ਬਹਿਬਲਕਲਾਂ ਗੋਲੀਕਾਂਡ ਮਾਮਲੇ ’ਚ ਆਇਆ ਨਵਾਂ ਮੋੜ, ਗਵਾਹਾਂ ਨੇ ਪੰਜਾਬ ਸਰਕਾਰ ’ਤੇ ਚੁੱਕੇ ਸਵਾਲ
Tuesday, Feb 04, 2020 - 05:51 PM (IST)
ਫਰੀਦਕੋਟ (ਜਗਤਾਰ) - ਬਹਿਬਲਕਲਾਂ ਗੋਲੀ ਕਾਂਡ ਮਾਮਲੇ ਦੇ ਮੁੱਖ ਗਵਾਹ ਸੁਰਜੀਤ ਸਿੰਘ ਦੀ ਮੌਤ ਹੋ ਜਾਣ ਮਗਰੋਂ ਅੱਜ ਇਸ ਮਾਮਲੇ ’ਚ ਇਕ ਨਵਾਂ ਮੋੜ ਆਇਆ ਹੈ। ਸੁਰਜੀਤ ਸਿੰਘ ਦੀ ਮੌਤ ਤੋਂ ਬਾਅਦ ਅੱਜ ਇਸ ਮਾਮਲੇ ਦੇ 23 ਹੋਰ ਗਵਾਹ ਮੀਡੀਆ ਦੇ ਸਾਹਮਣੇ ਆਏ ਹਨ, ਜਿਨ੍ਹਾਂ ਵਲੋਂ ਫਰੀਦਕੋਟ ’ਚ ਪ੍ਰੈੱਸ ਕਾਨਫਰੰਸ ਕੀਤੀ ਗਈ। ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਗਵਾਹਾਂ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਇਸ ਮਾਮਲੇ ਦੇ ਸਬੰਧ ’ਚ ਜੋ ਕਾਰਗੁਜ਼ਾਰੀ ਕੀਤੀ ਜਾ ਰਹੀ ਹੈ, ਉਸ ਤੋਂ ਉਹ ਸੰਤੁਸ਼ਟ ਨਹੀਂ ਹਨ। ਬਹਿਬਲ ਕਲਾਂ ਗੋਲੀ ਕਾਂਡ ਦੇ 23 ਦੇ ਕਰੀਬ ਮੁੱਖ ਗਵਾਹਾਂ ਨੇ ਸਮੂਹ ਰਾਜਨੀਤਕ ਪਾਰਟੀਆਂ, ਧਾਰਮਕ ਜਥੇਬੰਦੀਆਂ ਨੂੰ ਅਪੀਲ ਕੀਤੀ ਕਿ ਉਹ ਪਿਛਲੇ ਦਿਨੀਂ ਬਹਿਬਲ ਕਲਾਂ ਗੋਲੀ ਕਾਂਡ ਦੇ ਇਕ ਗਵਾਹ ਦੀ ਹੋਈ ਕੁਦਰਤੀ ਮੌਤ ਦੇ ਮਸਲੇ ਨੂੰ ਬੇਵਜ੍ਹਾ ਸਿਆਸੀ ਮੁੱਦਾ ਨਾ ਬਣਾਉਣ। ਇਸ ਤੋਂ ਇਲਾਵਾ ਉਨ੍ਹਾਂ ਮ੍ਰਿਤਕ ਗਵਾਹ ਦੇ ਪਰਿਵਾਰਕ ਮੈਂਬਰਾਂ ਨੂੰ ਵੀ ਅਪੀਲ ਕੀਤੀ ਕਿ ਉਹ ਮ੍ਰਿਤਕ ਦੀ ਮੌਤ ਨੂੰ ਸਿਆਸੀ ਰੰਗਤ ਨਾ ਦੇਣ ਅਤੇ ਬਹਿਬਲ ਕਲਾਂ ਗੋਲੀ ਕਾਂਡ ਨੂੰ ਧਾਰਮਕ ਮੁੱਦਾ ਹੀ ਰਹਿਣ ਦੇਣ।
ਕਾਨਫਰੰਸ ਕਰਦਿਆਂ ਗਵਾਹ ਗੁਰਦਿੱਤ ਸਿੰਘ ਪੁੱਤਰ ਕੇਹਰ ਸਿੰਘ, ਅੰਗਰੇਜ਼ ਸਿੰਘ ਪੁੱਤਰ ਜੁਗਰਾਜ ਸਿੰਘ, ਬਲਕਰਨ ਸਿੰਘ ਸਰਪੰਚ ਗੁਰੂਸਰ, ਗੁਰਪ੍ਰੀਤ ਸਿੰਘ ਪੁੱਤਰ ਅਜਾਇਬ ਸਿੰਘ.ਬਰਮਾ ਸਿੰਘ ਪੁੱਤਰ ਰਣਜੀਤ ਸਿੰਘ ਬਹਿਬਲ ਕਲਾਂ, ਰਣਜੀਤ ਸਿੰਘ ਪੁੱਤਰ ਮੱਘਰ ਸਿੰਘ ਸਣੇ ਕਈ ਗਵਾਹਾਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ, ਕੁਝ ਸਥਾਨਕ ਅਕਾਲੀ ਆਗੂਆਂ, ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਭਗਵੰਤ ਸਿੰਘ ਮਾਨ ਦੀ ਸਖਤ ਆਲੋਚਨਾ ਕੀਤੀ। ਉਨ੍ਹਾਂ ਕਿਹਾ ਕਿ ਇਹ ਸਭ ਮੁੱਖ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਦੀ ਥਾਂ ਇਸ ਮਸਲੇ ’ਤੇ ਇਕ ਗਵਾਹ ਦੀ ਕੁਦਰਤੀ ਮੌਤ ਨੂੰ ਸਿਆਸੀ ਰੰਗਤ ਦੇ ਰਹੇ ਹਨ। ਇਸ ਮੌਕੇ ਰਾਜਨੀਤਕ ਅਤੇ ਧਾਰਮਕ ਜਥੇਬੰਦੀਆਂ ਨੂੰ ਅਪੀਲ ਕਰਦਾ ਇਕ ਪੱਤਰ ਵੀ ਜਾਰੀ ਕੀਤਾ ਗਿਆ।
ਇਨ੍ਹਾਂ ਗਵਾਹਾਂ ਨੇ ਦੋਸ਼ ਲਾਉਂਦਿਆਂ ਕਿਹਾ ਕਿ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਜੋ ਉਸ ਸਮੇਂ ਗ੍ਰਹਿ ਮੰਤਰੀ ਵੀ ਸਨ, ਦੇ ਰਾਜ ਵਿਚ ਗੋਲੀ ਕਾਂਡ ਵਾਪਰਿਆ ਅਤੇ ਸੁਖਬੀਰ ਸਿੰਘ ਬਾਦਲ ਨੇ ਦੋਸ਼ੀਆਂ ਨੂੰ ਸਜ਼ਾ ਦੇਣ ਦੀ ਬਜਾਏ ਉਨ੍ਹਾਂ ਨੂੰ ਹਮੇਸ਼ਾ ਬਚਾਉਣ ਦੀ ਕੋਸ਼ਿਸ਼ ਕੀਤੀ ਹੈ। ਦੋਸ਼ੀ ਪੁਲਸ ਅਫਸਰਾਂ ਅਤੇ ਸਿਆਸੀ ਲੋਕਾਂ ਦੀ ਪੁਸ਼ਤਪਨਾਹੀ ਕੀਤੀ। ਉਨ੍ਹਾਂ ਇਹ ਵੀ ਦੋਸ਼ ਲਾਇਆ ਕਿ ਸੁਖਬੀਰ ਸਿੰਘ ਬਾਦਲ ਖੁਦ ਇਸ ਮਾਮਲੇ ਵਿਚ ਕਮਜ਼ੋਰੀਆਂ ਨੂੰ ਛੁਪਾਉਣ ਲਈ ਇਸ ਮਸਲੇ ਨੂੰ ਸਿਆਸੀ ਰੰਗਤ ਦੇ ਰਹੇ ਹਨ। ਬਹਿਬਲ ਕਲਾਂ ਗੋਲੀ ਕਾਂਡ ਦੇ ਮੁੱਖ ਗਵਾਹਾਂ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ’ਤੇ ਕਾਂਗਰਸ ਦੇ ਪੰਜਾਬ ਪ੍ਰਧਾਨ ਸੁਨੀਲ ਜਾਖੜ ’ਤੇ ਗਿਲਾ ਜ਼ਾਹਿਰ ਕਰਦਿਆਂ ਕਿਹਾ ਕਿ ਉਹ ਲੋਕਾਂ ਨਾਲ ਕੀਤੇ ਗਏ ਵਾਅਦੇ ਮੁਤਾਬਕ ਬਹਿਬਲ ਕਲਾਂ ਗੋਲੀ ਕਾਂਡ ਦੇ ਦੋਸ਼ੀ ਪੁਲਸ ਅਫਸਰਾਂ ਅਤੇ ਸਿਆਸੀ ਲੋਕਾਂ ਨੂੰ ਕਾਨੂੰਨ ਅਨੁਸਾਰ ਸਜ਼ਾ ਦੇਣ ਲਈ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਨ। ਗਵਾਹਾਂ ਨੇ ਸਪੱਸ਼ਟ ਸ਼ਬਦਾਂ ਵਿਚ ਕਿਹਾ ਕਿ ਉਹ ਪੰਜਾਬ ਸਰਕਾਰ ਵੱਲੋਂ ਕੀਤੀ ਜਾ ਰਹੀ ਸੁਸਤ ਰਫਤਾਰ ਕਾਰਵਾਈ ਤੋਂ ਬਿਲਕੁਲ ਵੀ ਸੰਤੁਸ਼ਟ ਨਹੀਂ ਹਨ।
ਉਨ੍ਹਾਂ ਕਿਹਾ ਕਿ ਜੇਕਰ ਅਕਾਲੀ ਦਲ, ਆਮ ਆਦਮੀ ਪਾਰਟੀ ਅਤੇ ਧਾਰਮਕ ਜਥੇਬੰਦੀਆਂ ਨੇ ਇਸ ਧਾਰਮਕ ਮੁੱਦੇ ਨੂੰ ਸਿਆਸੀ ਰੰਗਤ ਦਿੱਤੀ ਤਾਂ ਉਹ ਉਨ੍ਹਾਂ ਵਿਰੁੱਧ ਸੰਘਰਸ਼ ਕਰਨਗੇ। ਉਨ੍ਹਾਂ ਬਹਿਬਲ ਕਲਾਂ ਗੋਲੀ ਕਾਂਡ ਦੇ ਇਕ ਗਵਾਹ ਜਿਸ ਦੀ ਪਿਛਲੇ ਦਿਨੀਂ ਕੁਦਰਤੀ ਮੌਤ ਹੋਈ ਹੈ, ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਵੀ ਅਪੀਲ ਕੀਤੀ ਕਿ ਉਹ ਕਿਸੇ ਵੀ ਸਿਆਸੀ ਬੰਦੇ ਦੇ ਬਹਿਕਾਵੇ ਵਿਚ ਆ ਕੇ ਇਸ ਧਾਰਮਕ ਮਸਲੇ ਨੂੰ ਸਿਆਸੀ ਰੰਗਤ ਨਾ ਦੇਣ ਬਲਕਿ ਬਹਿਬਲ ਕਲਾਂ ਗੋਲੀ ਕਾਂਡ ਦੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਲਈ ਬਾਕੀ ਗਵਾਹਾਂ ਦਾ ਸਾਥ ਦੇਣ।