ਨਾਸਾ ਦਾ ਟੂਰ ਰੱਦ ਹੋਣ ''ਤੇ ਵੀ ਸਕੂਲ ਪਰਿਵਾਰਾਂ ਨੂੰ ਨਹੀਂ ਮੋੜ ਰਿਹਾ ਪੈਸੇ

09/21/2019 11:24:02 AM

ਬਠਿੰਡਾ (ਵੈੱਬ ਡੈਸਕ) : ਬਠਿੰਡਾ ਦੇ ਇਕ ਪ੍ਰਾਈਵੇਟ ਸਕੂਲ ਵੱਲੋਂ ਨਾਸਾ ਦੇ ਟੂਰ ਲਈ 85 ਬੱਚਿਆਂ ਕੋਲੋਂ ਡੇਢ-ਡੇਢ ਲੱਖ ਰੁਪਏ ਲਏ ਗਏ ਸਨ ਪਰ ਟੂਰ ਰੱਦ ਹੋਣ ਦੇ ਬਾਵਜੂਦ ਸਕੂਲ ਵੱਲੋਂ ਪੈਸੇ ਵਾਪਸ ਨਹੀਂ ਕੀਤੇ ਜਾ ਰਹੇ, ਜਿਸ ਨੂੰ ਦੇਖਦੇ ਹੋਏ ਬੱਚਿਆਂ ਦੇ ਮਾਪਿਆਂ ਵਿਚ ਸਕੂਲ ਪ੍ਰਤੀ ਰੋਸ ਵਧਦਾ ਜਾ ਰਿਹਾ ਹੈ ਅਤੇ ਇਹ ਮਾਮਲਾ ਹੁਣ ਬਠਿੰਡਾ ਦੇ ਡਿਪਟੀ ਕਮਿਸ਼ਨਰ ਬੀ ਸ੍ਰੀਨਿਵਾਸਨ ਦੇ ਦਫਤਰ ਪਹੁੰਚ ਗਿਆ ਹੈ।

ਸ਼ੁੱਕਰਵਾਰ ਨੂੰ ਡੀ. ਸੀ. ਦਫਤਰ ਪਹੁੰਚੇ ਪਰਿਵਾਰਾਂ ਨੇ ਡੀ. ਸੀ. ਨਾਲ ਮੁਲਾਕਾਤ ਕਰਕੇ ਸਕੂਲ ਵਿਰੁੱਧ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਇਨ੍ਹਾਂ ਪਰਿਵਾਰਾਂ ਦਾ ਕਹਿਣਾ ਹੈ ਕਿ ਸਕੂਲ ਨੇ ਦਸੰਬਰ 2018 ਵਿਚ ਐਲਾਨ ਕੀਤਾ ਸੀ ਕਿ 9ਵੀਂ ਤੋਂ 12ਵੀਂ ਕਲਾਸ ਦੇ ਵਿਦਿਆਰਥੀਆਂ ਲਈ ਨਾਸਾ ਦਾ ਟੂਰ ਆਯੋਜਿਤ ਕੀਤਾ ਜਾਵੇਗਾ, ਜਿਸ ਲਈ ਹਰੇਕ ਬੱਚੇ ਲਈ 1.50 ਲੱਖ ਰੁਪਏ ਫੀਸ ਤੈਅ ਕੀਤੀ ਗਈ। ਨਾਸਾ ਟੂਰ ਲਈ 85 ਵਿਦਿਆਰਥੀ ਚੁਣੇ ਗਏ, ਯਾਨੀ ਕੁੱਲ ਮਿਲਾ ਕੇ ਸਕੂਲ ਨੂੰ 1 ਕਰੋੜ 28 ਲੱਖ ਰੁਪਏ ਮਿਲੇ ਸਨ ਪਰ ਜੂਨ 2019 ਵਿਚ ਯੂ. ਐੱਸ. ਦੇ ਦੂਤਾਵਾਸ ਨੇ ਵਿਦਿਆਰਥੀਆਂ ਨੂੰ ਵੀਜ਼ਾ ਦੇਣ ਤੋਂ ਇਨਕਾਰ ਕਰ ਦਿੱਤਾ ਅਤੇ ਸਕੂਲ ਨੇ ਇਹ ਟੂਰ ਰੱਦ ਕਰ ਦਿੱਤਾ, ਜਦੋਂ ਕਿ ਸਕੂਲ ਨੇ ਪੈਸੇ ਹੁਣ ਤਕ ਰਿਫੰਡ ਨਹੀਂ ਕੀਤੇ। ਡਿਪਟੀ ਕਮਿਸ਼ਨਰ ਸ੍ਰੀਨਿਵਾਸਨ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਲਿਖਤੀ ਸ਼ਿਕਾਇਤ ਮਿਲੀ ਹੈ। ਉਹ ਇਸ ਮਾਮਲੇ ਦੀ ਪੜਤਾਲ ਕਰਵਾ ਰਹੇ ਹਨ ਅਤੇ ਬਣਦੀ ਕਾਰਵਾਈ ਕੀਤੀ ਜਾਵੇਗੀ।


cherry

Content Editor

Related News