ਨੇਕ ਕਦਮ : ''ਬੇਟੀ ਬਚਾਓ, ਬੇਟੀ ਪੜ੍ਹਾਓ'' ਮੁਹਿੰਮ ਅਧੀਨ ਡੀ. ਸੀ. ਨੇ ਕੀਤਾ ਐਲਾਨ

Tuesday, Jan 21, 2020 - 04:31 PM (IST)

ਚੰਡੀਗੜ੍ਹ (ਰਾਜਿੰਦਰ) : ਸ਼ਹਿਰ 'ਚ 'ਬੇਟੀ ਬਚਾਓ' ਮੁਹਿੰਮ ਅਧੀਨ ਹੁਣ ਲਿੰਗ ਜਾਂਚ ਕਰਨ ਵਾਲੇ ਦੀ ਸੂਚਨਾ ਦੇਣ ਵਾਲੇ ਨੂੰ ਇਕ ਲੱਖ ਰੁਪਏ ਦਾ ਇਨਾਮ ਦਿੱਤਾ ਜਾਵੇਗਾ। ਡੀ. ਸੀ. ਮਨਦੀਪ ਸਿੰਘ ਬਰਾੜ ਅਤੇ ਸਿਹਤ ਵਿਭਾਗ ਦੇ ਡਾਇਰੈਕਟਰ ਜੀ. ਦੀਵਾਨ ਨੇ ਸੋਮਵਾਰ ਨੂੰ ਸੰਯੁਕਤ ਰੂਪ 'ਚ ਇਸਦਾ ਐਲਾਨ ਕੀਤਾ। ਅਜਿਹਾ ਕਰਨ ਵਾਲਾ ਦੇਸ਼ 'ਚ ਚੰਡੀਗੜ੍ਹ ਪਹਿਲਾ ਹੈ। ਪੰਜਾਬ 'ਚ ਇਸ ਐਲਾਨ ਨੂੰ ਲੈ ਕੇ ਪ੍ਰਸਤਾਵ ਤਾਂ ਬਣ ਗਿਆ ਹੈ ਪਰ ਹਾਲੇ ਅਧਿਕਾਰਿਕ ਰੂਪ 'ਚ ਇਸਦਾ ਐਲਾਨ ਨਹੀਂ ਕੀਤਾ ਗਿਆ ਹੈ। 'ਬੇਟੀ ਬਚਾਓ, ਬੇਟੀ ਪੜ੍ਹਾਓ' ਹਫ਼ਤੇ ਦੌਰਾਨ ਡੀ.ਸੀ. ਮਨਦੀਪ ਸਿੰਘ ਬਰਾੜ ਨੇ ਦੱਸਿਆ ਕਿ ਹਾਲੇ ਤੱਕ ਚੰਡੀਗੜ੍ਹ 'ਚ ਬੇਟੀ ਬਚਾਓ ਮੁਹਿੰਮ ਨੂੰ ਲੈ ਕੇ ਕਈ ਪ੍ਰੋਗਰਾਮ ਕੀਤੇ ਜਾ ਰਹੇ ਹਨ।

20 ਸਾਲਾਂ 'ਚ ਇਸ ਉਦੇਸ਼ ਨੂੰ ਲੈ ਕੇ ਕੀਤੇ ਗਏ ਕੰਮਾਂ ਕਾਰਨ ਚੰਡੀਗੜ੍ਹ 'ਚ ਪੁਰਸ਼ਾਂ ਅਤੇ ਔਰਤਾਂ ਦੇ ਲਿੰਗ ਅਨੁਪਾਤ 'ਚ 4 ਫੀਸਦੀ ਦਾ ਵਾਧਾ ਹੋਇਆ ਹੈ। ਹੁਣ ਲਿੰਗ ਅਨੁਪਾਤ ਨੂੰ 100 ਫ਼ੀਸਦੀ ਲਿਆਉਣ ਲਈ ਸਿਹਤ ਵਿਭਾਗ ਸ਼ਹਿਰ ਜਾਂ ਸ਼ਹਿਰ ਦੀ ਸੀਮਾ ਤੋਂ ਬਾਹਰ ਚਲਾਏ ਜਾ ਰਹੇ ਲਿੰਗ ਜਾਂਚ ਕੇਂਦਰਾਂ ਖਿਲਾਫ ਪੁਲਸ ਨਾਲ ਮਿਲ ਕੇ ਮੁਹਿੰਮ ਚਲਾਏਗਾ। ਮੁਹਿੰਮ ਤਹਿਤ ਜੇਕਰ ਕੋਈ ਲਿੰਗ ਜਾਂਚ ਦੀ ਸੂਚਨਾ ਦੇਵੇਗਾ ਤਾਂ ਉਸਦਾ ਨਾਮ ਗੁਪਤ ਰੱਖਦੇ ਹੋਏ ਇਕ ਲੱਖ ਰੁਪਏ ਦਾ ਨਕਦ ਇਨਾਮ ਵੀ ਦਿੱਤਾ ਜਾਵੇਗਾ।

ਇਸ ਨੰਬਰ 'ਤੇ ਦੇਣੀ ਹੋਵੇਗੀ ਸੂਚਨਾ
ਸਿਹਤ ਵਿਭਾਗ ਵੱਲੋਂ ਲਿੰਗ ਜਾਂਚ ਦੀ ਸੂਚਨਾ ਦੇਣ ਲਈ ਇਕ ਮੋਬਾਇਲ ਨੰਬਰ ਵੀ ਜਾਰੀ ਕੀਤਾ ਹੈ। ਲੋਕ ਇਸ ਮੋਬਾਇਲ ਨੰਬਰ 8872201555 'ਤੇ ਸੂਚਨਾ ਦੇ ਸਕਦੇ ਹਨ। ਇਸ ਨੰਬਰ ਦਾ ਸੰਚਾਲਨ ਕਰਨ ਵਾਲੇ ਮੁਹਿੰਮ ਦੇ ਨੋਡਲ ਅਧਿਕਾਰੀ ਡਾ. ਗੌਰਵ ਨੇ ਦੱਸਿਆ ਕਿ ਇਸ ਨੰਬਰ 'ਤੇ ਲੋਕ ਵਟਸਐਪ ਦੇ ਜ਼ਰੀਏ ਵੀ ਆਪਣੀ ਸ਼ਿਕਾਇਤ ਦਰਜ ਕਰਵਾ ਸਕਦੇ ਹਨ।

ਪੁਰਸ਼ਾਂ ਦੇ ਮੁਕਾਬਲੇ 777 ਸਨ ਔਰਤਾਂ
ਚੰਡੀਗੜ੍ਹ 'ਚ ਔਰਤਾਂ ਅਤੇ ਪੁਰਸ਼ਾਂ ਦੇ ਲਿੰਗ ਅਨੁਪਾਤ ਦੀ ਗੱਲ ਕਰੀਏ ਤਾਂ 2001 'ਚ 1000 ਪੁਰਸ਼ਾਂ ਦੇ ਮੁਕਾਬਲੇ 777 ਔਰਤਾਂ ਸਨ, ਜੋ 2011 'ਚ ਵਧ ਕੇ ਇਹ ਗਿਣਤੀ 808 ਤੱਕ ਪਹੁੰਚ ਗਈ। ਇਸ ਤੋਂ ਬਾਅਦ ਹੁਣ ਤੱਕ 2020 'ਚ ਇਹ ਗਿਣਤੀ 945 ਤੱਕ ਪਹੁੰਚ ਗਈ ਹੈ। 20 ਸਾਲਾਂ 'ਚ ਇਸ 'ਚ 4 ਫੀਸਦੀ ਦਾ ਵਾਧਾ ਹੋਇਆ ਹੈ।

ਪੂਰੇ ਸਾਲ ਚੱਲਣੀ ਚਾਹੀਦੀ ਹੈ ਮੁਹਿੰਮ
'ਬੇਟੀ ਬਚਾਓ, ਬੇਟੀ ਪੜ੍ਹਾਓ' ਵਰਗੀ ਮੁਹਿੰਮ 365 ਦਿਨ ਅਤੇ 24 ਬਾਈ 7 ਚੱਲਣੀ ਚਾਹੀਦੀ ਹੈ। ਚੰਡੀਗੜ੍ਹ 'ਚ ਵੀ ਅਜਿਹੀਆਂ ਕਈ ਮੁਹਿੰਮਾਂ ਚੱਲ ਰਹੀਆਂ ਹਨ, ਬਸ ਜ਼ਰੂਰਤ ਹੈ ਉਨ੍ਹਾਂ ਨੂੰ ਹੋਰ ਵੀ ਪ੍ਰਭਾਵੀ ਬਣਾਉਣ ਦੀ। ਇਹ ਗੱਲ ਡੀ. ਸੀ. ਮਨਦੀਪ ਬਰਾੜ ਨੇ 24 ਜਨਵਰੀ ਨੂੰ ਮਨਾਏ ਜਾਣ ਵਾਲੇ ਕੌਮੀ ਬਾਲਿਕਾ ਦਿਵਸ ਮੌਕੇ ਆਯੋਜਿਤ ਇਕ ਪੱਤਰਕਾਰ ਵਾਰਤਾ ਦੌਰਾਨ ਕਹੀ। ਚੰਡੀਗੜ੍ਹ ਦੇ ਯੂ. ਟੀ. ਗੈਸਟ ਹਾਊਸ 'ਚ ਸੋਮਵਾਰ ਨੂੰ ਆਯੋਜਿਤ ਪੱਤਰਕਾਰ ਵਾਰਤਾ 'ਚ ਉਨ੍ਹਾਂ ਨੇ ਦੱਸਿਆ ਕਿ ਕੌਮੀ ਬਾਲਿਕਾ ਦਿਵਸ ਨੂੰ ਲੈ ਕੇ ਇਕ ਹਫ਼ਤੇ ਤੱਕ ਵੱਖ-ਵੱਖ ਵਿਭਾਗਾਂ 'ਚ ਕਈ ਪ੍ਰੋਗਰਾਮ ਆਯੋਜਿਤ ਕਰਾਂਗੇ। 20 ਜਨਵਰੀ ਤੋਂ ਇਨ੍ਹਾਂ ਪ੍ਰੋਗਰਾਮਾਂ ਦੀ ਸ਼ੁਰੂਆਤ ਹੋ ਚੁੱਕੀ ਹੈ। 25 ਜਨਵਰੀ ਤੱਕ ਸਿੱਖਿਆ, ਸਿਹਤ, ਸਮਾਜ ਭਲਾਈ, ਜ਼ਿਲਾ ਪ੍ਰਸ਼ਾਸਨ, ਪੁਲਸ ਅਤੇ ਨਿਆਂ ਵਿਭਾਗ ਇਹ ਪ੍ਰੋਗਰਾਮ ਆਯੋਜਿਤ ਕਰਨਗੇ।

ਇਸ ਤੋਂ ਪਹਿਲਾਂ ਆਯੋਜਿਤ ਵਿਭਾਗਾਂ ਦੀ ਬੈਠਕ 'ਚ ਉਨ੍ਹਾਂ ਨੇ ਸਾਰੇ ਵਿਭਾਗ ਦੇ ਅਧਿਕਾਰੀਆਂ ਨੂੰ ਬਣਾਈ ਗਈ ਕਾਰਜ ਯੋਜਨਾ ਦੇ ਅਨੁਸਾਰ ਪ੍ਰੋਗਰਾਮ ਆਯੋਜਿਤ ਕਰਨ ਦੇ ਨਿਰਦੇਸ਼ ਦਿੱਤੇ। ਇਸ ਤੋਂ ਇਲਾਵਾ 'ਬੇਟੀ ਬਚਾਓ, ਬੇਟੀ ਪੜ੍ਹਾਓ' ਮੁਹਿੰਮ ਤਹਿਤ ਚੰਡੀਗੜ੍ਹ ਪੁਲਸ ਮਨਚਲਿਆਂ ਖਿਲਾਫ ਮੁਹਿੰਮ ਚਲਾਏਗੀ। ਸ਼ਹਿਰ ਸਮੇਤ ਯੂ. ਟੀ. ਅਧੀਨ ਆਉਣ ਵਾਲੇ 13 ਪਿੰਡਾਂ 'ਚ ਵੀ ਪੁਲਸ ਲੜਕੀਆਂ ਨਾਲ ਛੇੜਖਾਨੀ ਕਰਨ ਵਾਲੇ ਮਨਚਲਿਆਂ ਨੂੰ ਫੜੇਗੀ। ਸ਼ਹਿਰ ਦਾ ਸਮਾਜ ਭਲਾਈ ਵਿਭਾਗ ਮੁਹਿੰਮ ਤਹਿਤ ਸੈਕਟਰ-17 ਪਲਾਜ਼ਾ 'ਚ ਹਸਤਾਖਰ ਮੁਹਿੰਮ ਚਲਾਏਗਾ। ਇਸ ਤੋਂ ਇਲਾਵਾ ਡੋਰ ਟੂ ਡੋਰ ਕੈਂਪੇਨ, ਨੁੱਕੜ ਡਰਾਮਾ, ਰੈਲੀ, ਟਾਕ ਸ਼ੋਅ ਅਤੇ 24 ਜਨਵਰੀ ਨੂੰ ਟੈਗੋਰ ਥਿਏਟਰ 'ਚ ਸ਼ਾਨਦਾਰ ਪ੍ਰੋਗਰਾਮ ਆਯੋਜਿਤ ਹੋਣਗੇ।


Anuradha

Content Editor

Related News