਮਿਲਣ ਦਾ ਸਮਾਂ ਮੰਗਿਆ ਹੈ। ਜੇਕਰ ਉਨ੍ਹਾਂ ਨੂੰ ਜਲਦ ਟਾਈਮ ਮਿਲਦਾ ਹੈ ਤਾਂ ਉਹ ਉਨ੍ਹਾਂ ਨੂੰ ਇਸ ਕਤਲ ਕਾਂਡ ਦੇ ਅਸਲ ਕਾਤਲਾਂ ਦੇ ਨਾਂ ਦੱਸਣਗੇ।

ਇਹ ਵੀ ਪੜ੍ਹੋ : ਜੰਡਿਆਲਾ ਗੁਰੂ ’ਚ ਪੈਟਰੋਲ ਪੰਪ ਲੁੱਟਣ ਆਏ ਲੁਟੇਰੇ ਨੂੰ ਮਿਲੀ ਮੌਤ, ਦੇਖੋ ਮੌਕੇ ਦੀ ਖ਼ੌਫਨਾਕ ਵੀਡੀਓ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।


author

Gurminder Singh

Content Editor

Related News