ਪੰਜਾਬ ਦਾ ਇਹ ਮਸ਼ਹੂਰ ਪੁਲ ਵੱਡੇ ਵਾਹਨਾਂ ਦੀ ਆਵਾਜਾਈ ਲਈ BBMB ਨੇ ਕੀਤਾ ਬੰਦ, ਜਾਣੋ ਕੀ ਰਿਹਾ ਕਾਰਨ

Monday, Aug 19, 2024 - 06:58 PM (IST)

ਸ੍ਰੀ ਕੀਰਤਪੁਰ ਸਾਹਿਬ (ਬਾਲੀ)-ਬੀ. ਬੀ. ਐੱਮ. ਬੀ. ਵੱਲੋਂ ਪਿੰਡ ਕਲਿਆਣਪੁਰ ਲੋਹੰਡ ਖੱਡ ਨੂੰ ਜਾਣ ਲਈ ਭਾਖੜਾ ਨਹਿਰ 'ਤੇ ਬਣਾਏ ਗਏ ਪੁਲ ਦੀ ਸੁਰੱਖਿਆ ਲਈ ਇਸ ਉਪਰੋਂ ਵੱਡੇ ਅਤੇ ਓਵਰਲੋਡ ਵਾਹਨਾਂ ਦੀ ਆਵਾਜਾਈ ਨੂੰ ਪੁਲ ਦੇ ਵਿਚਕਾਰ ਰੋਕ ਲਗਾ ਕੇ ਬੰਦ ਕਰ ਦਿੱਤਾ ਗਿਆ ਹੈ। ਜ਼ਿਕਰਯੋਗ ਹੈ ਕਿ ਲੋਹੰਡ ਖੱਡ ਵਿਚ ਪੰਜਾਬ ਨਾਲ ਸਬੰਧਤ ਪਿੰਡ ਕਲਿਆਣਪੁਰ, ਡਾਢੀ, ਦਬੂੜ, ਦੇਹਣੀ ਆਦਿ ਦੀ ਜ਼ਮੀਨ ’ਤੇ ਖੱਡ ਪੈਂਦੀ ਹੈ ਅਤੇ ਇਸ ਦੇ ਨਾਲ ਹੀ ਹਿਮਾਚਲ ਪ੍ਰਦੇਸ਼ ਦੇ ਕਈ ਪਿੰਡ ਵੀ ਲੱਗਦੇ ਹਨ। ਲੋਹੰਡ ਖੱਡ ਵਿਚ ਪੈਂਦੇ ਪੰਜਾਬ ਅਤੇ ਹਿਮਾਚਲ ਪ੍ਰਦੇਸ਼ ਦੇ ਇਲਾਕੇ ਦੀ ਖੱਡ ਵਿਚੋਂ ਮਾਈਨਿੰਗ ਦਾ ਕੰਮ ਕਰਨ ਵਾਲੇ ਵਿਅਕਤੀ ਛੋਟੇ ਖਣਿਜ ਪਦਾਰਥਾਂ ਦੀ ਪੁਟਾਈ ਕਰਕੇ ਇਨ੍ਹਾਂ ਨੂੰ ਆਪਣੇ ਟਿੱਪਰਾਂ ਵਿਚ ਲੋਡ ਕਰਕੇ ਰਾਤ ਸਮੇਂ ਸ੍ਰੀ ਕੀਰਤਪੁਰ ਸਾਹਿਬ ਅਤੇ ਭਰਤਗੜ੍ਹ ਇਲਾਕੇ ਵਿਚ ਲੱਗੇ ਵੱਖ-ਵੱਖ ਸਟੋਨ ਕਰੈਸ਼ਰਾਂ ਉੱਪਰ ਸੁੱਟਦੇ ਹਨ। ਲੋਹੰਡ ਖੱਡ ਤੋਂ ਬਾਹਰ ਜਾਣ ਲਈ ਟਿੱਪਰ ਚਾਲਕਾਂ ਨੂੰ ਭਾਖੜਾ ਨਹਿਰ ਦੇ ਪੁਲ ਉੱਪਰ ਤੋਂ ਲੰਘਣਾ ਪੈਂਦਾ ਹੈ।
ਭਾਖੜਾ ਨਹਿਰ ਦੇ ਬਣਨ ਸਮੇਂ ਬਣਾਏ ਗਏ ਇਸ ਪੁਲ ਦੀ ਇਸ ਸਮੇਂ ਕਾਫ਼ੀ ਖ਼ਸਤਾ ਹਾਲਤ ਹੋ ਚੁੱਕੀ ਹੈ ਅਤੇ ਪੁਲ ਦੀ ਵਜਨ ਚੁੱਕਣ ਦੀ ਜਿੰਨੀ ਸਮਰੱਥਾ ਹੈ ਉਸ ਤੋਂ ਕਿਤੇ ਵੱਧ ਵਜਨ ਚੁੱਕ ਕੇ ਟਿੱਪਰ ਇਸ ਤੋਂ ਲੰਘਦੇ ਹਨ, ਜਿਸ ਕਾਰਨ ਪੁਲ ਦੇ ਟੁੱਟਣ ਦਾ ਖ਼ਤਰਾ ਬਣਿਆ ਹੋਇਆ ਹੈ।

ਇਹ ਵੀ ਪੜ੍ਹੋ- ਪੰਜਾਬ ਤੋਂ ਵੱਡੀ ਖ਼ਬਰ: ਜੰਗਲ 'ਚੋਂ ਮਿਲੀ ਮੁੰਡੇ-ਕੁੜੀ ਦੀ ਲਾਸ਼, ਹਾਲਤ ਵੇਖ ਪੁਲਸ ਰਹਿ ਗਈ ਹੈਰਾਨ

ਬੀ. ਬੀ. ਐੱਮ. ਬੀ. ਵੱਲੋਂ ਲੋਹੰਡ ਖੱਡ ਵਾਲੇ ਪੁਲ ਦੀ ਸੁਰੱਖਿਆ ਕਰਨ ਲਈ ਇਸ ਉਪਰੋਂ ਭਾਰੀ ਵਾਹਨਾਂ ਦੀ ਆਵਾਜਾਈ ਨੂੰ ਰੋਕਣ ਲਈ ਕਈ ਮਹੀਨੇ ਪਹਿਲਾਂ ਬੋਰਡ ਵੀ ਲਗਾਇਆ ਸੀ, ਜਿਸ 'ਤੇ ਸਾਫ਼ ਲਿਖਿਆ ਗਿਆ ਸੀ ਕਿ ਇਸ ਪੁਲ ਤੋਂ ਭਾਰੀ ਵਾਹਨਾਂ ਦਾ ਲੰਘਣਾ ਸਖ਼ਤ ਮਨ੍ਹਾ ਹੈ। ਇਸ ਪੁਲ ਤੋਂ ਵੱਡੇ ਓਵਰਲੋਡ ਵਾਹਨਾਂ ਦੀ ਆਵਾਜਾਈ ਨੂੰ ਰੋਕਣ ਲਈ ਬੀ. ਬੀ. ਐੱਮ. ਬੀ. ਵੱਲੋਂ ਆਪਣਾ ਇਕ ਕਰਮਚਾਰੀ ਪਿੰਡ ਕਲਿਆਣਪੁਰ ਲੋਹੰਡ ਪੁਲ 'ਤੇ ਤਾਇਨਾਤ ਕੀਤਾ ਗਿਆ ਸੀ, ਜੋਕਿ ਦਿਨ ਸਮੇਂ ਆਪਣੀ ਡਿਊਟੀ ਸਮਾਪਤ ਹੋਣ ਤੋਂ ਬਾਅਦ ਆਪਣੇ ਘਰ ਨੂੰ ਚਲਾ ਜਾਂਦਾ ਸੀ ਅਤੇ ਉਸ ਦੇ ਜਾਣ ਤੋਂ ਬਾਅਦ ਰਾਤ ਸਮੇਂ ਲੋਹੰਡ ਖੱਡ ਵਿਚੋਂ ਵੱਡੀ ਗਿਣਤੀ ਵਿਚ ਟਿੱਪਰ ਛੋਟੇ ਖਣਿਜ ਪਦਾਰਥ ਲਿਆ ਕੇ ਪੁਲ ਤੋਂ ਲੰਘਦੇ ਸਨ, ਜਿਸ ਕਾਰਨ ਪੁਲ ਦੀ ਦਿਨ ਪ੍ਰਤੀ ਦਿਨ ਖ਼ਸਤਾ ਹਾਲਤ ਹੁੰਦੀ ਜਾ ਰਹੀ ਸੀ।

PunjabKesari

ਪੁਲ ਉਤੋਂ ਓਵਰਲੋਡ ਮਾਈਨਿੰਗ ਮਟੀਰੀਅਲ ਲੈ ਕੇ ਲੰਘਦੇ ਟਿੱਪਰਾਂ ਤੋਂ ਪੁਲ ਦੀ ਸੁਰੱਖਿਆ ਦੇ ਲਈ ਬੀ. ਬੀ. ਐੱਮ. ਬੀ. ਦੇ ਅਧਿਕਾਰੀ ਕਾਫ਼ੀ ਪਰੇਸ਼ਾਨ ਸਨ ਅਤੇ ਉਨ੍ਹਾਂ ਵੱਲੋਂ ਪੁਲ ਤੋਂ ਵੱਡੇ ਵਾਹਨਾਂ ਦੀ ਆਵਾਜਾਈ ਨੂੰ ਰੋਕਣ ਲਈ ਪੁਲ ਦੇ ਵਿਚਕਾਰ ਮਿੱਟੀ ਅਤੇ ਪੱਥਰਾਂ ਦੀ ਰੋਕ ਲਗਾ ਕੇ ਵੱਡੇ ਵਾਹਨਾਂ ਦੀ ਆਵਾਜਾਈ ਨੂੰ ਰੋਕ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ-ਰੱਖੜੀ ਦੇ ਦਿਨ ਪੰਜਾਬ 'ਚ ਵੱਡਾ ਹਾਦਸਾ, ਹਾਈਵੇਅ 'ਤੇ ਪਲਟੀ ਸਵਾਰੀਆਂ ਨਾਲ ਭਰੀ ਬੱਸ, ਮਚਿਆ ਚੀਕ-ਚਿਹਾੜਾ

ਇਸ ਗੱਲ ਦੀ ਪੁਸ਼ਟੀ ਕਰਦੇ ਹੋਏ ਬੀ. ਬੀ. ਐੱਮ. ਬੀ. ਦੇ ਐੱਸ. ਡੀ. ਓ. ਨਵਪ੍ਰੀਤ ਸਿੰਘ ਨੇ ਦੱਸਿਆ ਕਿ ਲੋਹੰਡ ਖੱਡ ਨੂੰ ਆਉਣ ਜਾਣ ਲਈ ਭਾਖੜਾ ਨਹਿਰ 'ਤੇ ਜੋ ਪੁਲ ਬਣਿਆ ਹੋਇਆ ਸੀ, ਉਸ ਪੁਲ ਦੀ ਸਮਰੱਥਾ ਤੋਂ ਵੱਧ ਓਵਰਲੋਡ ਟਿੱਪਰ ਮਾਲ ਲੈ ਕੇ ਇਸ ਉਪਰੋਂ ਲੰਘਦੇ ਸਨ, ਜਿਸ ਕਾਰਨ ਪੁਲ ਟੁੱਟਣ ਦਾ ਖ਼ਤਰਾ ਬਣਿਆ ਹੋਇਆ ਸੀ। ਇਸ ਸਬੰਧੀ ਬੀ. ਬੀ. ਐੱਮ. ਬੀ. ਵੱਲੋਂ ਪੁਲ ਤੋਂ ਭਾਰੀ ਵਾਹਨਾਂ ਦੀ ਰੋਕ ਸਬੰਧੀ ਬੋਰਡ ਵੀ ਲਗਾ ਰੱਖਿਆ ਸੀ ਪਰ ਇਸ ਦੇ ਬਾਵਜੂਦ ਵੀ ਇਸ ਪੁਲ ਤੋਂ ਵੱਡੇ ਅਤੇ ਓਵਰਲੋਡ ਵਾਹਨ ਲੰਘ ਰਹੇ ਸਨ। ਪੁਲ ਤੋਂ ਵੱਡੇ ਓਵਰਲੋਡ ਵਾਹਨ ਲੰਘਣ ਸਬੰਧੀ ਪ੍ਰਿੰਟ ਮੀਡੀਆ ਵਿਚ ਕਈ ਵਾਰ ਖ਼ਬਰਾਂ ਵੀ ਪ੍ਰਕਾਸ਼ਿਤ ਹੋਈਆਂ ਸਨ। ਅਖੀਰ ਵਿਚ ਸਾਡੇ ਵੱਲੋਂ ਇਸ ਸਮੱਸਿਆ ਨੂੰ ਵੇਖਦੇ ਹੋਏ ਪੁਲ ਦੇ ਵਿਚਕਾਰ ਰੋਕ ਲਗਾ ਕੇ ਵੱਡੇ ਵਾਹਨਾਂ ਦੀ ਆਵਾਜਾਈ ਨੂੰ ਬੰਦ ਕਰ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ- ਪੰਜਾਬ 'ਚ ਵੱਡੀ ਵਾਰਦਾਤ, ਨੌਜਵਾਨ ਦਾ ਸ਼ਰੇਆਮ ਗੋਲ਼ੀਆਂ ਮਾਰ ਕੇ ਕਤਲ, ਮਾਪਿਆਂ ਦਾ ਸੀ ਇਕਲੌਤਾ ਪੁੱਤ
 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ

 


shivani attri

Content Editor

Related News