ਭਗਤਾ ਭਾਈ ਬੱਸ ਸਟੈਂਡ 'ਤੇ ਲੱਗੀ ਭਿਆਨਕ ਅੱਗ, 3 ਬੱਸਾਂ ਸੜ ਕੇ ਸੁਆਹ, ਇਕ ਵਿਅਕਤੀ ਦੀ ਮੌਤ (ਵੀਡੀਓ)

Friday, Apr 29, 2022 - 12:41 AM (IST)

ਭਗਤਾ ਭਾਈ (ਪ੍ਰਵੀਨ) : ਸ਼ਹਿਰ ਦੇ ਵਿਚਕਾਰ ਬਣੇ ਦਸਮੇਸ਼ ਬੱਸ ਸਟੈਂਡ 'ਤੇ ਰਾਤ ਫਿਰ ਅੱਗ ਲੱਗ ਗਈ, ਜਿਸ ਨੇ ਜਲਦ ਹੀ ਭਿਆਨਕ ਰੂਪ ਧਾਰਨ ਕਰ ਲਿਆ। ਇਸ ਅਗਨੀ ਕਾਂਡ 'ਚ ਨਿੱਜੀ ਕੰਪਨੀ ਦੀਆਂ 3 ਬੱਸਾਂ ਸੜ ਕੇ ਸੁਆਹ ਹੋ ਗਈਆਂ ਤੇ ਇਕ ਬੱਸ 'ਚ ਮੌਜੂਦ ਇਕ ਵਿਅਕਤੀ ਦੀ ਵੀ ਮੌਤ ਹੋ ਗਈ। ਮ੍ਰਿਤਕ ਦੀ ਸ਼ਨਾਖਤ ਨਹੀਂ ਹੋ ਸਕੀ। ਅੱਗ ਲੱਗਣ ਦੀ ਸੂਚਨਾ ਮਿਲਦੇ ਸਾਰ ਹੀ ਸ਼ਹਿਰ ਨਿਵਾਸੀਆਂ ਅਤੇ ਸਤਿਕਾਰ ਕਮੇਟੀ ਕੋਠਾ ਗੁਰੂ ਵੱਲੋਂ ਬਣਾਈ ਗਈ ਨਿੱਜੀ ਫਾਇਰ ਬ੍ਰਿਗੇਡ ਨੇ ਮੌਕੇ 'ਤੇ ਪਹੁੰਚ ਕੇ ਅੱਗ 'ਤੇ ਕਾਬੂ ਪਾਇਆ। ਘਟਨਾ 'ਚ ਮ੍ਰਿਤਕ ਦੀ ਲਾਸ਼ ਪੁਲਸ ਨੇ ਆਪਣੇ ਕਬਜ਼ੇ ਵਿਚ ਲੈ ਲਈ ਅਤੇ ਅਗਲੀ ਕਾਰਵਾਈ ਆਰੰਭ ਕਰ ਦਿੱਤੀ ਹੈ।

ਇਹ ਵੀ ਪੜ੍ਹੋ : ਪੰਜਾਬ ਦੇ ਇਸ ਜ਼ਿਲ੍ਹੇ 'ਚ ਕਾਰ ਸਵਾਰ ਨੌਜਵਾਨਾਂ ਨੇ ਕਿਸਾਨ 'ਤੇ ਚਲਾਈਆਂ ਤਾਬੜਤੋੜ ਗੋਲੀਆਂ

ਜ਼ਿਕਰਯੋਗ ਹੈ ਕਿ ਇਨ੍ਹਾਂ ਬੱਸਾਂ 'ਚੋਂ 2 ਬੱਸਾਂ ਬਿਲਕੁਲ ਨਵੀਆਂ ਸਨ ਅਤੇ ਇਨ੍ਹਾਂ ਨੇ ਬੀਤੇ ਕੱਲ੍ਹ ਤੋਂ ਹੀ ਰੂਟ 'ਤੇ ਜਾਣਾ ਸ਼ੁਰੂ ਕੀਤਾ ਸੀ। ਭਾਵੇਂ ਕਿ ਸਤਿਕਾਰ ਕਮੇਟੀ ਵੱਲੋਂ ਪੁਰਾਣੇ ਟਰੱਕ 'ਤੇ ਬਾਡੀ ਲਗਾ ਕੇ ਬਣਾਈ ਗਈ ਫਾਇਰ ਬ੍ਰਿਗੇਡ ਵੱਲੋਂ ਅੱਗ ਰੋਕਣ 'ਚ ਮਹੱਤਵਪੂਰਨ ਭੂਮਿਕਾ ਨਿਭਾਈ ਪਰ ਸ਼ਹਿਰ 'ਚ ਇਕ ਵਾਰ ਫਿਰ ਤੋਂ ਮੁਕੰਮਲ ਫਾਇਰ ਬ੍ਰਿਗੇਡ ਦੀ ਘਾਟ ਮਹਿਸੂਸ ਕੀਤੀ ਗਈ। ਦੱਸਣਯੋਗ ਹੈ ਕਿ ਕੁਝ ਸਮਾਂ ਪਹਿਲਾਂ ਹੀ ਸ਼ਹਿਰ ਦੇ ਇਕ ਇਲੈਕਟ੍ਰਾਨਿਕ ਸਾਮਾਨ ਦੇ 3 ਮੰਜ਼ਿਲਾ ਸ਼ੋਅਰੂਮ ਨੂੰ ਭਿਆਨਕ ਅੱਗ ਲੱਗ ਗਈ ਸੀ, ਜਿਸ ਕਾਰਨ ਕਰੋੜਾਂ ਦਾ ਸਾਮਾਨ ਸੜ ਕੇ ਸੁਆਹ ਹੋ ਗਿਆ ਸੀ। ਅੱਜ ਲੱਗੀ ਅੱਗ ਤੋਂ ਬਾਅਦ ਵੱਖ-ਵੱਖ ਵਰਗਾਂ ਦੇ ਆਗੂਆਂ ਨੇ ਸਰਕਾਰ ਕੋਲੋਂ ਮੰਗ ਕੀਤੀ ਕਿ ਸ਼ਹਿਰ ਦੇ ਰੁਤਬੇ ਤੇ ਇਸ ਦੀ ਅਬਾਦੀ ਦੇ ਮੱਦੇਨਜ਼ਰ ਮੁਕੰਮਲ ਫਾਇਰ ਬ੍ਰਿਗੇਡ ਸਥਾਪਤ ਕੀਤਾ ਜਾਵੇ ਤਾਂ ਕਿ ਲੋਕਾਂ ਦੇ ਜਾਨ-ਮਾਲ ਦੀ ਰੱਖਿਆ ਹੋ ਸਕੇ।

ਇਹ ਵੀ ਪੜ੍ਹੋ : ਨਾਜਾਇਜ਼ ਮਾਈਨਿੰਗ 'ਤੇ ਪੰਜਾਬ ਸਰਕਾਰ ਦਾ ਸਖ਼ਤ ਐਕਸ਼ਨ, ਇਕ ਹੋਰ ਅਧਿਕਾਰੀ 'ਤੇ ਡਿੱਗੀ ਗਾਜ

ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ


Mukesh

Content Editor

Related News