ਬਹਿਬਲ ਕਲਾਂ ਗੋਲੀ ਕਾਂਡ ਦੇ ਮੁੱਖ ਗਵਾਹ ਦੀ ਮੌਤ, ਪਰਿਵਾਰ ਨੇ ਲਗਾਏ ਗੰਭੀਰ ਦੋਸ਼

01/19/2020 6:59:33 PM

ਫਰੀਦਕੋਟ (ਜਗਤਾਰ) : ਬਹਿਬਲ ਕਲਾਂ ਗੋਲੀ ਕਾਂਡ ਦੇ ਮੁੱਖ ਗਵਾਹ ਤੇ ਸਾਬਕਾ ਸਰਪੰਚ ਸੁਰਜੀਤ ਸਿੰਘ ਦੀ ਦਿਲ ਦੌਰਾ ਪੈਣ ਕਾਰਨ ਅਚਾਨਕ ਮੌਤ ਹੋ ਗਈ। ਮ੍ਰਿਤਕ ਦੇ ਪਰਿਵਾਰ ਨੇ ਸੁਰਜੀਤ ਸਿੰਘ ਦੀ ਮੌਤ ਦਾ ਕਾਰਨ ਸਿਆਸੀ ਦਬਾਅ ਦੱਸਿਆ ਹੈ। ਸੁਰਜੀਤ ਸਿੰਘ ਦੀ ਪਤਨੀ ਨੇ ਕਿਹਾ ਕਿ ਉਨ੍ਹਾਂ ਨੇ ਮੁੱਖ ਮੰਤਰੀ ਕੋਲ ਸ਼ਿਕਾਇਤ ਵੀ ਦਰਜ ਕਰਵਾਈ ਸੀ ਕਿ ਉਸ 'ਤੇ ਦਬਾਅ ਪਾਇਆ ਜਾ ਰਿਹਾ ਹੈ ਅਤੇ ਉਸ ਦੀ ਜਾਨ ਨੂੰ ਵੀ ਖਤਰਾ ਹੈ ਪਰ ਉਨ੍ਹਾਂ ਦੀ ਸੁਣਵਾਈ ਨਹੀਂ ਕੀਤੀ ਗਈ। 

ਮ੍ਰਿਤਕ ਸੁਰਜੀਤ ਸਿੰਘ ਦੀ ਪਤਨੀ ਨੇ ਕਿਹਾ ਕਿ ਉਸ ਦਾ ਪਤੀ ਹਮੇਸ਼ਾ ਕਹਿੰਦਾ ਸੀ ਕਿ ਉਸ ਨੇ ਖੁਦ ਹੀ ਆਪਣੀ ਜਾਨ ਨੂੰ ਸਿਆਪਾ ਪਾ ਲਿਆ ਹੈ। ਉਨ੍ਹ੍ਹਾਂ ਕਿਹਾ ਕਿ ਸੁਰਜੀਤ ਸਿੰਘ ਨੂੰ ਜਲੀਲ ਕੀਤਾ ਜਾਂਦਾ ਸੀ ਅਤੇ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਸੀ ਹੁੰਦੀ। ਸੁਰਜੀਤ ਸਿੰਘ ਦੀ ਪਤਨੀ ਨੇ ਪਿੰਡ ਦੇ ਹੀ ਇਕ ਕਾਂਗਰਸੀ ਆਗੂ 'ਤੇ ਉਨ੍ਹਾਂ ਨੂੰ ਤੰਗ ਪ੍ਰੇਸ਼ਾਨ ਕਰਨ ਦੇ ਦੋਸ਼ ਵੀ ਲਗਾਏ ਹਨ। ਉਨ੍ਹਾਂ ਦੋਸ਼ ਲਗਾਉਂਦੇ ਹੋਏ ਕਿਹਾ ਕਿ ਉਹ ਕਈ ਵਾਰ ਉਨ੍ਹਾਂ ਦੇ ਘਰ ਵੱਲ 20-20 ਫਾਇਰ ਵੀ ਕਰ ਚੁੱਕੇ ਹਨ। ਬਹਿਬਲ ਕਲਾਂ ਗੋਲੀਕਾਂਡ ਮਾਮਲੇ 'ਚ ਗਵਾਹੀ ਦੇਣ 'ਤੇ ਮ੍ਰਿਤਕ ਦੀ ਪਤਨੀ ਨੇ ਕਿਹਾ ਕਿ ਉਸ ਦੇ ਪਤੀ ਤੋਂ ਧੱਕੇ ਨਾਲ ਬਿਆਨ ਲਏ ਗਏ ਅਤੇ ਉਸ ਦੇ ਪਤੀ ਨੂੰ ਬਲੀ ਦਾ ਬੱਕਰਾ ਬਣਾਇਆ ਗਿਆ। ਉਨ੍ਹਾਂ ਕਿਹਾ ਕਿ ਇਸ ਪਿੱਛੋਂ ਉਨ੍ਹਾਂ ਦੀ ਕਿਸੇ ਜਥੇਬੰਦੀ ਨੇ ਸਾਰ ਨਹੀਂ ਲਈ। ਉਨ੍ਹਾਂ ਆਪਣੇ ਪਤੀ ਦੀ ਮੌਤ ਲਈ ਜ਼ਿੰਮੇਵਾਰ ਲੋਕਾਂ ਖਿਲਾਫ ਕਾਰਵਾਈ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਸਿਆਸੀ ਦਬਾਅ ਦੇ ਚੱਲਦੇ ਹੀ ਬਿਜਲੀ ਵਾਲਿਆਂ ਨੇ ਉਨ੍ਹਾਂ ਨੂੰ ਬਿਨਾਂ ਵਜ੍ਹਾ 50 ਹਜ਼ਾਰ ਰੁਪਏ ਦਾ ਜੁਰਮਾਨਾ ਵੀ ਪਾਇਆ ਹੈ। 

ਦੱਸਣਯੋਗ ਹੈ ਕਿ ਸੁਰਜੀਤ ਸਿੰਘ ਬਹਿਬਲ ਕਲਾਂ ਗੋਲੀ ਕਾਂਡ ਜਿਸ ਵਿਚ ਦੋ ਸਿੱਖ ਧਰਨਾਕਾਰੀਆਂ ਦੀ ਮੌਤ ਹੋ ਗਈ ਦਾ ਮੁੱਖ ਗਵਾਹ ਸੀ। ਜਿਸ ਸਮੇਂ ਬਹਿਬਲ ਕਲਾਂ ਵਿਖੇ ਇਹ ਘਟਨਾਕ੍ਰਮ ਵਾਪਰਿਆ ਸੀ ਉਸ ਸਮੇਂ ਸਾਬਕਾ ਸਰਪੰਚ ਸੁਰਜੀਤ ਸਿੰਘ ਵੀ ਘਟਨਾ ਸਥਾਨ 'ਤੇ ਮੌਜੂਦ ਸੀ, ਜਿਸ ਨੇ ਸਾਰੀ ਘਟਨਾ ਦੀ ਜਾਂਚ ਲਈ ਬਣੇ ਕਮਿਸ਼ਨ ਕੋਲ ਆਪਣੇ ਬਿਆਨ ਵੀ ਦਰਜ ਕਰਵਾਏ ਸਨ। ਮੁੱਖ ਗਵਾਹ ਹੋਣ ਕਾਰਨ ਸੁਰਜੀਤ ਸਿੰਘ ਨੂੰ ਸਕਿਓਰਿਟੀ ਵੀ ਮਿਲੀ ਹੋਈ ਸੀ।


Gurminder Singh

Content Editor

Related News