ਵਿਆਹ ਦੀ 100ਵੀਂ ਵਰ੍ਹੇਗੰਢ ਮਨਾ 121ਵੇਂ ''ਚ ਅਕਾਲ ਚਲਾਣਾ ਕਰ ਗਏ ਭਗਵਾਨ ਸਿੰਘ
Monday, Mar 05, 2018 - 08:09 PM (IST)
ਬਠਿੰਡਾ (ਬਿਊਰੋ) ਹਾਲ ਹੀ ਵਿਚ ਪਿੰਡ ਹਰਰੰਗਪੁਰਾ 'ਚ ਇਕ ਬਜ਼ੁਰਗ ਜੋੜੇ ਵਲੋਂ ਆਪਣੇ ਵਿਆਹ ਦੀ 100ਵੀਂ ਵਰੇਗੰਢ ਬੜੀ ਧੂਮ-ਧਾਮ ਨਾਲ ਮਨਾਈ ਗਈ ਸੀ, ਪਰ ਉਨ੍ਹਾਂ ਦੀ ਇਹ ਖੁਸ਼ੀ ਅੱਜ ਮਾਤਮ ਵਿਚ ਬਦਲ ਗਈ, ਜਦੋਂ 121 ਸਾਲਾ ਬਜ਼ੁਰਗ ਭਗਵਾਨ ਸਿੰਘ ਅਕਾਲ ਚਲਾਣਾ ਕਰ ਗਏ। ਕੁਝ ਦਿਨ ਪਹਿਲਾਂ ਹੀ ਉਨ੍ਹਾਂ ਨੇ ਆਪਣੇ ਵਿਆਹ ਦੀ ਪਲਾਟੀਨਮ ਜੁਬਲੀ (100ਵੀਂ ਵਰ੍ਹੇਗੰਢ) ਮਨਾਈ ਸੀ।
ਭਗਵਾਨ ਸਿੰਘ ਆਪਣੇ ਪਿੱਛੇ ਪਤਨੀ ਤੇ ਚਾਰ ਪੀੜ੍ਹੀਆਂ ਛੱਡ ਗਏ ਹਨ। ਉਨ੍ਹਾਂ ਦੇ ਚਾਰ ਧੀਆਂ ਤੇ ਇੱਕ ਪੁੱਤਰ ਹੈ। ਸਭ ਤੋਂ ਵੱਡੀ ਧੀ ਦੀ ਉਮਰ 90 ਸਾਲ ਹੈ ਤੇ ਸਭ ਤੋਂ ਛੋਟੇ ਪੁੱਤਰ ਦੀ ਉਮਰ 55 ਸਾਲ ਹੈ। ਸਵਰਗੀ ਭਗਵਾਨ ਸਿੰਘ ਦੇ ਪੁੱਤਰ ਨੱਥਾ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਦੇਸ਼ ਦੀ ਵੰਡ ਦਾ ਕਾਫੀ ਸਦਮਾ ਸੀ, ਪਰ ਉਹ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹਿੰਦੇ ਸਨ। ਨੱਥਾ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਮਾਪੇ ਸੌ ਸਾਲ ਦੀ ਉਮਰ ਤੱਕ ਵੀ ਖੇਤ ਜਾਂਦੇ ਰਹੇ। ਉਂਝ ਬਜ਼ੁਰਗਾਂ ਦੇ ਆਧਾਰ ਕਾਰਡ ਮੁਤਾਬਕ ਭਗਵਾਨ ਸਿੰਘ ਦਾ ਜਨਮ 1 ਜਨਵਰੀ, 1900 ਨੂੰ ਹੋਇਆ ਸੀ। ਪਿੰਡ ਦੇ ਹੋਰ ਬਜ਼ੁਰਗਾਂ ਤੇ ਪਰਿਵਾਰ ਦੀਆਂ ਗੱਲਾਂ ਸੁਣੀਏ ਤਾਂ ਉਮਰ ਬਾਰੇ ਉਨ੍ਹਾਂ ਦੇ ਦਾਅਵੇ ਵੀ ਸੱਚੇ ਜਾਪਦੇ ਹਨ। ਪਿੰਡ ਦੇ ਲੋਕ ਉਨ੍ਹਾਂ ਦੇ ਸਾਦੇ ਰਹਿਣ ਸਹਿਣ ਤੇ ਖਾਣ-ਪੀਣ ਦੀ ਤਾਰੀਫ ਕਰਦੇ ਨਹੀਂ ਥੱਕਦੇ। ਉਹ ਨਸ਼ੇ ਤੋਂ ਦੂਰ ਰਹਿੰਦੇ ਸਨ ਤੇ ਹੱਥੀਂ ਕੰਮ ਕਰਨ ਨੂੰ ਤਰਜੀਹ ਦਿੰਦੇ ਸਨ। ਭਗਵਾਨ ਸਿੰਘ ਦੀ ਮੌਤ ਤੋਂ ਬਾਅਦ ਪੂਰਾ ਪਿੰਡ ਸੋਗ ਵਿੱਚ ਹੈ।
