ਵਿਆਹ 'ਚ ਪਿਆ ਭੜਥੂ, ਫੇਰਿਆਂ ਤੋਂ ਪਹਿਲਾਂ ਲਾੜਾ ਪੁੱਜਾ ਥਾਣੇ

Thursday, Dec 12, 2019 - 12:47 PM (IST)

ਵਿਆਹ 'ਚ ਪਿਆ ਭੜਥੂ, ਫੇਰਿਆਂ ਤੋਂ ਪਹਿਲਾਂ ਲਾੜਾ ਪੁੱਜਾ ਥਾਣੇ

ਬਠਿੰਡਾ (ਸੁਖਵਿੰਦਰ) : ਬਠਿੰਡਾ ਦੇ ਇਕ ਹੋਟਲ 'ਚ ਆਯੋਜਿਤ ਇਕ ਵਿਆਹ ਸਮਾਗਮ ਦੌਰਾਨ ਫੇਰਿਆਂ ਤੋਂ ਪਹਿਲਾਂ ਹੀ ਲਾੜਾ ਥਾਣੇ ਪਹੁੰਚ ਗਿਆ। ਉਕਤ ਨੌਜਵਾਨ ਦੀ ਕਥਿਤ ਪ੍ਰੇਮਿਕਾ ਨੇ ਵਿਆਹ ਸਮਾਗਮ 'ਚ ਪਹੁੰਚ ਕੇ ਹੰਗਾਮਾ ਕਰ ਦਿੱਤਾ, ਜਿਸ ਕਾਰਨ ਵਿਆਹ ਨੂੰ ਰੋਕਣਾ ਪਿਆ। ਪ੍ਰੇਮਿਕਾ ਨੇ ਦੋਸ਼ ਲਾਏ ਕਿ ਉਕਤ ਵਿਅਕਤੀ ਉਸ ਦੇ ਨਾਲ ਵਿਆਹ ਕਰਵਾ ਚੁੱਕਾ ਹੈ ਅਤੇ ਹੁਣ ਉਹ ਧੋਖਾ ਦੇ ਕੇ ਦੂਜਾ ਵਿਆਹ ਕਰਵਾ ਰਿਹਾ ਹੈ। ਇਸ ਨਾਲ ਵਿਆਹ ਦਾ ਸਾਰਾ ਮਾਹੌਲ ਖਰਾਬ ਹੋ ਗਿਆ ਅਤੇ ਪੁਲਸ ਲਾੜੇ ਨੂੰ ਆਪਣੇ ਨਾਲ ਥਾਣੇ ਲੈ ਗਈ। ਫਿਲਹਾਲ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।

ਜਾਣਕਾਰੀ ਅਨੁਸਾਰ ਉਕਤ ਨੌਜਵਾਨ ਗੁਰਮੀਤ ਸਿੰਘ (ਕਾਲਪਨਿਕ ਨਾਂ) ਦਾ ਵਿਆਹ ਇਕ ਸਥਾਨਕ ਹੋਟਲ 'ਚ ਹੋ ਰਿਹਾ ਸੀ। ਇਸ ਦੌਰਾਨ ਇਕ ਲੜਕੀ ਨੇ ਪੁਲਸ ਨੂੰ ਇਸ ਦੀ ਸ਼ਿਕਾਇਤ ਕਰ ਦਿੱਤੀ ਅਤੇ ਪੁਲਸ ਲੈ ਕੇ ਮੌਕੇ 'ਤੇ ਪਹੁੰਚ ਗਈ। ਉਕਤ ਲੜਕੀ ਨੇ ਪੁਲਸ ਨੂੰ ਦੱਸਿਆ ਕਿ ਉਹ ਗੁਰਮੀਤ ਦੇ ਗੁਆਂਢ ਚੰਡੀਗੜ੍ਹ 'ਚ ਰਹਿੰਦੀ ਸੀ ਅਤੇ ਇਸ ਦੌਰਾਨ ਦੋਵਾਂ 'ਚ ਪਿਆਰ ਹੋ ਗਿਆ। ਬਾਅਦ 'ਚ ਉਸ ਨੇ ਉਸ ਦੇ ਨਾਲ ਸਬੰਧ ਬਣਾਏ ਅਤੇ ਦਬਾਅ ਪਾਉਣ 'ਤੇ ਗੁਰਮੀਤ ਨੇ ਅੰਮ੍ਰਿਤਸਰ 'ਚ ਉਸਦੇ ਨਾਲ ਵਿਆਹ ਕਰ ਲਿਆ। ਫਿਰ ਦੋਵੇਂ ਇਕੱਠੇ ਰਹਿਣ ਲੱਗੇ। ਲੜਕੀ ਨੇ ਦੋਸ਼ ਲਾਇਆ ਕਿ ਗੁਰਮੀਤ ਉਸ ਨਾਲ ਕੁੱਟ-ਮਾਰ ਕਰਨ ਲੱਗਾ। ਜਦੋਂ ਉਹ ਗਰਭਵਤੀ ਹੋਈ ਤਾਂ ਉਸ ਨੇ ਉਸ ਨੂੰ ਗਰਭਪਾਤ ਕਰਵਾਉਣ ਲਈ ਕਿਹਾ। ਉਸ ਨੇ ਦੱਸਿਆ ਕਿ ਹੁਣ ਉਸ ਨੂੰ ਪਤਾ ਲੱਗਾ ਕਿ ਗੁਰਮੀਤ ਕਿਸੇ ਹੋਰ ਲੜਕੀ ਨਾਲ ਵਿਆਹ ਕਰਵਾ ਰਿਹਾ ਹੈ ਤਾਂ ਉਸ ਨੇ ਮੌਕੇ 'ਤੇ ਪਹੁੰਚ ਕੇ ਉਕਤ ਵਿਆਹ ਨੂੰ ਰੁਕਵਾ ਦਿੱਤਾ। ਬਾਅਦ 'ਚ ਪੁਲਸ ਉਕਤ ਨੌਜਵਾਨ ਨੂੰ ਆਪਣੇ ਨਾਲ ਥਾਣੇ ਲੈ ਗਈ।

ਪੁਲਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਕਤ ਲੜਕੀ ਵੱਲੋਂ ਕਈ ਸੰਗੀਨ ਦੋਸ਼ ਲਾਏ ਗਏ ਹਨ ਪਰ ਲੜਕੀ ਕੋਲ ਦਾ ਨਾ ਕੋਈ ਮੈਰਿਜ ਸਰਟੀਫਿਕੇਟ, ਫੋਟੋ ਜਾਂ ਕੋਈ ਹੋਰ ਸਬੂਤ ਨਹੀਂ ਹੈ। ਪੁਲਸ ਗਹਿਰਾਈ ਨਾਲ ਮਾਮਲੇ ਦੀ ਜਾਂਚ ਕਰ ਰਹੀ ਹੈ, ਜਿਸ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ।


author

cherry

Content Editor

Related News