ਸਿਰਫ 15 ਮਿੰਟ ਪਏ ਮੀਂਹ ਨਾਲ ਇਕ ਵਾਰ ਫਿਰ ਡੁੱਬਿਆ ਬਠਿੰਡਾ
Monday, Aug 05, 2019 - 05:19 PM (IST)

ਬਠਿੰਡਾ (ਅਮਿਤ ਸ਼ਰਮਾ) : ਬਠਿੰਡਾ ਸ਼ਹਿਰ ਵਿਚ ਸਿਵਲ ਲਾਈਨ ਇਲਾਕੇ ਵਿਚ ਪਏ 15 ਮਿੰਟ ਦੇ ਮੀਂਹ ਨੇ ਇਕ ਵਾਰ ਫਿਰ ਨਗਰ ਨਿਗਮ ਦੀ ਪੋਲ ਖੋਲ ਕੇ ਰੱਖ ਦਿੱਤੀ ਹੈ। ਕਿਉਂਕਿ ਇਸ 15 ਮਿੰਟ ਦੇ ਮੀਂਹ ਨਾਲ ਸੜਕਾਂ 'ਤੇ ਪਾਣੀ ਭਰ ਗਿਆ ਹੈ ਅਤੇ ਉਥੋਂ ਲੰਘਣ ਵਾਲੇ ਲੋਕਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਡੀ.ਸੀ. ਦਫਤਰ ਦੇ ਪਿਛੇ ਐਸ.ਐਸ.ਪੀ. ਦੀ ਰਿਹਾਇਸ਼ ਦੇ ਬਾਹਰ ਅਤੇ ਕਚਹਿਰੀ ਚੌਕ ਦੋਵਾਂ ਪਾਸੇ ਪਾਣੀ ਭਰਨ ਨਾਲ ਰਾਹਗੀਰਾਂ ਨੂੰ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ।
ਇਸ 15 ਮਿੰਟ ਦੇ ਮੀਂਹ ਅੱਗੇ ਨਗਰ ਨਿਗਮ ਅਤੇ ਪ੍ਰਸ਼ਾਸਨ ਦੇ ਸਾਰੇ ਪ੍ਰਬੰਧ ਫੇਲ ਹੋ ਚੁੱਕੇ ਹਨ। ਬਠਿੰਡਾ ਵਿਚ ਮੀਂਹ ਦੇ ਪਾਣੀ ਤੋਂ ਨਿਜਾਤ ਦਿਵਾਉਣ ਲਈ ਅਜੇ ਤੱਕ ਕੋਈ ਪੱਕਾ ਪ੍ਰਬੰਧ ਨਹੀਂ ਕੀਤਾ ਜਾ ਸਕਿਆ ਹੈ। ਲੋਕਾਂ ਨੇ ਮੰਗ ਕੀਤੀ ਹੈ ਕਿ ਪ੍ਰਸ਼ਾਸਨ ਨੂੰ ਜਲਦੀ ਤੋਂ ਜਲਦੀ ਇਸ ਸਮੱਸਿਆ ਦਾ ਹੱਲ ਕਰਨਾ ਚਾਹੀਦਾ ਹੈ।
ਕੀ ਕਹਿਣੈ ਮੌਸਮ ਮਾਹਰ ਦਾ
ਮੌਸਮ ਵਿਭਾਗ ਵੱਲੋਂ ਜਾਰੀ ਕੀਤੀ ਗਈ ਰਿਪੋਰਟ ਅਨੁਸਾਰ 6 ਅਤੇ 7 ਅਗਸਤ ਨੂੰ ਬਠਿੰਡਾ 'ਚ ਦਰਮਿਆਨੀ ਤੋਂ ਭਾਰੀ ਬਾਰਿਸ਼ ਹੋ ਸਕਦੀ ਹੈ। ਇਸ ਦੌਰਾਨ ਤਾਪਮਾਨ 'ਚ ਵੀ ਗਿਰਾਵਟ ਦਰਜ ਹੋਵੇਗੀ। ਬਾਰਿਸ਼ ਤੋਂ ਬਾਅਦ ਲੋਕਾਂ ਨੂੰ ਹੁੰਮਸ ਭਰੀ ਗਰਮੀ ਤੋਂ ਕੁਝ ਰਾਹਤ ਮਿਲ ਸਕਦੀ ਹੈ।