ਬਠਿੰਡਾ ਥਰਮਲ ਪਲਾਂਟ ਦੀ ਕਿਸਮਤ ਦਾ ਫ਼ੈਸਲਾ ਹੋਏਗਾ 29 ਨੂੰ

Thursday, Jul 25, 2019 - 09:59 AM (IST)

ਬਠਿੰਡਾ ਥਰਮਲ ਪਲਾਂਟ ਦੀ ਕਿਸਮਤ ਦਾ ਫ਼ੈਸਲਾ ਹੋਏਗਾ 29 ਨੂੰ

ਚੰਡੀਗੜ੍ਹ/ਪਟਿਆਲਾ (ਪਰਮੀਤ)—1 ਜਨਵਰੀ 2018 ਨੂੰ ਬੰਦ ਹੋਏ ਬਠਿੰਡਾ ਥਰਮਲ ਪਲਾਂਟ ਦੀ ਕਿਸਮਤ ਦਾ ਫੈਸਲਾ 29 ਜੁਲਾਈ ਨੂੰ ਹੋਣ ਦੀ ਸੰਭਾਵਨਾ ਹੈ। ਇਸ ਦਿਨ ਪਲਾਂਟ ਦੇ ਇਕ ਯੂਨਿਟ ਨੂੰ ਪਰਾਲੀ ਨਾਲ ਚਲਾਉਣ ਜਾਂ ਇਸ ਦੀ ਜ਼ਮੀਨ ਨੂੰ ਵੇਚਣ ਦਾ ਫੈਸਲਾ ਉੱਚ ਤਾਕਤੀ ਕਮੇਟੀ ਵੱਲੋਂ ਲਿਆ ਜਾਵੇਗਾ। ਮੀਟਿੰਗ ਦੀ ਪ੍ਰਧਾਨਗੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕਰਨਗੇ। ਪਹਿਲਾਂ ਇਹ ਮੀਟਿੰਗ 22 ਜੁਲਾਈ ਨੂੰ ਰੱਖੀ ਗਈ ਸੀ। ਹੁਣ 29 ਜੁਲਾਈ ਨੂੰ ਹੋਣ ਦੀ ਸੰਭਾਵਨਾ ਹੈ।

ਸੂਤਰਾਂ ਮੁਤਾਬਕ ਸਰਕਾਰ ਦਾ ਇਕ ਹਿੱਸਾ ਚਾਹੁੰਦਾ ਹੈ ਕਿ ਬਠਿੰਡਾ ਥਰਮਲ ਪਲਾਂਟ ਦੀ ਜ਼ਮੀਨ ਦੀ ਵਪਾਰਕ ਵਰਤੋਂ ਕੀਤੀ ਜਾਵੇ। ਇਥੇ ਕੋਈ ਰਿਹਾਇਸ਼ੀ ਕਾਲੋਨੀ ਜਾਂ ਮਾਲ ਬਣਾ ਕੇ ਚੋਖਾ ਲਾਭ ਲਿਆ ਜਾਵੇ। ਦੂਜੇ ਪਾਸੇ ਪੰਜਾਬ ਰਾਜ ਬਿਜਲੀ ਨਿਗਮ ਲਿਮਟਿਡ (ਪਾਵਰਕਾਮ) ਨੇ ਇਸ ਪਲਾਂਟ ਦੇ ਇਕ ਯੂਨਿਟ ਨੂੰ ਪਰਾਲੀ ਦੇ ਆਧਾਰ 'ਤੇ ਚਲਾਉਣ ਦੀ ਤਜਵੀਜ਼ ਪੰਜਾਬ ਸਰਕਾਰ ਨੂੰ ਭੇਜੀ ਹੋਈ ਹੈ। ਪਲਾਂਟ ਦੇ ਮੁਲਾਜ਼ਮ ਚਾਹੁੰਦੇ ਹਨ ਕਿ ਜ਼ਮੀਨ ਵੇਚਣ ਦੀ ਥਾਂ ਇਸ ਨੂੰ ਚਾਲੂ ਕਰਨ ਵੱਲ ਤਵੱਜੋ ਦਿੱਤੀ ਜਾਵੇ। ਮਾਰਕੀਟ ਬਰੋਕਰਾਂ ਦੀ ਅੱਖ ਹੈ ਕਿ ਕਿਸੇ ਤਰੀਕੇ ਪਲਾਂਟ ਦੀ ਥਾਂ ਵੇਚੀ ਜਾਵੇ। ਬਠਿੰਡਾ ਪਲਾਂਟ ਵਿਚ ਇਸ ਵੇਲੇ 1753 ਏਕੜ ਜ਼ਮੀਨ ਹੈ। ਇਸ ਵਿਚੋਂ ਕੁਝ ਹਿੱਸੇ ਵਿਚ ਕਾਲੋਨੀ ਅਤੇ ਬਾਕੀ ਵਿਚ ਝੀਲਾਂ ਹਨ।

ਜਦੋਂ ਕੁਝ ਸਮਾਂ ਪਹਿਲਾਂ ਪਲਾਂਟ ਬੰਦ ਕਰਨ ਵੇਲੇ ਮੁਲਾਜ਼ਮਾਂ ਦੀ ਨੌਕਰੀ ਦਾ ਰੌਲਾ ਪਿਆ ਸੀ ਤਾਂ ਸਰਕਾਰ ਨੇ ਵਿਹਲੇ ਹੋਣ ਵਾਲੇ ਮੁਲਾਜ਼ਮਾਂ ਨੂੰ ਪੈਸਕੋ ਰਾਹੀਂ ਰੋਜ਼ਗਾਰ ਦੇ ਦਿੱਤਾ ਸੀ। ਸਰਕਾਰ ਦਾ ਰੁਖ ਇਸ ਪਲਾਂਟ ਵਾਸਤੇ ਜਿਥੇ ਪੈਸੇ ਪੱਖੋਂ ਵਿਸ਼ੇਸ਼ ਮਹੱਤਤਾ ਰਖਦਾ ਹੈ, ਉਥੇ ਹੀ ਰਾਜਸੀ ਤੌਰ 'ਤੇ ਵੀ ਇਹ ਮੁੱਦਾ ਆਉਂਦੇ ਸਮੇਂ ਵਿਚ ਗਰਮ ਰਹੇਗਾ। ਹੁਣ ਸਰਕਾਰ ਦੇ ਫੈਸਲੇ ਲਈ ਸਾਰਿਆਂ ਦੀ ਅੱਖ 29 ਜੁਲਾਈ ਦੀ ਮੀਟਿੰਗ 'ਤੇ ਹੈ।


author

Shyna

Content Editor

Related News