ਬੇਅਦਬੀ ਕਾਂਡ ਨਾਲੋਂ ਕਾਂਗਰਸੀ ਵਿਧਾਇਕਾਂ ਨੂੰ ਆਪਣੇ ਕਾਕਿਆਂ ਦੇ ਭਵਿੱਖ ਦੀ ਵੱਧ ਚਿੰਤਾ : ਭੋਮਾ

06/19/2021 2:11:49 PM

ਅੰਮ੍ਰਿਤਸਰ (ਵਾਲੀਆ) - ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੇ ਮੀਤ ਪ੍ਰਧਾਨ ਮਨਜੀਤ ਸਿੰਘ ਭੋਮਾ ਨੇ ਕਾਂਗਰਸ ’ਤੇ ਤਿੱਖਾ ਹਮਲਾ ਬੋਲਦਿਆਂ ਕਿਹਾ ਕਿ ਪੰਜਾਬ ਦੇ ਸਾਰੇ ਕਾਂਗਰਸੀ ਧੜੇ ਬਰਗਾੜੀ ਬੇਅਦਬੀ ਕਾਂਡ, ਕੋਟਕਪੂਰਾ ਅਤੇ ਬਹਿਬਲ ਕਲਾਂ ਗੋਲੀਕਾਂਡ ਨੂੰ ਪਿੱਠ ਦੇ ਕੇ ਸੋਨੀਆ ਗਾਂਧੀ ਦੇ ਦਰਬਾਰ ’ਚ ਆਪੋ ਆਪਣੀ ਕੁਰਸੀ ਬਚਾਉਣ ਅਤੇ ਕੁਰਸੀ ਹਥਿਆਉਣ ਦੀ ਲੜਾਈ ਲੜ ਰਹੇ ਹਨ। ਮੌਕਾ ਤਾੜੂ ਵਿਧਾਇਕ ਆਪੋ ਆਪਣੇ ਕਾਕਿਆਂ ਨੂੰ ਬੇਰੋਜ਼ਗਾਰਾਂ ਦੀਆਂ ਲਾਸ਼ਾਂ ਉੱਪਰੋਂ ਲੰਘ ਕੇ ਮੁੱਖ ਮੰਤਰੀ ਨੂੰ ਬਲੈਕਮੇਲ ਕਰ ਕੇ ਵੱਡੀਆਂ ਨੌਕਰੀਆਂ ਪ੍ਰਾਪਤ ਕਰ ਰਹੇ ਹਨ। 

ਉਨ੍ਹਾਂ ਕਿਹਾ ਕਿ ਹੱਥ ’ਚ ਗੁਟਕਾ ਸਾਹਿਬ ਫੜ ਕੇ ਬੇਅਦਬੀ ਦੇ ਦੋਸ਼ੀਆਂ ਅਤੇ ਚਿੱਟੇ ਦੇ ਵਪਾਰੀਆਂ ਨੂੰ ਚਾਰ ਹਫ਼ਤਿਆਂ ’ਚ ਫੜ ਕੇ ਜੇਲ੍ਹਾਂ ’ਚ ਢੱਕਣ ਦਾ ਐਲਾਨ ਕਰਨ ਵਾਲੇ, ਘਰ-ਘਰ ਨੌਕਰੀ ਦੇਣ ਦਾ ਵਾਅਦਾ ਕਰਨ ਵਾਲੇ ਬੇਅਦਬੀ ਅਤੇ ਚਿੱਟੇ ਦੇ ਦੋਸ਼ੀਆਂ ਨੂੰ ਸ਼ਿਸਵਾਂ ਫਾਰਮ ਹਾਊਸ ’ਚ ਪਨਾਹ ਦੇਈ ਬੈਠੇ ਹਨ। ਲੱਖਾਂ ਬੇਰੋਜ਼ਗਾਰਾਂ ਦਾ ਹੱਕ ਮਾਰ ਕੇ ਵਿਧਾਇਕਾਂ ਨੇ ਆਪਣੇ ਵਿਗਡ਼ੇ ਤਿਗਡ਼ੇ ਕਾਕਿਆਂ ਨੂੰ ਉੱਚ ਨੌਕਰੀਆਂ ਦੇਣ ਦਾ ਰਾਹ ਫੜ ਲਿਆ ਹੈ। ਨੌਕਰੀਆਂ ਮੰਗ ਰਹੇ ਬੇਰੋਜ਼ਗਾਰਾਂ ’ਤੇ ਡਾਂਗਾਂ ਦਾ ਮੀਂਹ ਵਰਸਾਇਆ ਜਾ ਰਿਹਾ ਹੈ। 

ਉਨ੍ਹਾਂ ਕਿਹਾ ਕਿ ਕਾਂਗਰਸੀ ਵਿਧਾਇਕਾਂ ’ਚ ਸੱਤਾ ਅਤੇ ਉੱਚ ਨੌਕਰੀਆਂ ਦੀ ਖੋਹਮਾਈ ਪਈ ਹੋਈ ਹੈ। ਜਿਹੜਾ ਮੁੱਖ ਮੰਤਰੀ ਵਿਧਾਇਕਾਂ ਦੀ ਸ਼ਕਲ ਤੱਕ ਵੇਖਣਾ ਪਸੰਦ ਨਹੀਂ ਕਰਦਾ ਸੀ। ਉਸ ਦੇ ਫਾਰਮ ਹਾਊਸ ’ਤੇ ਵਿਧਾਇਕਾਂ ਲਈ ਨੋ-ਐਂਟਰੀ ਦੇ ਬੋਰਡ ਲੱਗੇ ਸਨ। ਉਹੋ ਹੁਣ ਮਰਦੀ ਨੇ ਅੱਕ ਚੱਬਿਆਂ ਹਾਰ ਕੇ ਵਿਧਾਇਕ ਜੇਠਾਂ ਨਾਲ ਲਾਈਆਂ! ਕਦੇ ਵਿਧਾਇਕਾਂ ਨੂੰ ਬ੍ਰੇਕ ਫਾਸਟ, ਲੰਚ ਅਤੇ ਡਿਨਰ ਪਰੋਸੇ ਜਾ ਰਹੇ ਹਨ, ਹੁਣ ਵਿਧਾਇਕਾਂ ਦੀਆਂ ਹਾੜ ’ਚ ਤੀਆਂ ਲੱਗੀਆਂ ਪਾਈਆਂ ਹਨ।

ਦੂਜੇ ਪਾਸੇ ਸਾਰੇ ਕਾਂਗਰਸੀ ਵਿਧਾਇਕਾਂ ਨਾਲੋਂ ਵਿਧਾਇਕ ਪ੍ਰਗਟ ਸਿੰਘ ਦਾ ਇਕੱਲੇ ਦਾ ਮੁੱਲ ਅਤੇ ਭਾਰ ਕਿਤੇ ਜ਼ਿਆਦਾ ਹੈ। ਉਨ੍ਹਾਂ ਪੰਜਾਬ ਸਰਕਾਰ ’ਤੇ ਵਰ੍ਹਦਿਆਂ ਕਿਹਾ ਕਿ ਤੁਹਾਡਾ ਹਾਲ ਬਾਦਲਕਿਆਂ ਵਰਗਾ ਹੋ ਗਿਆ ਹੈ, ਹੁਣ ਤਾਂ ਕੈਪਟਨ ਅਮਰਿੰਦਰ ਸਿੰਘ ਅਤੇ ਬਾਦਲਕਿਆਂ ਨੂੰ ਆਪੋ-ਆਪਣੀਆਂ ਪਾਰਟੀਆਂ ਭੰਗ ਕਰ ਕੇ ਇਕੋ ਪਾਰਟੀ ਬਣਾ ਲੈਣੀ ਚਾਹੀਦੀ ਹੈ, ਕਿਉਂਕਿ ਦੋਵਾਂ ਘਰਾਣਿਆਂ ਅਤੇ ਪਾਰਟੀਆਂ ਨੇ ਪੰਜਾਬ ਤੇ ਪੰਥ ਪੱਖੀ ਮੁੱਦਿਆਂ ਦਾ ਭੋਗ ਪਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੇ ਪ੍ਰਧਾਨ ਸੁਖਦੇਵ ਸਿੰਘ ਢੀਂਡਸਾ ਦੀ ਅਗਵਾਈ ਹੇਠ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਪੰਜਾਬ ਅਤੇ ਸਿੱਖ ਕੌਮ ਦੇ ਮੁੱਦਿਆਂ ’ਤੇ ਪਹਿਰਾ ਦੇ ਕੇ 2022 ਦੀਆਂ ਵਿਧਾਨ ਸਭਾ ਚੋਣਾਂ ’ਚ ਭਾਰੀ ਬਹੁਮਤ ਨਾਲ ਆਪਣੀ ਸਰਕਾਰ ਬਣਾਏਗਾ।


rajwinder kaur

Content Editor

Related News