22 ਸਾਲਾ ਬਿਊਟੀਸ਼ੀਅਨ ਨੂੰ ਸੱਪ ਨੇ ਡੱਸਿਆ, ਮਣਕਾ ਲਵਾਉਣ ਸਪੇਰੇ ਕੋਲ ਲੈ ਗਿਆ ਪਰਿਵਾਰ, ਅੰਤ ਹੋਈ ਮੌਤ

Wednesday, Jul 26, 2023 - 06:42 PM (IST)

22 ਸਾਲਾ ਬਿਊਟੀਸ਼ੀਅਨ ਨੂੰ ਸੱਪ ਨੇ ਡੱਸਿਆ, ਮਣਕਾ ਲਵਾਉਣ ਸਪੇਰੇ ਕੋਲ ਲੈ ਗਿਆ ਪਰਿਵਾਰ, ਅੰਤ ਹੋਈ ਮੌਤ

ਖੰਨਾ (ਸੁਖਵਿੰਦਰ ਕੌਰ) : ਖੰਨਾ ਦੇ ਪਿੰਡ ਬਾਬਰਪੁਰ ਦੀ ਰਹਿਣ ਵਾਲੀ 22 ਸਾਲਾ ਬਿਊਟੀਸ਼ੀਅਨ ਦੀ ਸੱਪ ਦੇ ਡੱਸਣ ਕਾਰਣ ਮੌਤ ਹੋ ਗਈ। ਸੱਪ ਦੇ ਡੱਸਣ ਕਾਰਣ ਕੁੜੀ ਦੇ ਸਰੀਰ ਵਿਚ ਜ਼ਹਿਰ ਫੈਲ ਗਿਆ ਜਿਸ ਨੂੰ ਹਸਪਤਾਲ ਲੈ ਕੇ ਜਾਂਦੇ ਸਮੇਂ ਉਸ ਦੀ ਮੌਤ ਹੋ ਗਈ। ਮ੍ਰਿਤਕਾ ਦੀ ਪਛਾਣ ਹਰਮਿੰਦਰ ਕੌਰ ਵਾਸੀ ਪਿੰਡ ਬਾਬਰਪੁਰ (ਮਲੌਦ) ਵਜੋਂ ਹੋਈ ਹੈ। ਉਸ ਦੀ ਲਾਸ਼ ਨੂੰ ਪੋਸਟਮਾਰਟਮ ਲਈ ਖੰਨਾ ਦੇ ਸਿਵਲ ਹਸਪਤਾਲ ’ਚ ਰਖਵਾਇਆ ਗਿਆ ਹੈ। ਮਿਲੀ ਜਾਣਕਾਰੀ ਅਨੁਸਾਰ ਹਰਮਿੰਦਰ ਕੌਰ ਘਰ ਵਿਚ ਖਾਣਾ ਬਣਾ ਰਹੀ ਸੀ। ਇਸ ਦੌਰਾਨ ਜਦੋਂ ਮੀਂਹ ਪੈਣ ਲੱਗਾ ਤਾਂ ਉਹ ਘਰ ਦਾ ਸਾਮਾਨ ਢਕਣ ਲੱਗੀ। ਸਾਮਾਨ ਦੇ ਵਿਚਕਾਰ ਇਕ ਸੱਪ ਬੈਠਾ ਸੀ, ਜਿਸ ਨੇ ਹਰਮਿੰਦਰ ਦੇ ਪੈਰ ਉਪਰ ਡੰਗ ਮਾਰਿਆ। ਹਰਮਿੰਦਰ ਨੇ ਸੱਪ ਨੂੰ ਜਾਂਦੇ ਦੇਖਿਆ ਤਾਂ ਰੌਲਾ ਪਾ ਦਿੱਤਾ। ਜਿਸ ਮਗਰੋਂ ਲੋਕ ਇਕੱਠੇ ਹੋ ਗਏ।

ਇਹ ਵੀ ਪੜ੍ਹੋ : ਪੰਜਾਬ ਦੇ ਸਕੂਲਾਂ ਲਈ ਅਹਿਮ ਖ਼ਬਰ, ਸਿੱਖਿਆ ਵਿਭਾਗ ਨੇ ਨਵੇਂ ਨਿਰਦੇਸ਼ ਕੀਤੇ ਜਾਰੀ

ਕੁਝ ਲੋਕਾਂ ਨੇ ਪਰਿਵਾਰ ਵਾਲਿਆਂ ਨੂੰ ਹਸਪਤਾਲ ਲਿਜਾਣ ਦੀ ਸਲਾਹ ਦਿੱਤੀ, ਜਦਕਿ ਕੁਝ ਲੋਕ ਸਪੇਰੇ ਕੋਲ ਜਾ ਕੇ ਮਣਕਾ ਲਗਾਉਣ ਲਈ ਦਬਾਅ ਪਾਉਣ ਲੱਗੇ। ਪਰਿਵਾਰ ਦੁਚਿੱਤੀ ਵਿਚ ਸੀ। ਇਸ ਦੌਰਾਨ ਪਰਿਵਾਰਕ ਮੈਂਬਰ ਸਭ ਤੋਂ ਪਹਿਲਾਂ ਹਰਮਿੰਦਰ ਕੌਰ ਨੂੰ ਨੇੜੇ ਸਥਿਤ ਸਪੇਰੇ ਕੋਲ ਲੈ ਗਏ। ਉਥੇ ਮਣਕਾ ਲਗਾਉਣ ਤੋਂ ਬਾਅਦ ਵੀ ਹਰਮਿੰਦਰ ਕੌਰ ਦੀ ਹਾਲਤ ’ਚ ਸੁਧਾਰ ਨਹੀਂ ਹੋਇਆ। ਫਿਰ ਉਸ ਨੂੰ ਕਲੀਨਿਕ ਲਿਆਂਦਾ ਗਿਆ। ਉਥੇ ਡਾਕਟਰ ਨੇ ਜਵਾਬ ਦਿੰਦੇ ਹੋਏ ਸਰਕਾਰੀ ਹਸਪਤਾਲ ਲੈ ਕੇ ਜਾਣ ਲਈ ਕਿਹਾ। ਅਖੀਰ ਜਦੋਂ ਹਰਮਿੰਦਰ ਕੌਰ ਨੂੰ ਸਿਵਲ ਹਸਪਤਾਲ ਖੰਨਾ ਲਿਆਂਦਾ ਜਾ ਰਿਹਾ ਸੀ ਤਾਂ ਰਸਤੇ ਵਿਚ ਹੀ ਉਸ ਦੀ ਮੌਤ ਹੋ ਗਈ।

ਇਹ ਵੀ ਪੜ੍ਹੋ : ਜਾਅਲੀ SC ਸਰਟੀਫਿਕੇਟ ਬਣਾਉਣ ਵਾਲਿਆਂ ’ਤੇ ਪੰਜਾਬ ਸਰਕਾਰ ਦੀ ਵੱਡੀ ਕਾਰਵਾਈ, ਚੁੱਕਿਆ ਇਹ ਕਦਮ

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਕਲਿੱਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Gurminder Singh

Content Editor

Related News