BBC ਨੇ ਇਨਕਮ ਟੈਕਸ ਰਿਟਰਨ ’ਚ ਘੱਟ ਦਿਖਾਏ 40 ਕਰੋੜ ਰੁਪਏ, ਹੁਣ ਪੈਸੇ ਜਮ੍ਹਾ ਕਰਨ ਲਈ ਹੋਇਆ ਤਿਆਰ
Thursday, Jun 08, 2023 - 12:20 AM (IST)
ਜਲੰਧਰ (ਇੰਟ.) : ਬ੍ਰਿਟਿਸ਼ ਬ੍ਰਾਡਕਾਸਟਿੰਗ ਕਾਰਪੋਰੇਸ਼ਨ (ਬੀ. ਬੀ. ਸੀ.) ਨੇ ਭਾਰਤ ਵਿਚ ਇਨਕਮ ਟੈਕਸ ਰਿਟਰਨ ਵਿਚ ਗਲਤ ਜਾਣਕਾਰੀ ਦੇਣ ਦੀ ਗੱਲ ਸਵੀਕਾਰ ਕਰ ਲਈ ਹੈ। ਇਕ ਮੀਡੀਆ ਰਿਪੋਰਟ ਵਿਚ ਸੂਤਰਾਂ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਵਿਭਾਗ ਨੂੰ ਭੇਜੀ ਈਮੇਲ ਵਿਚ ਇਸ ਗਲਤ ਜਾਣਕਾਰੀ ਦੀ ਭਰਪਾਈ ਲਈ ਬੀ. ਬੀ. ਸੀ. ਨੇ 40 ਕਰੋੜ ਰੁਪਏ ਜਮ੍ਹਾ ਕਰਨ ਦੀ ਅਰਜ਼ੀ ਵੀ ਦਾਖਲ ਕੀਤੀ ਹੈ। ਇਸੇ ਸਾਲ ਫਰਵਰੀ ਵਿਚ ਇਨਟਮ ਟੈਕਸ ਵਿਭਾਗ ਨੇ ਬੀ. ਬੀ. ਸੀ. ਦੇ ਦਿੱਲੀ ਅਤੇ ਮੁੰਬਈ ਸਥਿਤ ਦਫਤਰਾਂ ਵਿਚ ਛਾਪੇਮਾਰੀ ਕੀਤੀ ਸੀ। ਰਿਪੋਰਟ ਮੁਤਾਬਕ ਇਸ ਪੂਰੇ ਮਾਮਲੇ ਦੀ ਜਾਣਕਾਰੀ ਰੱਖਣ ਵਾਲੇ 2 ਅਧਿਕਾਰੀਆਂ ਨੇ ਨਾਂ ਜਨਤਕ ਨਾ ਕਰਨ ਦੀ ਸ਼ਰਤ ’ਤੇ ਇਹ ਗੱਲ ਦੱਸੀ ਹੈ।
ਇਹ ਵੀ ਪੜ੍ਹੋ : ਬਰਲਟਨ ਪਾਰਕ ਸਪੋਰਟਸ ਹੱਬ ਨੂੰ ਲੈ ਕੇ ਨਵੇਂ ਲੋਕਲ ਬਾਡੀਜ਼ ਮੰਤਰੀ ’ਤੇ ਟਿਕੀਆਂ ਸਭ ਦੀਆਂ ਨਜ਼ਰਾਂ
ਬੀ. ਬੀ. ਸੀ. ਨੇ ਵਿਭਾਗ ਨੂੰ ਭੇਜੀ ਈਮੇਲ
ਅਧਿਕਾਰੀਆਂ ਮੁਤਾਬਕ ਵਿਭਾਗ ਨੂੰ ਭੇਜੀ ਗਈ ਇਕ ਈਮੇਲ ਵਿਚ ਬੀ. ਬੀ. ਸੀ. ਨੇ ਇਨਕਮ ਨੂੰ ਘੱਟ ਕਰ ਕੇ ਦਿਖਾਉਣ ਦੀ ਗੱਲ ਕਬੂਲ ਕੀਤੀ ਹੈ, ਜੋ ਟੈਕਸ ਚੋਰੀ ਦੀ ਸ਼੍ਰੇਣੀ ਵਿਚ ਅਾ ਸਕਦੀ ਹੈ। ਇਸ ਵਿਚ ਵਸੂਲੀ ਦੇ ਨਾਲ-ਨਾਲ ਜੁਰਮਾਨਾ ਵੀ ਲੱਗਦਾ ਹੈ। ਇਕ ਅਧਿਕਾਰੀ ਨੇ ਕਿਹਾ ਕਿ ਬੀ. ਬੀ. ਸੀ. ਨੂੰ ਸੋਧੀ ਰਿਟਰਨ ਦਾਖਲ ਕਰਨ ਅਤੇ ਸਾਰੇ ਬਕਾਇਆ, ਦੰਡ ਅਤੇ ਵਿਆਜ ਦਾ ਭੁਗਤਾਨ ਕਰਨ ਲਈ ਰਸਮੀ ਰਸਤਾ ਅਪਣਾਉਣਾ ਚਾਹੀਦਾ ਹੈ।
ਸੋਧੀ ਹੋਈ ਰਿਟਰਨ ਜ਼ਰੂਰੀ
ਇਕ ਸੀਨੀਅਰ ਅਧਿਕਾਰੀ ਮੁਤਾਬਕ ਬੀ. ਬੀ. ਸੀ. ਨੇ ਕੇਂਦਰੀ ਪ੍ਰਤੱਖ ਟੈਕਸ ਬੋਰਡ (ਸੀ. ਬੀ. ਡੀ. ਟੀ.) ਨੂੰ ਇਕ ਈਮੇਲ ਭੇਜੀ ਸੀ, ਜਿਸ ਵਿਚ ਇਹ ਸਵੀਕਾਰ ਕੀਤਾ ਗਿਆ ਸੀ ਕਿ ਉਸ ਨੇ ਆਪਣੇ ਟੈਕਸ ਰਿਟਰਨ ਵਿਚ ਲਗਭਗ 40 ਕਰੋੜ ਰੁਪਏ ਦੀ ਇਨਕਮ ਘੱਟ ਦੱਸੀ ਸੀ। ਅਧਿਕਾਰੀ ਨੇ ਕਿਹਾ ਕਿ ਈਮੇਲ ਦੀ ਕੋਈ ਕਾਨੂੰਨੀ ਮਾਨਤਾ ਨਹੀਂ ਹੈ। ਬੀ. ਬੀ. ਸੀ. ਨੂੰ ਇਸ ਵਿਚ ਗੰਭੀਰਤਾ ਦਿਖਾਉਣ ਲਈ ਇਕ ਸੋਧੀ ਰਿਟਰਨ ਦਾਖਲ ਕਰਨ ਦੀ ਲੋੜ ਹੈ।
ਵਿਵਾਦਾਂ ’ਚ ਰਹੀ ਹੈ ਇਨਕਮ ਟੈਕਸ ਵਿਭਾਗ ਦੀ ਛਾਪੇਮਾਰੀ
ਉਥੇ ਹੀ ਦੂਜੇ ਅਧਿਕਾਰੀ ਨੇ ਕਿਹਾ ਕਿ ਦੇਸ਼ ਦਾ ਕਾਨੂੰਨ ਸਾਰਿਆਂ ਲਈ ਬਰਾਬਰ ਹੈ ਅਤੇ ਮੀਡੀਆ ਕੰਪਨੀ ਜਾਂ ਵਿਦੇਸ਼ੀ ਸੰਸਥਾ ਲਈ ਕੋਈ ਵਿਸ਼ੇਸ਼ ਛੋਟ ਨਹੀਂ ਹੈ। ਉਨ੍ਹਾਂ ਕਿਹਾ ਕਿ ਬੀ. ਬੀ. ਸੀ. ਨੂੰ ਦੱਸੀ ਗਈ ਪ੍ਰਕਿਰਿਆ ਮੁਤਾਬਕ ਕੰਮ ਕਰਨਾ ਚਾਹੀਦਾ ਹੈ ਜਾਂ ਕਾਨੂੰਨ ਦਾ ਸਾਹਮਣਾ ਕਰਨਾ ਚਾਹੀਦਾ ਹੈ। ਮਾਮਲੇ ਦੇ ਤਰਕਪੂਰਨ ਨਤੀਜੇ ਤੱਕ ਪੁੱਜਣ ਤੱਕ ਵਿਭਾਗ ਇਸ ਖਿਲਾਫ ਕਾਰਵਾਈ ਕਰਦਾ ਰਹੇਗਾ। ਜ਼ਿਕਰਯੋਗ ਹੈ ਕਿ ਇਨਕਮ ਟੈਕਸ ਵਿਭਾਗ ਦੇ ਛਾਪੇ ਤੋਂ ਕੁਝ ਹੀ ਦਿਨ ਪਹਿਲਾਂ ਬੀ. ਬੀ. ਸੀ. ਦੀ ਗੁਜਰਾਤ ਦੰਗਿਆਂ ’ਤੇ ਆਧਾਰਿਤ ਇਕ ਡਾਕੂਮੈਂਟਰੀ ਕਾਫੀ ਵਿਵਾਦਾਂ ਵਿਚ ਰਹੀ ਸੀ। ਕਈ ਪੱਖਾਂ ਨੇ ਉਦੋਂ ਇਨਕਮ ਟੈਕਸ ਵਿਭਾਗ ਦੇ ਛਾਪੇ ਨੂੰ ਸਰਕਾਰ ਵਲੋਂ ਇਕ ਬਦਲੇ ਦੀ ਕਾਰਵਾਈ ਦੱਸਿਆ ਸੀ। ਅਧਿਕਾਰੀ ਨੇ ਕਿਹਾ ਕਿ ਹੁਣ ਉਨ੍ਹਾਂ ਗੈਰ-ਰਸਮੀ ਤੌਰ ’ਤੇ ਸਵੀਕਾਰ ਕੀਤਾ ਹੈ ਕਿ ਉਹ ਜਾਣਬੁੱਝ ਕੇ ਟੈਕਸ ਚੋਰੀ ਵਿਚ ਸ਼ਾਮਲ ਸਨ ਅਤੇ ਕਾਰਵਾਈ ਉਨ੍ਹਾਂ ਦੇ ਬੇਈਮਾਨ ਵਤੀਰੇ ਖਿਲਾਫ ਸੀ।
ਇਹ ਵੀ ਪੜ੍ਹੋ : ਅਮਰੀਕਾ ਹੀ ਨਹੀਂ, ਸਗੋਂ ਦੁਨੀਆ ਭਰ ਦੇ ਪ੍ਰਵਾਸੀ ਭਾਰਤੀ ਰਾਹੁਲ ਗਾਂਧੀ ਦੀ ‘ਭਾਰਤ ਜੋੜੋ’ ਯਾਤਰਾ ਤੋਂ ਪ੍ਰਭਾਵਿਤ : ਗਿਲਜੀਆਂ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।