ਬੱਚੀ ਨਾਲ ਦਰਿੰਦਗੀ ਖਿਲਾਫ ਬਿਆਸ ਬੰਦ (ਵੀਡੀਓ)

12/16/2019 11:51:22 AM

ਅੰਮ੍ਰਿਤਸਰ/ਬਾਬਾ ਬਕਾਲਾ ਸਾਹਿਬ (ਸੁਮਿਤ, ਰਾਕੇਸ਼) : ਇੱਥੋਂ ਦੇ ਇਕ ਪ੍ਰਾਈਵੇਟ ਸਕੂਲ ਵਿਚ ਦੂਜੀ ਕਲਾਸ ਵਿਚ ਪੜ੍ਹਦੀ 8 ਸਾਲਾ ਮਾਸੂਮ ਬੱਚੀ ਨਾਲ 10ਵੀਂ ਦੇ ਵਿਦਿਆਰਥੀ ਵੱਲੋਂ ਜਬਰ-ਜ਼ਨਾਹ ਕਰਨ ਦੇ ਰੋਸ ਵਜੋਂ ਅੱਜ ਬਿਆਸ ਬੰਦ ਰਹੇਗਾ। ਇਸ ਘਟਨਾ ਦੇ ਰੋਸ ਵਜੋਂ ਅੱਜ ਪਰਿਵਾਰਕ ਮੈਂਬਰਾਂ, ਸਾਮਾਜਿਕ ਸੰਸਥਾਵਾਂ ਅਤੇ ਸਕੂਲੀ ਬੱਚਿਆਂ ਦੇ ਮਾਪਿਆਂ ਵੱਲੋਂ ਵੱਡੀ ਗਿਣਤੀ 'ਚ ਸਕੂਲ ਦੇ ਬਾਹਰ ਸਕੂਲ ਮੁਖੀ, ਪ੍ਰਬੰਧਕਾਂ ਅਤੇ ਡੀ.ਐੱਸ.ਪੀ. ਖਿਲਾਫ ਨਾਅਰੇਬਾਜ਼ੀ ਕੀਤੀ ਗਈ। ਉਨ੍ਹਾਂ ਕਿਹਾ ਕਿ ਸਥਾਨਕ ਪੁਲਸ, ਸਕੂਲ ਪ੍ਰਬੰਧਕਾਂ ਅਤੇ ਬਿਆਸ ਦੇ ਕੁਝ ਸਿਆਸੀ ਨੇਤਾਵਾਂ ਵੱਲੋਂ ਇਸ ਮਾਮਲੇ ਨੂੰ ਰਫਾ-ਦਫਾ ਕਰਨ ਲਈ ਪੀੜਤ ਪਰਿਵਾਰ 'ਤੇ ਰਾਜੀਨਾਮੇ ਲਈ ਦਬਾਅ ਬਣਾਇਆ ਜਾ ਰਿਹਾ ਹੈ।

PunjabKesari

ਇਸ ਮੌਕੇ ਇਕੱਤਰ ਹੋਏ ਸਕੂਲ਼ੀ ਬੱਚਿਆਂ ਦੇ ਮਾਪੇ ਨੈਸ਼ਨਲ ਹਾਈਵੇ ਅੰਮ੍ਰਿਤਸਰ-ਜਲੰਧਰ ਰੋਡ 'ਤੇ ਬੈਠ ਗਏ ਅਤੇ ਆਵਾਜਾਈ ਨੂੰ ਰੋਕ ਕੇ ਆਪਣਾ ਰੋਸ ਪ੍ਰਗਟ ਕੀਤਾ। ਉਨ੍ਹਾਂ ਕਿਹਾ ਸਾਡੇ ਬੱਚੇ ਸਕੂਲ ਦੇ ਵਿਚ ਸੁਰੱਖਿਅਤ ਨਹੀਂ ਹਨ। ਉਨ੍ਹਾਂ ਮੰਗ ਕੀਤੀ ਕਿ ਸਕੂਲ ਦੇ ਮੁਖੀ, ਪ੍ਰਬੰਧਕਾਂ ਅਤੇ ਬਾਹਰੀ ਮੈਨੇਜ਼ਮੈਂਟ ਖਿਲਾਫ ਵੀ ਪਰਚਾ ਦਰਜ ਕੀਤਾ ਜਾਵੇ ਅਤੇ ਇਸ ਸਕੂਲ ਦੀ ਮਾਨਤਾ ਨੂੰ ਰੱਦ ਕੀਤਾ ਜਾਵੇ। ਠੰਡ ਹੋਣ ਦੇ ਬਾਵਜੂਦ ਵੀ ਲੋਕ ਧਰਨੇ 'ਚ ਬੈਠੇ ਹੋਏ ਹਨ ਅਤੇ ਲੋਕਾਂ ਵੱਲੋਂ ਜੀ.ਟੀ. ਰੋਡ 'ਤੇ ਆਵਾਜਾਈ ਮੁਕੰਮਲ ਬੰਦ ਕੀਤੀ ਹੋਈ ਹੈ। 

ਸਵੇਰੇ 10 ਵਜੇ ਸਕੂਲ ਕੰਪਲੈਕਸ 'ਚ ਇਕੱਠੇ ਹੋਣ ਲੱਗੇ ਸਮਰਥਕ
ਸੋਮਵਾਰ ਨੂੰ ਸਕੂਲ ਦੇ ਬਾਹਰ ਸਵੇਰੇ 10 ਵਜੇ ਤੋਂ ਸਕੂਲ ਦੇ ਹੋਰਨਾਂ ਬੱਚਿਆਂ ਦੇ ਮਾਪੇ ਇਕੱਠੇ ਹੋਣ ਲੱਗੇ ਸਨ। ਓਧਰ ਸਕੂਲ ਮੈਨੇਜਮੈਂਟ ਦੀ ਸੂਚਨਾ 'ਤੇ ਭਾਰੀ ਪੁਲਸ ਬਲ ਤਾਇਨਾਤ ਸੀ। ਵਿਖਵਾਕਾਰੀਆਂ ਵਿਚ ਕੁਝ ਸੰਗਠਨਾਂ ਦੇ ਨੇਤਾ ਤੇ ਕੁਝ ਸਮਾਜਸੇਵੀ ਸੰਸਥਾਵਾਂ ਦੇ ਅਹੁਦੇਦਾਰ ਵੀ ਸਨ। ਬਲਦੇਵ ਸਿੰਘ ਸਿਰਸਾ, ਸਤਨਾਮ ਸਿੰਘ ਸਠਿਆਲਾ, ਅਮਰਜੀਤ ਸਿੰਘ ਅੰਬਾ, ਕਾਮਰੇਡ ਅਮਰੀਕ ਸਿੰਘ ਨੇ ਵਿਖਾਵਾਕਾਰੀਆਂ ਨੂੰ ਸੰਬੋਧਨ ਕੀਤਾ ਅਤੇ ਕਿਹਾ ਕਿ ਅੱਜ ਪੀੜਤ ਬੱਚੀ ਦਾ ਪਰਿਵਾਰ ਦਬਾਅ ਦੇ ਕਾਰਣ ਕਿਤੇ ਲੁਕ ਕੇ ਬੈਠਾ ਹੈ ਜਿਸ ਦੇ ਬਾਵਜੂਦ ਪੁਲਸ ਸਕੂਲ ਮੈਨੇਜਮੈਂਟ 'ਤੇ ਕੋਈ ਕਾਰਵਾਈ ਨਹੀਂ ਕਰ ਰਹੀ। ਪਰਿਵਾਰ 'ਤੇ ਸਮਝੌਤੇ ਦਾ ਦਬਾਅ ਵੀ ਪਾਇਆ ਜਾ ਰਿਹਾ ਹੈ। ਮਾਮਲੇ ਨੂੰ ਰਫਾ-ਦਫਾ ਕਰਨ ਲਈ ਸਕੂਲ ਮੈਨੇਜਮੈਂਟ ਬੱਚੀ ਦੇ ਪਰਿਵਾਰ 'ਤੇ ਦਬਾਅ ਪਾ ਰਹੀ ਹੈ।


72 ਘੰਟਿਆਂ 'ਚ ਮੁਲਜ਼ਮਾਂ 'ਤੇ ਹੋਵੇਗੀ ਕਾਰਵਾਈ : ਐਸ.ਐਸ.ਪੀ.
ਵਿਖਾਵਾਕਾਰੀਆਂ ਦਰਮਿਆਨ ਪਹੁੰਚੇ ਐਸ.ਐਸ.ਪੀ. (ਦਿਹਾਤੀ) ਵਿਕਰਮਜੀਤ ਦੁੱਗਲ ਨੇ ਭਰੋਸਾ ਦਿੱਤਾ ਕਿ 72 ਘੰਟਿਆਂ ਵਿਚ 'ਸਿਟ' ਦੀ ਰਿਪੋਰਟ ਆਉਣ 'ਤੇ ਮੁਲਜ਼ਮਾਂ 'ਤੇ ਕਾਰਵਾਈ ਕੀਤੀ ਜਾਵੇਗੀ। ਇਸ ਮਾਮਲੇ ਵਿਚ ਸ਼ਾਮਲ ਕਿਸੇ ਵੀ ਮੁਲਜ਼ਮ ਨੂੰ ਬਖਸ਼ਿਆ ਨਹੀਂ ਜਾਵੇਗਾ। ਉਨ੍ਹਾਂ ਦੱਸਿਆ ਕਿ ਡੀ.ਸੀ. ਵੱਲੋਂ ਬਣਾਈ 3 ਮੈਂਬਰੀ ਕਮੇਟੀ ਵੀ ਰਿਪੋਰਟ ਸੌਂਪੇਗੀ।

ਫਲੈਸ਼ ਬੈਕ
ਬਿਆਸ ਸਥਿਤ ਪ੍ਰਾਈਵੇਟ ਸਕੂਲ ਵਿਚ ਸ਼ੁੱਕਰਵਾਰ ਨੂੰ 14 ਸਾਲ ਦੇ ਵਿਦਿਆਰਥੀ ਨੇ ਬੱਚੀ ਨਾਲ ਜਬਰ-ਜ਼ਨਾਹ ਕੀਤਾ ਸੀ। ਬੱਚੀ ਦੇ ਰੋਣ 'ਤੇ ਸਕੂਲ ਮੈਨੇਜਮੈਂਟ ਨੇ ਉਸ ਦੇ ਘਰ ਫੋਨ 'ਤੇ ਸੂਚਨਾ ਦਿੱਤੀ ਸੀ। ਫਿਰ ਘਰ ਲਿਆਉਣ ਤੋਂ ਬਾਅਦ ਬੱਚੀ ਨੇ ਮਾਤਾ-ਪਿਤਾ ਨੂੰ ਰੇਪ ਬਾਰੇ ਦੱਸਿਆ। ਉਹ ਮੁੜਦੇ ਪੈਰੀਂ ਸਕੂਲ ਗਏ ਅਤੇ ਪੁਲਸ ਨੂੰ ਸ਼ਿਕਾਇਤ ਦਿੱਤੀ। ਇਸ ਤੋਂ ਬਾਅਦ ਐਸ.ਐਸ.ਪੀ. (ਦਿਹਾਤੀ) ਦੇ ਹੁਕਮ 'ਤੇ ਮੁਲਜ਼ਮ ਵਿਦਿਆਰਥੀ 'ਤੇ ਪਰਚਾ ਦਰਜ ਕਰਕੇ ਗ੍ਰਿਫਤਾਰ ਕਰ ਲਿਆ ਸੀ। ਫਿਰ ਉਸ ਨੂੰ ਅਦਾਲਤ ਦੇ ਹੁਕਮ 'ਤੇ ਯੁਵੇਨਾਈਲ ਜੇਲ ਭੇਜ ਦਿੱਤਾ ਗਿਆ ਸੀ। ਇਸ ਮਾਮਲੇ ਵਿਚ ਪੁਲਸ 'ਤੇ ਦੇਰੀ ਨਾਲ ਕਾਰਵਾਈ ਕਰਨ ਦੇ ਦੋਸ਼ ਲੱਗੇ ਸਨ। ਓਧਰ ਇਹ ਵੀ ਕਿਹਾ ਜਾ ਰਿਹਾ ਹੈ ਕਿ ਮੁਲਜ਼ਮ ਪਹਿਲਾਂ ਤੋਂ ਯੋਜਨਾ ਬਣਾ ਕੇ ਆਇਆ ਸੀ, ਜਿਸ ਤੋਂ ਬਾਅਦ ਉਸ ਨੇ ਵਾਰਦਾਤ ਕੀਤੀ।


cherry

Content Editor

Related News