ਰੇਤ ਦੀ ਭਰੀ ਟਰਾਲੀ ਉਤਾਰ ਰਹੇ ਟਰੈਕਟਰ ਚਾਲਕ ਦੀ ਕੀਤੀ ਕੁੱਟਮਾਰ
Monday, Aug 05, 2024 - 01:56 PM (IST)
ਡੇਰਾਬੱਸੀ (ਗੁਰਜੀਤ) : ਡੇਰਾਬੱਸੀ ਦੇ ਮੁਹੱਲਾ ਚੌਧਰੀਆਂ ਵਿਖੇ ਰੇਤ ਦੀ ਭਰੀ ਟਰਾਲੀ ਖ਼ਾਲੀ ਕਰ ਰਹੇ ਇੱਕ ਟਰਾਲੀ-ਟਰੈਕਟਰ ਚਾਲਕ ਨੇ 3 ਲੋਕਾਂ 'ਤੇ ਉਸ ਦੀ ਕੁੱਟਮਾਰ ਕਰਨ ਦਾ ਦੋਸ਼ ਲਾਇਆ ਹੈ। ਜ਼ਖ਼ਮੀ ਟਰੈਕਟਰ ਚਾਲਕ ਦੀ ਪਛਾਣ ਅਮਰਜੀਤ ਸਿੰਘ ਪੁੱਤਰ ਹਰਦਿਆਲ ਸਿੰਘ ਵਾਸੀ ਮੇਨ ਰੋਡ ਡੇਰਾਬੱਸੀ ਵਜੋਂ ਹੋਈ ਹੈ। ਜਿਸ ਦਾ ਡੇਰਾਬੱਸੀ ਸਿਵਲ ਹਸਪਤਾਲ ਵਿਖੇ ਇਲਾਜ ਚੱਲ ਰਿਹਾ ਹੈ। ਪੁਲਸ ਨੂੰ ਦਿੱਤੇ ਬਿਆਨਾਂ ’ਚ ਜ਼ਖ਼ਮੀ ਟਰੈਕਟਰ ਚਾਲਕ ਅਮਰਜੀਤ ਸਿੰਘ ਨੇ ਦੋਸ਼ ਲਾਇਆ ਕਿ ਸਵੇਰੇ ਕਰੀਬ ਸਾਢੇ ਅੱਠ ਵਜੇ ਜਦੋਂ ਉਹ ਮੁਹੱਲਾ ਚੌਧਰੀ ਵਿਖੇ ਰੇਤ ਨਾਲ ਭਰੀ ਟਰਾਲੀ ਉਤਾਰ ਰਿਹਾ ਸੀ ਤਾਂ ਉਸ ਨੇ ਪਿੱਛੋਂ ਤੋਂ ਆ ਰਹੇ ਐਕਟਿਵਾ ਚਾਲਕ ਨੂੰ ਰੁਕਣ ਦਾ ਇਸ਼ਾਰਾ ਕੀਤਾ।
ਇਸ ਕਾਰਨ ਉਹ ਤੈਸ਼ ’ਚ ਆ ਗਿਆ ਅਤੇ ਉਸ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਇਸ ਦੌਰਾਨ ਉਸ ਦੇ ਦੋਵੇਂ ਮੁੰਡੇ ਵੀ ਆ ਗਏ, ਜਿਨ੍ਹਾਂ ਨੇ ਉਸ ਦੀ ਕੁੱਟਮਾਰ ਕੀਤੀ। ਇਸ ਤੋਂ ਬਾਅਦ ਰੇਤ ਮਾਲਕ ਨੇ ਉਸ ਨੂੰ ਜ਼ਖ਼ਮੀ ਹਾਲਤ ਵਿੱਚ ਡੇਰਾਬੱਸੀ ਸਿਵਲ ਹਸਪਤਾਲ ਦਾਖ਼ਲ ਕਰਵਾਇਆ। ਤਫ਼ਤੀਸ਼ੀ ਅਧਿਕਾਰੀ ਮੁਕੇਸ਼ ਕੁਮਾਰ ਨੇ ਦੱਸਿਆ ਕਿ ਜ਼ਖ਼ਮੀ ਟਰੈਕਟਰ ਚਾਲਕ ਦੇ ਬਿਆਨ ਦਰਜ ਕਰ ਕੇ ਕੁੱਟਮਾਰ ਕਰਨ ਵਾਲਿਆਂ ਖ਼ਿਲਾਫ਼ ਮਾਮਲਾ ਦਰਜ ਕਰਨ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।