ਪਤਨੀ ਤੇ ਸੱਸ ਨੂੰ ਬੰਧਕ ਬਣਾ ਕੇ ਕੁੱਟਿਆ, ਗਲਾ ਵੀ ਘੁੱਟਿਆ
Tuesday, Jun 26, 2018 - 07:19 AM (IST)

ਜਲੰਧਰ, (ਮਹੇਸ਼)¸ ਸ਼ਰਾਬ ਦੇ ਨਸ਼ੇ ਵਿਚ ਧੁੱਤ ਇਕ ਬੈਂਕ ਕਰਮਚਾਰੀ ਵਲੋਂ ਆਪਣੀ ਪਤਨੀ ਤੇ ਸੱਸ ਨੂੰ ਬੰਧਕ ਬਣਾ ਕੇ ਕੁੱਟਣ ਤੋਂ ਇਲਾਵਾ ਮੌਕੇ 'ਤੇ ਪਹੁੰਚੀ ਪੁਲਸ ਨਾਲ ਹੱਥੋਪਾਈ ਕਰਦੇ ਹੋਏ ਵਰਦੀ ਪਾੜਨ ਦਾ ਮਾਮਲਾ ਸਾਹਮਣੇ ਆਇਆ ਹੈ। ਉਕਤ ਘਟਨਾ ਪ੍ਰਤਾਪਪੁਰਾ ਰੋਡ 'ਤੇ ਪੈਂਦੀ ਕਾਲੋਨੀ ਟਰੱਸਟ ਵੈਲੀ ਦੀ ਹੈ, ਜਿਸ ਨੂੰ ਲੈ ਕੇ ਪੁਲਸ ਨੇ ਮੁਲਜ਼ਮ ਨਿਖਿਲ ਲਾਂਬਾ ਪੁੱਤਰ ਕੇਵਲ ਕ੍ਰਿਸ਼ਨ ਨੂੰ ਕਾਬੂ ਕਰ ਲਿਆ ਹੈ।
ਥਾਣਾ ਸਦਰ ਦੀ ਪੁਲਸ ਚੌਕੀ ਫਤਿਹਪੁਰ (ਪ੍ਰਤਾਪਪੁਰਾ) ਦੇ ਮੁਖੀ ਮਦਨ ਸਿੰਘ ਨੇ ਦੱਸਿਆ ਕਿ ਇਕ ਪ੍ਰਾਈਵੇਟ ਬੈਂਕ ਦੇ ਮੁਲਾਜ਼ਮ ਨਿਖਿਲ ਲਾਂਬਾ 'ਤੇ ਉਸ ਦੀ ਪਤਨੀ ਚਾਂਦਨੀ ਦੇ ਬਿਆਨਾਂ 'ਤੇ ਕੇਸ ਦਰਜ ਕਰ ਲਿਆ ਹੈ। ਮੁਲਜ਼ਮ ਨਿਖਿਲ ਨੂੰ ਕਲ ਮਾਣਯੋਗ ਅਦਾਲਤ ਵਿਚ ਪੇਸ਼ ਕਰ ਕੇ ਪੁਲਸ ਰਿਮਾਂਡ ਹਾਸਲ ਕੀਤਾ ਜਾਵੇਗਾ। ਮੁਲਜ਼ਮ ਦੀ ਪਤਨੀ ਨੇ ਦੱਸਿਆ ਕਿ ਐਤਵਾਰ ਦੁਪਹਿਰ ਕਰੀਬ 2 ਵਜੇ ਉਸ ਦਾ ਪਤੀ ਉਸ ਨਾਲ ਕੁੱਟਮਾਰ ਕਰ ਰਿਹਾ ਸੀ। ਉਸ ਦੀ ਮਾਂ ਸੁਨੀਤਾ ਨੇ ਬਚਾਅ ਕਰਨਾ ਚਾਹਿਆ ਪਰ ਉਸ ਦੇ ਪਤੀ ਨੇ ਉਸ ਨੂੰ ਅਤੇ ਉਸ ਦੀ ਮਾਂ ਨੂੰ ਕਮਰੇ ਵਿਚ ਬੰਦ ਕਰ ਦਿੱਤਾ। ਚਾਂਦਨੀ ਨੇ ਦੱਸਿਆ ਕਿ ਉਸ ਦੇ ਪਤੀ ਨੇ ਗਲੇ ਵਿਚ ਚੁੰਨੀ ਪਾ ਕੇ ਉਸ ਦਾ ਗਲਾ ਵੀ ਘੁੱਟਿਆ।
ਚਾਂਦਨੀ ਨੇ ਦੱਸਿਆ ਕਿ ਇੰਨੇ ਵਿਚ ਹੀ ਉਸ ਦਾ ਵੱਡਾ ਭਰਾ ਰਾਹੁਲ ਉਥੇ ਪਹੁੰਚ ਗਿਆ। ਉਸ ਨੇ ਪੁਲਸ ਨੂੰ ਸੂਚਿਤ ਕੀਤਾ ਅਤੇ ਫਤਿਹਪੁਰ ਚੌਕੀ ਦੇ ਮੁਲਾਜ਼ਮ ਮੌਕੇ 'ਤੇ ਪਹੁੰਚ ਗਏ। ਉਸ ਦੇ ਪਤੀ ਨੇ ਸ਼ਰਾਬ ਦੇ ਨਸ਼ੇ ਵਿਚ ਪੁਲਸ ਮੁਲਾਜ਼ਮਾਂ ਨਾਲ ਵੀ ਹੱਥੋਪਾਈ ਕੀਤੀ ਤੇ ਉਨ੍ਹਾਂ ਦੀ ਵਰਦੀ ਪਾੜ ਦਿੱਤੀ।
5 ਸਾਲ ਪਹਿਲਾਂ ਹੋਇਆ ਸੀ ਵਿਆਹ : ਚਾਂਦਨੀ ਨੇ ਦੱਸਿਆ ਕਿ ਨਿਖਿਲ ਨਾਲ ਉਸ ਦਾ 5 ਸਾਲ ਪਹਿਲਾਂ ਵਿਆਹ ਹੋਇਆ ਸੀ। ਪਹਿਲਾਂ ਉਹ ਦਿਲਬਾਗ ਨਗਰ ਵਿਚ ਰਹਿੰਦੇ ਸਨ। ਬਾਅਦ ਵਿਚ ਟਰੱਸਟ ਵੈਲੀ ਵਿਚ ਆ ਕੇ ਪੇਕੇ ਘਰ ਰਹਿਣ ਲੱਗੇ। ਉਨ੍ਹਾਂ ਦੱਸਿਆ ਕਿ ਵਿਆਹ ਦੇ ਇਕ ਸਾਲ ਬਾਅਦ ਹੀ ਉਸ ਦਾ ਪਤੀ ਉਸ ਨਾਲ ਕਿਸੇ ਨਾ ਕਿਸੇ ਗੱਲ ਨੂੰ ਲੈ ਕੇ ਝਗੜਾ ਕਰਨ ਲੱਗ ਪੈਂਦਾ ਸੀ। ਸ਼ਰਾਬ ਦੇ ਨਸ਼ੇ ਵਿਚ ਉਹ ਉਸ ਤੋਂ ਪੈਸੇ ਵੀ ਮੰਗਿਆ ਕਰਦਾ ਸੀ, ਪੈਸੇ ਨਾ ਦੇਣ 'ਤੇ ਕੁੱਟ-ਮਾਰ ਕਰਦਾ ਸੀ। ਇਸ ਦੇ ਬਾਵਜੂਦ ਉਹ ਚਾਹੁੰਦੀ ਸੀ ਕਿ ਉਸ ਦਾ ਘਰ ਬਣਿਆ ਰਹੇ ਕਿਉਂਕਿ ਉਨ੍ਹਾਂ ਦਾ ਇਕ ਬੱਚਾ ਵੀ ਹੈ।