ਜੇਕਰ ਤੁਹਾਨੂੰ ਵੀ ਆਉਂਦੀ ਹੈ ਇਸ ਨੰਬਰ ਤੋਂ ਕਾਲ ਤਾਂ ਹੋ ਜਾਓ ਸਾਵਧਾਨ, ਤੁਹਾਡੇ ਨਾਲ ਵੀ ਹੋ ਸਕਦਾ ਹੈ ਅਜਿਹਾ

Saturday, Jun 10, 2017 - 07:04 PM (IST)

ਜੇਕਰ ਤੁਹਾਨੂੰ ਵੀ ਆਉਂਦੀ ਹੈ ਇਸ ਨੰਬਰ ਤੋਂ ਕਾਲ ਤਾਂ ਹੋ ਜਾਓ ਸਾਵਧਾਨ, ਤੁਹਾਡੇ ਨਾਲ ਵੀ ਹੋ ਸਕਦਾ ਹੈ ਅਜਿਹਾ

ਜਲੰਧਰ— ਇਨੀਂ ਦਿਨੀਂ ਕੁਝ ਸ਼ਰਾਰਤੀ ਤੱਤਾਂ ਵੱਲੋਂ ਲੋਕਾਂ ਦੇ ਮੋਬਾਇਲ 'ਤੇ ਫੋਨ ਕਰਕੇ ਬੈਂਕਾਂ ਅਤੇ ਏ. ਟੀ. ਐੱਮ. ਕਾਰਡ ਸੰਬੰਧੀ ਜਾਣਕਾਰੀ ਲੈ ਕੇ ਠੱਗੀ ਮਾਰਨ ਦੇ ਮਾਮਲੇ ਲਗਾਤਾਰ ਵੱਧਦੇ ਜਾ ਰਹੇ ਹਨ। ਅਜਿਹਾ ਹੀ ਤਾਜ਼ਾ ਮਾਮਲਾ ਜਲੰਧਰ ਦਾ ਸਾਹਮਣੇ ਆਇਆ ਹੈ। ਜਲੰਧਰ ਦੇ ਖੋਦੀਆਂ ਮੁਹੱਲਾ ਦੇ ਰਹਿਣ ਵਾਲੇ ਉੱਤਮ ਨੂੰ ਸ਼ਨੀਵਾਰ ਸਵੇਰੇ 9 ਵਜੇ ਦੇ ਕਰੀਬ 72818-60216 ਇਸ ਨੰਬਰ ਤੋਂ ਫੋਨ ਆਇਆ। ਫੋਨ ਕਰਨ ਵਾਲੇ ਵਿਅਕਤੀ ਨੇ ਉੱਤਮ ਨੂੰ ਕਿਹਾ ਕਿ ਤੁਹਾਡੇ ਏ. ਟੀ. ਐੱਮ. ਕਾਰਡ ਦੀ ਮਿਆਦ ਖਤਮ ਹੋਣ ਵਾਲੀ ਹੈ, ਜਿਸ ਕਾਰਨ ਤੁਹਾਡਾ ਕਾਰਡ ਜਲਦੀ ਹੀ ਬੰਦ ਹੋ ਜਾਵੇਗਾ ਅਤੇ ਕਿਹਾ ਕਿ ਆਪਣੇ ਏ. ਟੀ. ਐਮ. ਸੰਬੰਧੀ ਸਾਰੀ ਜਾਣਕਾਰੀ ਦਿਓ ਤਾਂਕਿ ਤੁਹਾਨੂੰ ਇਸ ਦੀ ਸਹੂਲਤ ਲਗਾਤਾਰ ਮਿਲਦੀ ਰਹੇ। 
ਇਹ ਗੱਲ ਸੁਣ ਕੇ ਉੱਤਮ ਨੇ ਉਸ ਸ਼ਖਸ ਨੂੰ ਆਪਣਾ ਏ. ਟੀ. ਐੱਮ. ਕਾਰਡ ਸੰਬੰਧੀ ਪੂਰੀ ਜਾਣਕਾਰੀ ਦਿੱਤੀ। ਇਸ ਦੇ ਥੋੜ੍ਹੀ ਹੀ ਦੇਰ ਬਾਅਦ ਉੱਤਮ ਦੇ ਬੈਂਕ ਖਾਤੇ 'ਚੋਂ 7200 ਰੁਪਏ ਨਿਕਲ ਗਏ। ਇਸ ਗੱਲ ਦਾ ਪਤਾ ਲੱਗਣ 'ਤੇ ਤੁਰੰਤ ਉੱਤਮ ਨੇ ਇਸ ਦੀ ਸ਼ਿਕਾਇਤ ਚਾਰ ਨੰਬਰ ਥਾਣੇ 'ਚ ਕੀਤੀ। ਸ਼ਿਕਾਇਤ ਕਰਨ ਤੋਂ ਬਾਅਦ ਉੱਤਮ ਨੂੰ ਏ. ਐੱਸ. ਆਈ. ਅਰੁਣ ਕੁਮਾਰ ਨੇ ਚਾਰ ਦਿਨਾਂ ਬਾਅਦ ਆਉਣ ਲਈ ਕਿਹਾ ਹੈ। ਅਖੀਰ 'ਚ ਇਹ ਦੱਸਣਾ ਜ਼ਰੂਰੀ ਹੈ ਕਿ ਜੇਕਰ ਤੁਹਾਨੂੰ ਵੀ ਇਸ ਨੰਬਰ ਤੋਂ ਕੋਈ ਫੋਨ ਆਉਂਦਾ ਹੈ ਤਾਂ ਤੁਸੀਂ ਵੀ ਸਾਵਧਾਨੀ ਵਰਤੋਂ ਅਤੇ ਕਿਸੇ ਨੂੰ ਵੀ ਬੈਂਕ ਅਤੇ ਏ. ਟੀ. ਐੱਮ. ਸੰਬੰਧੀ ਕੋਈ ਵੀ ਜਾਣਕਾਰੀ ਨਾ ਦਿਓ।


Related News