ਬਠਿੰਡਾ ਪੁਲਸ ਨੇ 2 ਗੈਂਗਸਟਰ ਗਰੁੱਪਾਂ ਦੇ 6 ਮੈਂਬਰ ਕੀਤੇ ਗ੍ਰਿਫਤਾਰ
Monday, Oct 26, 2020 - 06:45 PM (IST)
ਬਠਿੰਡਾ,(ਸੁਖਵਿੰਦਰ)- ਬਠਿੰਡਾ ਪੁਲਸ ਨੇ 2 ਗੈਂਗਸਟਰ ਗਰੁੱਪਾਂ ਦਾ ਪਰਦਾਫਾਸ਼ ਕਰ ਕੇ ਦੋਵੇਂ ਗਿਰੋਹਾਂ ਦੇ 6 ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਹੈ, ਜਿਨ੍ਹਾਂ 'ਚੋਂ ਇਕ ਗਿਰੋਹ ਜੋਰਡਨ ਗਰੁੱਪ ਰਾਜਸਥਾਨ ਦਾ ਮੁੱਖ ਸਰਗਨਾ ਹੈ। ਪੁਲਸ ਵੱਲੋਂ ਉਕਤ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਕੇ ਉਨ੍ਹਾਂ ਕੋਲੋਂ 9 ਪਿਸਤੌਲ, ਕਾਰਤੂਸ ਅਤੇ 2 ਕਾਰਾਂ ਬਰਾਮਦ ਕੀਤੀਆਂ ਗਈਆਂ ਹਨ। ਪ੍ਰੈੱਸ ਕਾਨਫਰੰਸ ਦੌਰਾਨ ਜਾਣਕਾਰੀ ਦਿੰਦਿਆਂ ਆਈ. ਜੀ. ਜਸਕਰਨ ਸਿੰਘ ਨੇ ਦੱਸਿਆ ਕਿ ਪੁਲਸ ਵੱਲੋਂ ਤਿਓਹਾਰਾਂ ਨੂੰ ਮੁੱਖ ਰੱਖਦਿਆਂ ਦਿਨ-ਰਾਤ ਗਸ਼ਤ ਕੀਤੀ ਜਾ ਰਹੀ ਹੈ। ਬੀਤੇ ਦਿਨੀਂ ਸਪੈਸ਼ਲ ਟਾਸਕ ਦੇ ਰਾਜਵਿੰਦਰ ਸਿੰਘ ਦੀ ਅਗਵਾਈ ਹੇਠ ਪੁਲਸ ਪਾਰਟੀ ਵੱਲੋਂ ਮਲੋਟ ਰੋਡ 'ਤੇ ਨਾਕਾਬੰਦੀ ਕੀਤੀ ਗਈ ਸੀ।
ਇਸ ਦੌਰਾਨ ਪੁਲਸ ਨੂੰ ਸੂਚਨਾ ਮਿਲੀ ਸੀ ਕਿ ਕੁਝ ਵਿਅਕਤੀਆਂ ਵੱਲੋਂ ਗਿਰੋਹ ਬਣਾਇਆ ਹੋਇਆ ਹੈ ਅਤੇ ਬਿਨਾਂ ਨੰਬਰੀ ਕਾਰ 'ਤੇ ਰਾਜਸਥਾਨ ਤੋਂ ਮਲੋਟ ਵੱਲ ਜਾ ਰਹੇ ਸਨ। ਪੁਲਸ ਵੱਲੋਂ ਸੂਚਨਾ ਦੇ ਆਧਾਰ 'ਤੇ ਕਾਰ ਨੂੰ ਰੋਕਿਆ ਗਿਆ ਤਾਂ 2 ਮੁਲਜ਼ਮ ਮੌਕੇ ਤੋਂ ਫਰਾਰ ਹੋ ਗਏ, ਜਦਕਿ ਪੁਲਸ ਨੇ ਮਨੋਜ ਕੁਮਾਰ ਉਰਫ ਗੱਬਰ ਵਾਸੀ ਗੰਗਾਨਗਰ, ਰਵਿੰਦਰ ਸਿੰਘ ਉਰਫ ਰਵੀ, ਅਕਾਸ਼ ਸਿੰਘ ਵਾਸੀ ਜੋਧਪੁਰ ਰਾਜਸਥਾਨ, ਜਗਦੀਪ ਸਿੰਘ ਉਰਫ ਸੋਨੀ ਜੋਰਡਨ ਗਰੁੱਪ ਰਾਜਸਥਾਨ ਨੂੰ ਗ੍ਰਿਫਤਾਰ ਕਰ ਲਿਆ। ਪੁਲਸ ਨੇ ਉਨ੍ਹਾਂ ਕੋਲੋਂ 8 ਪਿਸਤੌਲ ਦੇਸੀ ਅਤੇ 32 ਬੋਰ, ਕਾਰਤੂਸ, ਅਲਟੋ ਕਾਰ ਬਰਾਮਦ ਕੀਤੀ ਹੈ। ਅਧਿਕਾਰੀਆਂ ਨੇ ਦੱਸਿਆ ਕਿ ਮਨੋਜ ਕੁਮਾਰ ਬੀ ਕੈਟਾਗਿਰੀ ਦਾ ਗੈਂਗਸਟਰ ਹੈ ਅਤੇ ਜੋਰਡਨ ਗਰੁੱਪ ਦਾ ਮੁਖੀ ਹੈ, ਜੋਂ ਆਪਣੇ ਗੈਂਗ ਲਈ ਪੈਸੇ ਅਤੇ ਹਥਿਆਰਾਂ ਦਾ ਪ੍ਰਬੰਧ ਕਰਦਾ ਸੀ। ਪੁਲਸ ਨੇ ਉਕਤ ਮੁਲਜ਼ਮਾਂ ਖਿਲਾਫ ਥਾਣਾ ਥਰਮਲ ਵਿਖੇ ਮਾਮਲਾ ਦਰਜ ਕਰ ਕੇ ਉਨ੍ਹਾਂ ਨੂੰ ਅਦਾਲਤ 'ਚ ਪੇਸ਼ ਕੀਤਾ, ਜਿੱਥੇ ਉਨ੍ਹਾਂ ਦਾ 3 ਦਿਨ ਦਾ ਰਿਮਾਂਡ ਹਾਸਲ ਕੀਤਾ ਹੈ।
ਇਕ ਹੋਰ ਮਾਮਲੇ 'ਚ ਸੀ. ਆਈ. ਏ.-1 ਦੇ ਇੰਚਾਰਜ ਅੰਮ੍ਰਿਤਪਾਲ ਸਿੰਘ ਭਾਟੀ ਵੱਲੋਂ ਭੁੱਚੋਂ ਖੁਰਦ ਨਜ਼ਦੀਕ ਰੇਲਵੇ ਫਾਟਕ 'ਤੇ ਨਾਕਾਬੰਦੀ ਕੀਤੀ ਗਈ ਸੀ। ਇਸ ਦੌਰਾਨ ਪੁਲਸ ਨੇ ਮੋਟਰਸਾਈਕਲ ਸਵਾਰ ਰਾਜਵਿੰਦਰ ਸਿੰਘ ਉਰਫ ਰਾਜੂ ਵਾਸੀ ਕੋਟਮੁਹੰਮਦ ਖਾਂ ਜ਼ਿਲਾ ਮੋਗਾ ਹਾਲ ਆਬਾਦ ਬਠਿੰਡਾ ਅਤੇ ਨਿਸ਼ਾਨ ਸਿੰਘ ਵਾਸੀ ਭਲੂਰ ਸਮਾਲਸਰ ਨੂੰ ਰੋਕਿਆ ਗਿਆ। ਤਲਾਸ਼ੀ ਦੌਰਾਨ ਪੁਲਸ ਨੇ ਮੁਲਜ਼ਮਾਂ ਕੋਲੋਂ ਦੇਸੀ ਪਿਸਤੌਲ 32 ਬੋਰ 5 ਕਾਰਤੂਸ ਅਤੇ ਨਿਸ਼ਾਨ ਸਿੰਘ ਕੋਲੋਂ 10 ਕਾਰਤੁਸ ਬਰਾਮਦ ਕਰ ਕੇ ਉਨ੍ਹਾਂ ਨੂੰ ਗ੍ਰਿਫਤਾਰ ਕੀਤਾ ਹੈ। ਪੁਲਸ ਨੇ ਉਕਤ ਮੁਲਜ਼ਮਾਂ ਖਿਲਾਫ ਥਾਣਾ ਕੈਂਟ ਵਿਖੇ ਮਾਮਲਾ ਦਰਜ ਕਰ ਕੇ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ ਅਤੇ ਹੋਰ ਵੀ ਅਹਿਮ ਖੁਲਾਸੇ ਹੋਣ ਦੀ ਉਮੀਦ ਹੈ।