ਬਠਿੰਡਾ : ਖੂਨ ਹੋਇਆ ਚਿੱਟਾ, ਪੁੱਤ ਹੀ ਨਿਕਲਿਆ ਮਾਂ ਦਾ ਕਾਤਲ

Tuesday, Aug 20, 2019 - 04:37 PM (IST)

ਬਠਿੰਡਾ : ਖੂਨ ਹੋਇਆ ਚਿੱਟਾ, ਪੁੱਤ ਹੀ ਨਿਕਲਿਆ ਮਾਂ ਦਾ ਕਾਤਲ

ਬਠਿੰਡਾ (ਅਮਿਤ ਸ਼ਰਮਾ,ਵਰਮਾ) : ਕਲਯੁੱਗੀ ਬੇਟਾ ਹੀ ਮਾਂ ਦਾ ਕਾਤਲ ਨਿਕਲਿਆ ਕਿਉਂਕਿ ਉਸ ਨੂੰ ਆਪਣੀ ਮਾਂ ਦੇ ਚਰਿੱਤਰ 'ਤੇ ਸ਼ੱਕ ਸੀ। 16 ਅਗਸਤ ਦੀ ਰਾਤ ਮਾਂ ਸੁਖਪਾਲ ਕੌਰ (55) ਦੀ ਘੋਟਣਾ ਮਾਰ ਕੇ ਹੱਤਿਆ ਕਰਨ ਵਾਲੇ ਨੂੰ ਪੁਲਸ ਨੇ ਗ੍ਰਿਫਤਾਰ ਕਰ ਕੇ ਇਸਦਾ ਖੁਲਾਸਾ ਕੀਤਾ ਹੈ। ਪ੍ਰੈੱਸ ਕਾਨਫਰੰਸ 'ਚ ਐੱਸ. ਐੱਸ. ਪੀ. ਬਠਿੰਡਾ ਡਾ. ਨਾਨਕ ਸਿੰਘ ਨੇ ਕਿਹਾ ਕਿ 16 ਅਗਸਤ ਨੂੰ ਪੁਲਸ ਨੂੰ ਸੂਚਨਾ ਮਿਲੀ ਸੀ ਕਿ ਇਕ ਬਜ਼ੁਰਗ ਔਰਤ ਦੀ ਘੋਟਣਾ ਮਾਰ ਕੇ ਹੱਤਿਆ ਕਰ ਦਿੱਤੀ ਹੈ ਤਾਂ ਪੁਲਸ ਨੇ ਅਣਪਛਾਤੇ ਵਿਅਕਤੀਆਂ 'ਤੇ ਮਾਮਲਾ ਦਰਜ ਕਰ ਲਿਆ ਸੀ। ਐੱਸ. ਐੱਸ. ਪੀ. ਨੇ ਦੱਸਿਆ ਕਿ ਕੋਈ ਹੋਰ ਨਹੀਂ, ਸਗੋਂ ਉਸਦਾ ਆਪਣਾ ਬੇਟਾ ਹੀ ਕਾਤਲ ਸੀ, ਜਿਸ ਨੇ ਆਪਣੇ ਦੋਸਤਾਂ ਨਾਲ ਮਿਲ ਕੇ ਇਸ ਘਟਨਾ ਨੂੰ ਅੰਜਾਮ ਦਿੱਤਾ। ਉਨ੍ਹਾਂ ਦੱਸਿਆ ਕਿ ਮ੍ਰਿਤਕਾ ਦੀਆਂ ਦੋ ਬੇਟੀਆਂ ਤੇ ਇਕ ਬੇਟਾ ਸੀ। 33 ਸਾਲਾ ਉਸਦਾ ਬੇਟਾ ਜਸਵੀਰ ਸਿੰਘ ਉਰਫ ਸੀਰਾ 8 ਸਾਲ ਪਹਿਲਾਂ ਮਾਂ ਨਾਲ ਝਗੜਾ ਕਰ ਕੇ ਘਰ ਛੱਡ ਕੇ ਚਲਾ ਗਿਆ ਸੀ। ਵਰਤਮਾਨ ਵਿਚ ਉਹ ਗੁਰਦੁਆਰਾ ਕੋਲ ਸਾਹਿਬ ਨਿਆਂਮੀਵਾਲਾ ਉਰਫ ਬਹਿਬਲ ਕਲਾਂ 'ਚ ਨਿਹੰਗ ਬਣ ਕੇ ਸੇਵਾ ਕਰਨ ਲੱਗਾ ਸੀ।

PunjabKesari

ਪੁਲਸ ਦਾ ਦਾਅਵਾ, ਪਹਿਲਾਂ ਵੀ ਕਰ ਚੁੱਕਾ ਸੀ ਮਾਰਨ ਦੀ ਕੋਸ਼ਿਸ਼
ਪੁਲਸ ਦਾ ਦਾਅਵਾ ਹੈ ਕਿ ਮੁਲਜ਼ਮ ਬੇਟੇ ਨੇ ਆਪਣੀ ਮਾਂ ਨੂੰ ਪਹਿਲਾਂ ਵੀ ਦੋ-ਤਿੰਨ ਵਾਰ ਮਾਰਨ ਦੀ ਕੋਸ਼ਿਸ਼ ਕੀਤੀ ਸੀ ਪਰ ਉਹ ਨਾਕਾਮ ਰਿਹਾ। 16 ਅਗਸਤ ਨੂੰ ਸੋਚੀ-ਸਮਝੀ ਸਾਜ਼ਿਸ਼ ਤਹਿਤ ਵਾਰਦਾਤ ਨੂੰ ਅੰਜਾਮ ਦੇਣ ਬਾਅਦ ਮੁਲਜ਼ਮ ਆਪਣੀ ਮਾਂ ਦਾ ਮੋਬਾਇਲ ਚੋਰੀ ਕਰ ਕੇ ਫਰਾਰ ਹੋ ਗਿਆ ਅਤੇ ਵਾਰਦਾਤ ਦੇ ਅਗਲੇ ਦਿਨ ਵਾਪਸ ਘਰ ਆ ਕੇ ਅਣਜਾਣ ਬਣ ਗਿਆ ਤੇ ਮੁਲਜ਼ਮਾਂ ਦੀ ਤਲਾਸ਼ 'ਚ ਪੁਲਸ ਨਾਲ ਜੁੱਟ ਗਿਆ ਪਰ ਪੁਲਸ ਪੁੱਛਗਿੱਛ 'ਚ ਜਦੋਂ ਪਤਾ ਲੱਗਾ ਕਿ ਮ੍ਰਿਤਕ ਔਰਤ ਦਾ ਬੇਟਾ ਉਸ ਨੂੰ ਮਾਰਨਾ ਚਾਹੁੰਦਾ ਸੀ ਅਤੇ ਪਹਿਲਾਂ ਵੀ ਕੋਸ਼ਿਸ਼ ਕਰ ਚੁੱਕਾ ਹੈ। ਪੁਲਸ ਨੇ ਉਸ ਨੂੰ ਗ੍ਰਿਫਤਾਰ ਕਰ ਕੇ ਪੁੱਛਗਿੱਛ ਕੀਤੀ ਤਾਂ ਉਸਨੇ ਆਪਣਾ ਜੁਰਮ ਕਬੂਲ ਕਰ ਲਿਆ। ਉਥੇ ਹੀ ਪੁਲਸ ਨੇ ਇਸ ਮਾਮਲੇ ਵਿਚ ਉਸਦੇ ਤਿੰਨ ਸਾਥੀਆਂ ਨੂੰ ਵੀ ਨਾਮਜ਼ਦ ਕਰ ਕੇ ਚਾਰਾਂ 'ਤੇ ਕਤਲ ਦਾ ਮਾਮਲਾ ਦਰਜ ਕੀਤਾ ਹੈ। ਪੁਲਸ ਦਾ ਦਾਅਵਾ ਹੈ ਕਿ ਇਸ ਕਤਲਕਾਂਡ ਵਿਚ ਸ਼ਾਮਲ ਤਿੰਨ ਮੁਲਜ਼ਮਾਂ ਦੀ ਗ੍ਰਿਫਤਾਰੀ ਹੋ ਚੁੱਕੀ ਹੈ, ਜਦਕਿ ਇਕ ਬਾਕੀ ਹੈ, ਜਿਸ ਨੂੰ ਜਲਦ ਕਾਬੂ ਕਰ ਲਿਆ ਜਾਵੇਗਾ।

PunjabKesari

ਜਗਤਾਰ 'ਤੇ 2001'ਚ ਦਰਜ ਹੋਇਆ ਸੀ ਕਤਲ ਦਾ ਮਾਮਲਾ
ਪ੍ਰੈੱਸ ਕਾਨਫਰੰਸ ਕਰਦਿਆਂ ਐੱਸ. ਐੱਸ. ਪੀ., ਡੀ. ਐੱਸ. ਪੀ. ਕੁਲਦੀਪ ਸਿੰਘ, ਸੀ. ਆਈ. ਏ. ਵਨ ਇੰਚਾਰਜ ਇੰਸਪੈਕਟਰ ਅਮ੍ਰਿਤਪਾਲ ਸਿੰਘ ਭਾਟੀ ਤੇ ਥਾਣਾ ਸੰਗਤ ਇੰਚਾਰਜ ਇੰਸਪੈਕਟਰ ਹਰਬੰਸ ਸਿੰਘ ਨੇ ਦੱਸਿਆ ਕਿ ਬੀਤੀ 16-17 ਅਗਸਤ ਦੀ ਰਾਤ ਨੂੰ ਸੁਖਪਾਲ ਕੌਰ ਪਤਨੀ ਸਵ. ਬਲਕਰਨ ਸਿੰਘ ਵਾਸੀ ਕੋਟਗੁਰੂ ਦੀ ਅਣਪਛਾਤੇ ਲੋਕਾਂ ਨੇ ਗਲਾ ਘੁਟਣ ਤੋਂ ਬਾਅਦ ਸਿਰ 'ਤੇ ਘੋਟਣਾ ਮਾਰ ਕੇ ਉਸਦਾ ਕਤਲ ਕਰ ਦਿੱਤਾ ਸੀ। ਕਤਲ ਦਾ ਪਤਾ 17 ਅਗਸਤ ਸਵੇਰੇ ਉਦੋਂ ਲੱਗਾ, ਜਦੋਂ ਕੁਝ ਲੋਕ ਮ੍ਰਿਤਕ ਔਰਤ ਦੀ ਜ਼ਮੀਨ ਠੇਕੇ 'ਤੇ ਲੈਣ ਲਈ ਉਸਦੇ ਘਰ ਆਏ ਅਤੇ ਦੇਖਿਆ ਕਿ ਔਰਤ ਦੀ ਲਾਸ਼ ਮੰਜੇ 'ਤੇ ਪਈ ਹੈ, ਜਿਸ ਦੀ ਸੂਚਨਾ ਤੁਰੰਤ ਪਿੰਡ ਵਾਸੀਆਂ ਵੱਲੋਂ ਪੁਲਸ ਨੂੰ ਦਿੱਤੀ ਗਈ, ਜਿਸ ਤੋਂ ਬਾਅਦ ਪੁਲਸ ਨੇ ਘਟਨਾ ਸਥਾਨ ਦਾ ਜਾਇਜ਼ਾ ਲੈਣ ਤੋਂ ਬਾਅਦ ਮਾਮਲੇ ਨੂੰ ਟ੍ਰੇਸ ਕਰਨ ਲਈ ਵੱਖ-ਵੱਖ ਟੀਮਾਂ ਦਾ ਗਠਨ ਕੀਤਾ, ਜਦਕਿ ਮ੍ਰਿਤਕਾ ਦੀ ਵੱਡੀ ਲੜਕੀ ਗੁਰਪ੍ਰੀਤ ਕੌਰ ਦੇ ਬਿਆਨਾਂ 'ਤੇ ਅਣਪਛਾਤੇ ਵਿਅਕਤੀਆਂ 'ਤੇ ਕੇਸ ਦਰਜ ਕੀਤਾ ਗਿਆ ਸੀ। ਇਸ ਦੌਰਾਨ ਪੁਲਸ ਨੂੰ ਪਤਾ ਲੱਗਾ ਕਿ ਉਸਦਾ ਬੇਟਾ ਜਸਵੀਰ ਸਿੰਘ ਆਪਣੀ ਮਾਂ ਦੇ ਚਰਿੱਤਰ 'ਤੇ ਸ਼ੱਕ ਕਰਦਾ ਸੀ। ਇਸੇ ਵਜ੍ਹਾ ਨਾਲ ਉਸਨੇ ਆਪਣੀ ਮਾਂ ਨਾਲ ਲੜਾਈ-ਝਗੜਾ ਕਰ ਕੇ ਘਰ ਛੱਡਿਆ ਸੀ। ਪੁਲਸ ਨੇ ਜਦੋਂ ਇਸ ਪਹਿਲੂ 'ਤੇ ਮੁਲਜ਼ਮ ਸੀਰਾ ਨੂੰ ਹਿਰਾਸਤ 'ਚ ਲੈ ਕੇ ਪੁੱਛਗਿੱਛ ਕੀਤੀ ਤਾਂ ਉਸਨੇ ਆਪਣਾ ਜੁਰਮ ਕਬੂਲ ਕਰ ਲਿਆ ਅਤੇ ਦੱਸਿਆ ਕਿ ਉਸ ਨੂੰ ਸ਼ੱਕ ਸੀ ਕਿ ਉਸਦੀ ਮਾਂ ਦੇ ਕਿਸੇ ਅਣਪਛਾਤੇ ਵਿਅਕਤੀ ਨਾਲ ਨਾਜਾਇਜ਼ ਸਬੰਧ ਸੀ। ਇਸ ਸ਼ੱਕ ਕਾਰਣ ਉਸਨੇ ਆਪਣੇ ਦੋਸਤ ਜਗਤਾਰ ਸਿੰਘ ਵਾਸੀ ਡੋਡ ਜ਼ਿਲਾ ਫਰੀਦਕੋਟ, ਮੰਗਤ ਸਿੰਘ ਉਰਫ ਮੰਗਾ ਵਾਸੀ ਪਿੰਡ ਡੋਡ ਫਰੀਦਕੋਟ ਤੇ ਜੋਗਿੰਦਰ ਸਿੰਘ ਸ਼ਹੀਦ ਵਾਸੀ ਡੋਡ ਫਰੀਦਕੋਟ ਨਾਲ ਮਿਲ ਕੇ ਆਪਣੀ ਮਾਂ ਨੂੰ ਮਾਰਨ ਦੀ ਸਾਜ਼ਿਸ਼ ਰਚੀ ਸੀ। ਪੁਲਸ ਨੇ ਦੱਸਿਆ ਕਿ ਮੁਲਜ਼ਮ ਜਸਵੀਰ ਸਿੰਘ, ਉਸਦੇ ਦੋਸਤ ਜਗਤਾਰ ਸਿੰਘ, ਮੰਗਤ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ, ਜਦਕਿ ਉਸਦੇ ਤੀਜੇ ਦੋਸਤ ਜੋਗਿੰਦਰ ਸਿੰਘ ਦੀ ਗ੍ਰਿਫਤਾਰੀ ਹੋਣੀ ਬਾਕੀ ਹੈ। ਐੱਸ. ਐੱਸ. ਪੀ. ਨੇ ਦੱਸਿਆ ਕਿ ਮੁਲਜ਼ਮ ਜਗਤਾਰ ਸਿੰਘ 'ਤੇ ਸਾਲ 2001 'ਚ ਫਰੀਦਕੋਟ 'ਚ ਸਾਦਿਕ 'ਚ ਕਤਲ ਦਾ ਮਾਮਲਾ ਦਰਜ ਹੋਇਆ ਸੀ, ਜਿਸ ਵਿਚ ਉਸ ਨੂੰ ਉਮਰ ਕੈਦ ਦੀ ਸਜ਼ਾ ਹੋਈ ਸੀ, ਜੋ ਇਸ ਵੇਲੇ ਜ਼ਮਾਨਤ 'ਤੇ ਬਾਹਰ ਆਇਆ ਸੀ। ਉਸਦੀ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।

 

 

 


author

cherry

Content Editor

Related News